ਏਟੀਐੱਮ ਮਸ਼ੀਨਾਂ ’ਤੇ ਭੇਸ ਬਦਲ ਕੇ ਠੱਗੀਆਂ ਮਾਰਨ ਵਾਲਾ ਕਾਬੂ
ਪੱਤਰ ਪ੍ਰੇਰਕ
ਜਗਰਾਉਂ, 10 ਜੁਲਾਈ
ਪੁਲੀਸ ਥਾਣਾ ਸ਼ਹਿਰੀ ਨੇ ਐਚ.ਡੀ.ਐਫ.ਸੀ ਬੈਂਕ ਦੇ ਖਾਤਾਧਾਰਕ ਨਾਲ ਸ਼ਾਤਰ ਠੱਗ ਨੇ ਬੈਂਕ ਦਾ ਮੁਲਾਜ਼ਮ ਦੱਸ ਕੇ 99,300 ਰੁਪਏ ਦੀ ਠੱਗੀ ਮਾਰਨ ਦਾ ਪਤਾ ਲੱਗਿਆ ਹੈ। ਮੱਖਣ ਸਿੰਘ ਸਿੱਧੂ ਵਾਸੀ ਪੱਤੀ ਸੰਧੂ (ਅਜੀਤਵਾਲ) ਮੋਗਾ ਹਾਲ ਵਾਸੀ ਕੋਠੇ ਬੱਗੂ ਜਗਰਾਉਂ ਨੇ ਲਿਖਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਹ ਐਚ.ਡੀ.ਐਫ.ਸੀ ਬੈਂਕ ਦੇ ਏਟੀਐਮ ’ਚੋਂ ਪੈਸੇ ਕਢਵਾਉਣ ਲਈ ਗਿਆ ਸੀ। ਤਕਨੀਕੀ ਖਰਾਬੀ ਕਾਰਨ ਏਟੀਐਮ ਵਿੱਚੋਂ ਕੋਈ ਵੀ ਪੈਸਾ ਨਾ ਨਿਕਲਿਆ ਅਤੇ ਕਾਰਡ ਵੀ ਵਿੱਚ ਹੀ ਫਸ ਗਿਆ। ਏ.ਟੀ.ਐਮ ਮਸ਼ੀਨ ਕੈਬਨਿ ’ਚ ਇੱਕ ਹੋਰ ਵਿਅਕਤੀ ਜਿਸ ਨੇ ਫਿਫਟੀ ਲਾ ਕੇ ਪੱਗ ਬੰਨੀ ਹੋਈ ਸੀ, ਸਾਰੇ ਕੰਮ ’ਤੇ ਧਿਆਨ ਰੱਖ ਰਿਹਾ ਸੀ, ਨੇ ਆਪਣਾ ਤੁਆਰੁਫ ਕਰਵਾਉਂਦੇ ਹੋਏ ਦੱਸਿਆ ਕਿ ਉਹ ਬੈਂਕ ਦਾ ਮੁਲਾਜ਼ਮ ਹੀ ਹੈ, ਉਸ ਨੇ ਏਟੀਐਮ ਕਾਰਡ ਕੱਢ ਕੇ ਦੇਣ ਲਈ ਆਖਿਆ ਤੇ ਏਟੀਐਮ ਕੱਢ ਕੇ ਦੇ ਵੀ ਦਿੱਤਾ। ਜਦੋਂ ਸ਼ਿਕਾਇਤਕਰਤਾ ਘਰ ਚਲਾ ਗਿਆ, ਤਾਂ ਫੋਨ ’ਤੇ ਲਗਾਤਾਰ ਮੈਸੇਜ ਆਉਣ ਲੱਗੇ ਕਿ ਖਾਤੇ ਵਿੱਚੋਂ 10/10 ਹਜ਼ਾਰ ਰੁਪਏ ਫਿਰ 5 ਹਜ਼ਾਰ ਰੁਪਏ ਨਿਕਲ ਗਏ। ਇਸੇ ਦੌਰਾਨ ਉਸ ਦੇ ਖਾਤੇ ’ਚੋਂ 74,300 ਰੁਪਏ ਬਾਬੂ ਰਾਮ ਲੱਖੇ ਵਾਲੇ ਸੁਨਿਆਰ ਦੀ ਦੁਕਾਨ ’ਤੇ ਹੋਰ ਸਵੈਪ ਕਰ ਲਏ। ਜਾਂਚ ਤੋਂ ਸਾਹਮਣੇ ਆਇਆ ਕਿ ਠੱਗ ਦਾ ਅਸਲ ਨਾਮ ਪਤਾ ਸੁਮਿਤ ਕੁਮਾਰ ਪੁੱਤਰ ਸੁਰਿੰਦਰ ਮੋਹਣ ਵਾਸੀ ਲੁਧਿਆਣਾ ਹੈ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਉਸ ਕੋਲੋਂ 11 ਗ੍ਰਾਮ ਦੀ ਸੋਨੇ ਦੀ ਚੇਨ ਮਿਲੀ ਹੈ। ਉਸ ਕੋਲੋਂ ਪੁੱਛ-ਗਿੱਛ ਜਾਰੀ ਹੈ।