ਇਜ਼ਰਾਈਲ ਵੱਲੋਂ ਬੇਰੂਤ ’ਤੇ ਹਮਲਾ, 9 ਮੌਤਾਂ
ਬੇਰੂਤ, 3 ਅਕਤੂਬਰ
ਇਜ਼ਰਾਈਲ ਨੇ ਬੁੱਧਵਾਰ ਦੇਰ ਰਾਤ ਮੱਧ ਬੇਰੂਤ ਦੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ, ਜਿਸ ਨਾਲ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਅਕਤੀਆਂ ਨੂੰ ਹਿਜ਼ਬੁੱਲਾ ਦਾ ਮੈਂਬਰ ਦੱਸਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਇਜ਼ਰਾਈਲ ਨੇ ਰਾਜਧਾਨੀ ਬੇਰੂਤ ਦੇ ਇਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਲਿਬਨਾਨ ’ਚ ਹਿਜ਼ਬੁੱਲਾ ਦੇ 200 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਹਮਲਿਆਂ ’ਚ 15 ਹਿਜ਼ਬੁੱਲਾ ਲੜਾਕੇ ਮਾਰੇ ਗਏ ਹਨ। ਫ਼ੌਜ ਨੇ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਬਫ਼ਰ ਜ਼ੋਨ ਦੇ ਉੱਤਰ ’ਚ ਸਥਿਤ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਬੁੱਧਵਾਰ ਦੇਰ ਰਾਤ ਇਮਾਰਤ ’ਤੇ ਹੋਏ ਹਮਲੇ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਸੀ। ਇਹ ਇਮਾਰਤ ਸੰਯੁਕਤ ਰਾਸ਼ਟਰ ਹੈੱਡਕੁਆਰਟਰ, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੰਸਦ ਤੋਂ ਜ਼ਿਆਦਾ ਦੂਰ ਨਹੀਂ ਹੈ। ਉਧਰ ਹਿਜ਼ਬੁੱਲਾ ਦੀ ਸਿਵਲ ਡਿਫੈਂਸ ਯੂਨਿਟ ਨੇ ਕਿਹਾ ਕਿ ਉਸ ਦੇ ਨੌਂ ਮੈਂਬਰ ਮਾਰੇ ਗਏ ਹਨ। ਇਹ ਹਮਲਾ ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਨਾਲ ਝੜਪ ’ਚ ਅੱਠ ਇਜ਼ਰਾਇਲੀ ਫ਼ੌਜੀਆਂ ਦੇ ਮਾਰੇ ਜਾਣ ਮਗਰੋਂ ਹੋਇਆ ਹੈ। ਬੇਰੂਤ ’ਚ ਹਮਲੇ ਮਗਰੋਂ ਲੋਕਾਂ ਨੇ ਸਲਫਰ ਜਿਹੀ ਬਦਬੂ ਦੀ ਸ਼ਿਕਾਇਤ ਕੀਤੀ ਜਦਕਿ ਲਿਬਨਾਨ ਦੀ ਸਰਕਾਰੀ ਖ਼ਬਰ ਏਜੰਸੀ ਨੇ ਬਿਨਾਂ ਕੋਈ ਸਬੂਤ ਦਿੱਤੇ ਇਜ਼ਰਾਈਲ ’ਤੇ ਫਾਸਫੋਰਸ ਬੰਬ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ। -ਏਪੀ