For the best experience, open
https://m.punjabitribuneonline.com
on your mobile browser.
Advertisement

ਆਤਿਸ਼ੀ ਦੀ ਸਿਹਤ ਵਿਗੜਨ ਲੱਗੀ

08:53 AM Jun 25, 2024 IST
ਆਤਿਸ਼ੀ ਦੀ ਸਿਹਤ ਵਿਗੜਨ ਲੱਗੀ
ਭੁੱਖ ਹੜਤਾਲ ’ਤੇ ਬੈਠੀ ਜਲ ਮੰਤਰੀ ਆਤਿਸ਼ੀ ਦੀ ਸਿਹਤ ਦੀ ਜਾਂਚ ਕਰਦੇ ਹੋਏ ਡਾਕਟਰ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਜੂਨ
ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਦੀ ਅਣਮਿੱਥੇ ਸਮੇਂ ਦੇ ਭੁੱਖ ਹੜਤਾਲ ਦੇ ਚੌਥੇ ਦਿਨ ਅੱਜ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਆਤਿਸ਼ੀ ਨੇ ਉਨ੍ਹਾਂ ਦੀ ਮੰਗ ਮੰਨੀ ਜਾਣ ਤੱਕ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਹਰਿਆਣਾ ਨੂੰ ਪਾਣੀ ਦੀ ਦਿੱਲੀ ਦਾ ਬਣਦਾ ਹਿੱਸਾ ਦੇਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਮੇਰਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਪੱਧਰ ਘਟ ਰਿਹਾ ਹੈ ਅਤੇ ਮੇਰਾ ਭਾਰ ਵੀ ਘੱਟ ਗਿਆ ਹੈ। ਕੀਟੋਨ ਦਾ ਪੱਧਰ ਬਹੁਤ ਵਧ ਗਿਆ ਹੈ ਜੋ ਲੰਮੇ ਸਮੇਂ ਵਿੱਚ ਨੁਕਸਾਨਦੇਹ ਹੋ ਸਕਦਾ ਹੈ। ਮੇਰੇ ਸਰੀਰ ਨੂੰ ਜਿੰਨੀ ਮਰਜ਼ੀ ਤਕਲੀਫ ਹੋਵੇ, ਮੈਂ ਭੁੱਖ ਹੜਕਾਲ ਜਾਰੀ ਰੱਖਾਂਗਾ। ਜਦੋਂ ਤੱਕ ਹਰਿਆਣਾ ਦਿੱਲੀ ਦੇ ਹਿੱਸੇ ਦਾ ਪਾਣੀ ਨਹੀਂ ਛੱਡਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।’’ ਆਮ ਆਦਮੀ ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਤਿਸ਼ੀ ਦਾ ਭਾਰ ਅਤੇ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਘਟ ਰਿਹਾ ਹੈ ਜਿਸ ਨੂੰ ਲੋਕਨਾਇਕ ਜੈ ਪ੍ਰਕਾਸ਼ (ਐਲਐਨਜੇਪੀ) ਹਸਪਤਾਲ ਦੇ ਡਾਕਟਰਾਂ ਨੇ ‘ਚਿੰਤਾਜਨਕ’ ਦੱਸਿਆ ਹੈ।
‘ਆਪ’ ਅਨੁਸਾਰ ‘‘ਜਲ ਮੰਤਰੀ ਆਤਿਸ਼ੀ ਦਾ ਭਾਰ ਵੀ ਅਚਾਨਕ ਘਟ ਰਿਹਾ ਹੈ। 21 ਜੂਨ ਨੂੰ ਭੁੱਖ ਹੜਤਾਲ ’ਤੇ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਭਾਰ 65.8 ਕਿਲੋ ਸੀ, ਜੋ ਭੁੱਖ ਹੜਤਾਲ ਦੇ ਚੌਥੇ ਦਿਨ ਘੱਟ ਕੇ 63.6 ਕਿਲੋਗ੍ਰਾਮ ’ਤੇ ਆ ਗਿਆ ਹੈ। ਸਿਰਫ 4 ਦਿਨਾਂ ’ਚ 2.2 ਕਿਲੋ ਭਾਰ ਘਟ ਗਿਆ ਹੈ। ਪਾਰਟੀ ਨੇ ਕਿਹਾ ਕਿ ਭੁੱਖ ਹੜਤਾਲ ਦੇ ਪਹਿਲੇ ਦਿਨ ਦੇ ਮੁਕਾਬਲੇ ਚੌਥੇ ਦਿਨ ਉਨ੍ਹਾਂ ਦਾ ਸ਼ੂਗਰ ਦਾ ਪੱਧਰ 28 ਯੂਨਿਟ ਘੱਟ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ, ‘‘ਇਸ ਦੇ ਨਾਲ ਹੀ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਘੱਟ ਗਿਆ ਹੈ। ਆਤਿਸ਼ੀ ਦਾ ਬਲੱਡ ਤੇ ਸ਼ੂਗਰ ਦੇ ਪੱਧਰ ਤੇ ਭਾਰ ਘਟਣ ਨੂੰ ਡਾਕਟਰਾਂ ਨੇ ਖ਼ਤਰਨਾਕ ਦੱਸਿਆ ਹੈ।’’ ‘ਆਪ’ ਨੇ ਕਿਹਾ ਕਿ ਡਾਕਟਰਾਂ ਨੇ ਆਤਿਸ਼ੀ ਦੀ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣ ਦੀ ਸਲਾਹ ਦਿੱਤੀ ਹੈ ਪਰ ਉਹ ਦਿੱਲੀ ਦੇ ਪਾਣੀ ਦੇ ਅਧਿਕਾਰ ਲਈ ਆਪਣੀ ਜਾਨ ਨੂੰ ਵੀ ‘ਖ਼ਤਰੇ’ ’ਚ ਪਾਉਣ ਲਈ ਤਿਆਰ ਹਨ।
ਡਾਕਟਰਾਂ ਦੀ ਰਿਪੋਰਟ ਅਨੁਸਾਰ ‘ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਹੋਣ ਅਤੇ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ’ ਪਰ ਉਸ ਨੇ ਇਨਕਾਰ ਕਰ ਦਿੱਤਾ।

