ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੋਵੇਗੀ
ਮਨਧੀਰ ਿਸੰਘ ਦਿਓਲ
ਨਵੀਂ ਦਿੱਲੀ, 17 ਸਤੰਬਰ
ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੂੰ ਅਰਵਿੰਦ ਕੇਜਰੀਵਾਲ ਦੀ ਥਾਂ ਮੁੱਖ ਮੰਤਰੀ ਚੁਣੇ ਜਾਣ ਤੋਂ ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਭਾਜਪਾ ਦੀ ਸੀਨੀਅਰ ਤੇ ਤੇਜ਼ਤਰਾਰ ਆਗੂ ਸੁਸ਼ਮਾ ਸਵਰਾਜ 1998 ਵਿੱਚ ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਭਾਜਪਾ ਵੱਲੋਂ ਬਣਾਈ ਗਈ ਸੀ। ਉਹ ਤਿੰਨ ਮਹੀਨੇ ਇਸ ਅਹੁਦੇ ’ਤੇ ਰਹੇ ਸਨ। ਕਾਂਗਰਸ ਵੱਲੋਂ ਸ੍ਰੀਮਤੀ ਸ਼ੀਲਾ ਦੀਕਸ਼ਤ ਨੇ ਲਗਾਤਾਰ ਤਿੰਨ ਵਾਰ 1998 ਤੋਂ 2013 ਤੱਕ ਦਿੱਲੀ ਦੀ ਮੁੱਖ ਮੰਤਰੀ ਵਜੋਂ ਸੱਤਾ ਸੰਭਾਲੀ ਤੇ 15 ਸਾਲ ਭਾਜਪਾ ਨੂੰ ਦਿੱਲੀ ਦੀ ਸੱਤਾ ਤੋਂ ਦੂਰ ਰੱਖਿਆ। ਇਹ ਦੋਨੋਂ ਮਹਿਲਾ ਆਗੂ ਹੁਣ ਇਸ ਦੁਨੀਆ ਵਿੱਚ ਨਹੀਂ ਹਨ।
ਜ਼ਿਕਰਯੋਗ ਹੈ ਕਿ ਜਦੋਂ ਆਤਿਸ਼ੀ ਜਨਵਰੀ 2013 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਤਾਂ ਉਸ ਦਾ ਸਿਆਸੀ ਕਰੀਅਰ ਸ਼ੁਰੂ ਹੋ ਗਿਆ। ਇੰਡੀਆ ਅਗੈਂਸਟ ਕਰੱਪਸ਼ਨ ਅੰਦੋਲਨ ਤੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ। ਮਗਰੋਂ ਉਹ ਪਾਰਟੀ ਦੀਆਂ ਨੀਤੀਆਂ ਬਣਾਉਣ ਤੇ ਸਿੱਖਿਆ ਖੇਤਰ ਵਿੱਚ ਨੀਤੀਆਂ ਲਾਗੂ ਕਰਨ ਲਈ ਸਰਗਰਮ ਹੋਈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਤਿਸ਼ੀ ਨੂੰ ਪੂਰਬੀ ਦਿੱਲੀ ਲਈ ਪਾਰਟੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ ਉਹ ਭਾਜਪਾ ਦੇ ਉਮੀਦਵਾਰ ਗੌਤਮ ਗੰਭੀਰ ਤੋਂ ਹਾਰ ਗਈ ਸੀ। 2020 ਵਿੱਚ ਵਿਧਾਨ ਸਭਾ ਚੋਣਾਂ ਉਸ ਦੇ ਸਿਆਸੀ ਕਰੀਅਰ ਵਿੱਚ ਇੱਕ ਮੋੜ ਸੀ। ਇਸ ਦੌਰਾਨ ਕਾਲਕਾਜੀ ਦੇ ਦੱਖਣੀ ਦਿੱਲੀ ਹਲਕੇ ਤੋਂ ਉਸ ਨੇ ਭਾਜਪਾ ਉਮੀਦਵਾਰ ਧਰਮਬੀਰ ਸਿੰਘ ਨੂੰ ਹਰਾਇਆ। ਇਸ ਸਫ਼ਲਤਾ ਨੇ ਉਸ ਨੂੰ ਦਿੱਲੀ ਸਰਕਾਰ ਥਾਂ ਦਿਵਾਈ। ਚੋਣ ਜਿੱਤਣ ਤੋਂ ਬਾਅਦ ਆਤਿਸ਼ੀ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਅਸਤੀਫ਼ਿਆਂ ਕਾਰਨ ਖਾਲੀ ਪਏ ਅਹੁਦਿਆਂ ਨੂੰ ਸੰਭਾਲਦਿਆਂ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਕੰਮ ਕੀਤਾ। ਉਹ 2022-2023 ਵਿੱਚ ਲੋਕ ਲੇਖਾ ਕਮੇਟੀ ਦੀ ਚੇਅਰਮੈਨ ਸੀ ਅਤੇ ਉਸ ਨੇ ਕਈ ਹੋਰ ਕਮੇਟੀਆਂ ਵਿੱਚ ਹਿੱਸਾ ਲਿਆ, ਜਿਵੇਂ ਕਿ ਸਿੱਖਿਆ, ਔਰਤਾਂ ਅਤੇ ਬਾਲ ਭਲਾਈ ਤੇ ਘੱਟ ਗਿਣਤੀ ਭਲਾਈ ਨਾਲ ਨਜਿੱਠਣ ਵਾਲੀਆਂ ਕਮੇਟੀਆਂ ਵਿੱਚ ਵਪੀ ਕੰਮ ਕੀਤਾ। ਉਸ ਦਾ ਪਰਿਵਾਰ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਤੇ ਆਤਿਸ਼ੀ ਮਾਰਲੇਨਾ ਤੋਂ ਆਤਿਸ਼ੀ ਬਣੀ। ਉਨ੍ਹਾਂ ਨੂੰ ਸਿਸੋਦੀਆ ਦੀ ਨਜ਼ਦੀਕੀ ਮੰਨਿਆ ਜਾਂਦਾ ਹੈ।
