ਨੌਜਵਾਨਾਂ ਵੱਲੋਂ ਫੈਕਟਰੀ ’ਚ ਦਾਖਲ ਹੋ ਕੇ ਹਮਲਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਨਵੰਬਰ
ਵਿਸ਼ਵਕਰਮਾ ਚੌਕ ਕੋਲ ਸਥਿਤ ਕਲਸੀਆਂ ਗਲੀ ’ਚ ਮਾਮੂਲੀ ਬਹਿਸ ਮਗਰੋਂ ਵੀਰਵਾਰ ਦੀ ਦੇਰ ਸ਼ਾਮ ਨੂੰ ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ 2 ਨੌਜਵਾਨਾਂ ਨੂੰ ਜ਼ਖਮੀ ਕਰ ਦਿੱਤਾ ਤੇ ਸਾਮਾਨ ਤੋੜ ਕੇ ਫੇਕਟਰੀ ’ਚ ਬੈਠੀਆਂ ਲੜਕੀਆਂ ਨਾਲ ਬੁਰਾ ਵਿਵਹਾਰ ਕੀਤਾ। ਜੇ.ਐਸ ਆਟੋ ਇੰਡਸਟਰੀ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਦੁਪਹਿਰ ਨੂੰ ਫੈਕਟਰੀ ਕੋਲ ਲੱਗਿਆ ਟ੍ਰਾਂਸਫਾਰਮਰ ਖਰਾਬ ਹੋ ਗਿਆ ਸੀ। ਚਾਰ ਫੈਕਟਰੀ ਮਾਲਕਾਂ ਨੇ ਮਿਲ ਕੇ ਪੈਸੇ ਦੇਣ ਦੀ ਗੱਲ ਤੈਅ ਕਰ ਲਈ। ਇਸ ਦੌਰਾਨ ਗੁਆਂਢੀ ਫੈਕਟਰੀ ਵਾਲਿਆਂ ਨਾਲ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋ ਗਈ। ਉਸ ਤੋਂ ਬਾਅਦ ਗੁਆਂਢੀ ਫੈਕਟਰੀ ਵਾਲਿਆਂ ਦਾ ਲੜਕਾ ਆਪਣੇ ਕੁਝ ਸਾਥੀਆਂ ਨਾਲ ਫੈਕਟਰੀ ’ਚ ਹਥਿਆਰ ਲੈ ਕੇ ਦਾਖਲ ਹੋ ਗਿਆ ਤੇ ਆਉਂਦੇ ਹੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਰਿਸੈਪਸ਼ਨ ’ਤੇ 2 ਲੜਕੀਆਂ ਬੈਠੀਆਂ ਸਨ ਅਤੇ ਉਨ੍ਹਾਂ ਨਾਲ ਖਿੱਚੋਤਾਣ ਕੀਤੀ ਗਈ। ਗੁਰਪ੍ਰੀਤ ਦੇ ਪਿਤਾ ’ਤੇ ਹਮਲਾ ਕਰਨ ਦੇ ਨਾਲ ਨਾਲ ਫੈਕਟਰੀ ਕਰਮੀ ਵਿੱਕੀ ਤੇ ਵਿਜੈ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਜੈ ਦੀ ਬਾਂਹ ’ਤੇ ਸੱਟ ਲੱਗੀ ਹੈ, ਜਦੋਂ ਕਿ ਵਿੱਕੀ ਦੇ ਹੱਥ ’ਤੇ ਕਰੀਬ 7 ਟਾਂਕੇ ਲੱਗੇ ਹਨ। ਗੁਰਪ੍ਰੀਤ ਨੇ ਦੱਸਿਆ ਕਿ ਹਮਲਾਵਰਾਂ ਨੇ ਫੈਕਟਰੀ ’ਚ ਕੱਚ ਦਾ ਸਾਰਾ ਸਾਮਾਨ ਤੋੜ ਦਿੱਤਾ ਤੇ ਅੰਦਰ ਪਿਆ 40 ਹਜ਼ਾਰ ਕੈਸ਼ ਤੇ ਮੋਬਾਈਲ ਫੋਨ ਵੀ ਨਾਲ ਲੈ ਗਏ। ਗੁਰਪ੍ਰੀਤ ਨੇ ਦੋਸ਼ ਲਾਇਆ ਕਿ ਕੋਈ ਵੀ ਪੁਲੀਸ ਕਰਮੀ ਸ਼ਿਕਾਇਤ ਮਿਲਣ ਤੋਂ ਬਾਅਦ ਵੀ ਮੌਕਾ ਦੇਖਣ ਨਹੀਂ ਪੁੱਜਿਆ। ਗੁਰਪ੍ਰੀਤ ਨੇ ਦੋਸ਼ ਲਾਇਆ ਕਿ ਸਾਰੀ ਸੀਸੀਟੀਵੀ ਫੁਟੇਜ ਵੀ ਪੁਲੀਸ ਨੂੰ ਦਿਖਾ ਦਿੱਤੀ ਗਈ ਹੈ, ਉਸ ਤੋਂ ਬਾਅਦ ਵੀ 24 ਘੰਟੇ ਹੋਣ ਵਾਲੇ ਹਨ, ਪਰ ਕਿਸੇ ’ਤੇ ਕੋਈ ਕਾਰਵਾਈ ਨਹੀਂ ਹੋਈ।