Advertisement

ਦਿੱਲੀ ਦੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ (ਪੱਤਰ ਪ੍ਰੇਰਕ): ਕੇਜਰੀਵਾਲ ਸਰਕਾਰ ਦੇ ਕੈਬਨਿਟ ਮੰਤਰੀਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦਿੱਲੀ ਨੂੰ ਪਾਣੀ ਦਾ ਪੂਰਾ ਹੱਕ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਸਾਂਝੇ ਤੌਰ ’ਤੇ ਵਜ਼ੀਰਾਬਾਦ ਬੈਰਾਜ ਦਾ ਦੌਰਾ ਕਰਨ ਤਾਂ ਜੋ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ ਕਿ ਹਰਿਆਣਾ ਸਰਕਾਰ ਦਿੱਲੀ ਨੂੰ ਕਿੰਨਾ ਪਾਣੀ ਦੇ ਰਰਹੀ ਹੈ। ਇਸ ਤੋਂ ਪਹਿਲਾਂ ਮੰਤਰੀਆਂ ਨੇ ਜੰਗਪੁਰਾ ਦੇ ਭੋਗਲ ਵਿੱਚ ਜਲ ਮੰਤਰੀ ਆਤਿਸ਼ੀ ਦੇ ਚੱਲ ਰਹੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵਾਲੀ ਥਾਂ ’ਤੇ ਜਾ ਕੇ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਅਤੇ ਐੱਲਜੀ ਨਾਲ ਵਜ਼ੀਰਾਬਾਦ ਦਾ ਸਾਂਝਾ ਦੌਰਾ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਮੰਤਰੀ ਸੌਰਭ ਭਾਰਦਵਾਜ, ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ, ਵਾਤਾਵਰਨ ਮੰਤਰੀ ਗੋਪਾਲ ਰਾਏ ਤੇ ਰਾਸ਼ਨ ਮੰਤਰੀ ਇਮਰਾਨ ਹੁਸੈਨ ਸ਼ਾਮਲ ਹੋਏ। ਸੌਰਭ ਭਾਰਦਵਾਜ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘‘ਪਾਣੀ ਦੇ ਮੁੱਦੇ ’ਤੇ ਅਸੀਂ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਐੱਲਜੀ ਨੂੰ ਅਪੀਲ ਕੀਤੀ ਹੈ ਕਿ ਉਹ ਸਾਡੇ ਨਾਲ ਆਉਣ ਅਤੇ ਪਾਣੀ ਪਲਾਂਟ ਦੇਖਣ ਕਿ ਉਥੇ ਕਿੰਨਾ ਪਾਣੀ ਆ ਰਿਹਾ ਹੈ।’’ ਕੈਲਾਸ਼ ਗਹਿਲੋਤ ਨੇ ਕਿਹਾ ਕਿ ਦਿੱਲੀ ਨੂੰ ਪਾਣੀ ਨਹੀਂ ਮਿਲ ਰਿਹਾ। ਐੱਲਜੀ ਨੂੰ ਅਧਿਕਾਰੀਆਂ ਨਾਲ ਵਜ਼ੀਰਾਬਾਦ ਬੈਰਾਜ ’ਤੇ ਜਾ ਕੇ ਪਾਣੀ ਦੇ ਪੱਧਰ ਦੀ ਸਥਿਤੀ ਦੇਖਣੀ ਚਾਹੀਦੀ ਹੈ।’’ ਇਸੇ ਤਰ੍ਹਾਂ ਇਮਰਾਨ ਹੁਸੈਨ ਨੇ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਨੂੰ ਦਿੱਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਸਮਝਣ ਅਤੇ ਪਾਣੀ ਦੇ ਸੰਕਟ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ।’’ ਗੋਪਾਲ ਰਾਏ ਨੇ ਕਿਹਾ ਕਿ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਹਰਿਆਣਾ ਕਾਰਨ ਦਿੱਲੀ ਵਿੱਚ ਪੈਦਾ ਹੋਏ ਪਾਣੀ ਦੇ ਸੰਕਟ ਦੇ ਮਾਮਲੇ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ ਹੈ।

Advertisement
Author Image

joginder kumar

View all posts

Advertisement
Advertisement
×