ਆਤਮਾ ਸਕੀਮ: ਖੇਤੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 7 ਜੂਨ
ਖੇਤੀਬਾੜੀ ਵਿਭਾਗ ਵਿੱਚ ਆਤਮਾ ਸਕੀਮ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਿਛਲੇ 2 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਤਨਖ਼ਾਹ ਨਾ ਮਿਲਣ ਕਾਰਨ ਪੀੜਤ ਕਰਮਚਾਰੀਆਂ ਨੇ ਅੱਜ ਕਲਮ ਛੋੜ ਹੜਤਾਲ ਸ਼ੁਰੂ ਕਰ ਕੇ ਸੂਬਾ ਸਰਕਾਰ ਅਤੇ ਉੱਚ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਦੌਰਾਨ ਪੀੜਤ ਕਰਮਚਾਰੀਆਂ ਨੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆਂ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਤੁਰੰਤ ਤਨਖ਼ਾਹਾਂ ਰਿਲੀਜ਼ ਕੀਤੀਆਂ ਜਾਣ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਨੀਤ ਗੁਪਤਾ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਲਗਪਗ 450 ਕਰਮਚਾਰੀ ਕੰਮ ਕਰ ਰਹੇ ਹਨ ਪਰ ਪਿਛਲੇ ਦੋ ਮਹੀਨੇ ਤੋਂ ਉਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਜਿਸ ਕਾਰਨ ਸਟਾਫ਼ ਨੂੰ ਆਰਥਿਕ ਤੰਗੀ ਤੋਂ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਤਨਖ਼ਾਹ ਨਾ ਮਿਲਣ ਉਨ੍ਹਾਂ ਦੇ ਘਰ ਦਾ ਖਰਚਾ, ਬੱਚਿਆਂ ਦੀ ਸਕੂਲ ਫੀਸ, ਮਕਾਨਾਂ ਦਾ ਕਿਰਾਇਆ ਅਤੇ ਬੈਂਕ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨਾ ਔਖਾ ਹੋ ਗਿਆ ਹੈ।
ਇਸ ਮੌਕੇ ਜਗਦੀਪ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਦੀ ਆਪ ਸਰਕਾਰ ਵੱਲੋਂ ਸਮੇਂ ਸਿਰ ਤਨਖ਼ਾਹ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰ ਦੇਣਗੇ ਅਤੇ ਗੁਪਤ ਐਕਸ਼ਨ ਵੀ ਕੀਤੇ ਜਾਣਗੇ। ਇਸ ਮੌਕੇ ਸ਼ਿਖਾ ਸਿੰਗਲਾ, ਸ਼ਵੇਤਾ ਗੌਤਮ, ਕਮਲਦੀਪ ਸਿੰਘ, ਮਨਜੀਤ ਸਿੰਘ, ਜਤਿੰਦਰ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ ਅਤੇ ਸ਼ਵਿੰਦਰ ਕੁਮਾਰ ਹਾਜ਼ਰ ਸਨ।