ਸਵਾਤੀ ਮਾਲੀਵਾਲ ਰਾਜ ਸਭਾ ਤੋਂ ਅਸਤੀਫ਼ਾ ਦੇਵੇ: ਦਿਲੀਪ ਪਾਂਡੇ
ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਵਿਧਾਇਕ ਦਲੀਪ ਪਾਂਡੇ ਨੇ ਕਿਹਾ ਕਿ ਜੇ ਸਵਾਤੀ ਮਾਲੀਵਾਲ ਵਿੱਚ ਕੋਈ ਸ਼ਰਮ ਹੈ ਤਾਂ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਨੇ ਉਸ ਨੂੰ ਟਿਕਟ ਦੇ ਕੇ ਰਾਜ ਸਭਾ ਭੇਜ ਦਿੱਤਾ, ਪਰ ਉਹ ਪ੍ਰਤੀਕਿਰਿਆ ਜਾਂ ਬਿਆਨ ਦੇਣ ਲਈ ਭਾਜਪਾ ਤੋਂ ਸਕ੍ਰਿਪਟ ਲੈਂਦੀ ਹੈ। ਜੇ ਸਵਾਤੀ ਮਾਲੀਵਾਲ ਰਾਜ ਸਭਾ ਵਿੱਚ ਰਹਿਣ ਦੀ ਇੱਛੁਕ ਹੈ ਤਾਂ ਉਨ੍ਹਾਂ ਨੂੰ ਭਾਜਪਾ ਤੋਂ ਰਾਜ ਸਭਾ ਦੀ ਟਿਕਟ ਲੈਣੀ ਚਾਹੀਦੀ ਹੈ। ਸ੍ਰੀ ਪਾਂਡੇ ਨੇ ਕਿਹਾ ਕਿ ਸਵਾਤੀ ਮਾਲੀਵਾਲ ਇੱਕ ਅਜਿਹੀ ਸ਼ਖਸੀਅਤ ਹੈ ਜੋ ਰਾਜ ਸਭਾ ਵਿੱਚ ਜਾਣ ਲਈ ਆਮ ਆਦਮੀ ਪਾਰਟੀ ਤੋਂ ਟਿਕਟ ਲੈਂਦੀ ਹੈ ਪਰ ਉਥੇ ਬੋਲਣ ਦੀ ਸਕ੍ਰਿਪਟ ਭਾਜਪਾ ਤੋਂ ਲੈਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਦੀ ਟਿਕਟ ’ਤੇ ਰਾਜ ਸਭਾ ਜਾਣ ਦਾ ਰਾਹ ਚੁਣਨਾ ਚਾਹੀਦਾ ਹੈ।
ਲੀਡਰਸ਼ਿਪ ਬਦਲਣ ਨਾਲ ਪਾਰਟੀ ਦਾ ਮੂਲ ਕਿਰਦਾਰ ਨਹੀਂ ਬਦਲੇਗਾ: ਸਚਦੇਵਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਤਿਸ਼ੀ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕਰਨ ਦੇ ਫੈਸਲੇ ’ਤੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਬਦਲਣ ਨਾਲ ਪਾਰਟੀ ਦਾ ਮੂਲ ਕਿਰਦਾਰ ਨਹੀਂ ਬਦਲੇਗਾ। ਸਚਦੇਵਾ ਨੇ ਦੋਸ਼ ਲਾਇਆ ਕਿ ਆਤਿਸ਼ੀ ਨੂੰ ਆਪਣਾ ਉੱਤਰਾਧਿਕਾਰੀ ਬਣਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਵਿੱਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਕੀਤਾ ਹੈ ਅਤੇ ਹੁਣ ਜਨਤਾ ਉਨ੍ਹਾਂ ਨੂੰ ਇਸ ਭ੍ਰਿਸ਼ਟਾਚਾਰ ਦਾ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਚਿਹਰਾ ਬਦਲਣ ਨਾਲ ‘ਆਪ’ ਦਾ ਚਰਿੱਤਰ ਨਹੀਂ ਬਦਲਦਾ, ਕੇਜਰੀਵਾਲ ਦੇ 10 ਸਾਲਾਂ ਦੇ ਭ੍ਰਿਸ਼ਟਾਚਾਰ ਨੂੰ ਦੇਖਦੇ ਹੋਏ ਜੋ ਵੀ ਮੁੱਖ ਮੰਤਰੀ ਹੈ, ਉਸ ਨੂੰ ਲੋਕਾਂ ਨੂੰ ਦੱਸਣਾ ਪਏਗਾ ਕਿ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਕਿਵੇਂ ਲੁੱਟਿਆ ਹੈ। ਸਚਦੇਵਾ ਨੇ ਕਿਹਾ ਕਿ ਪਾਰਟੀ ਦੀ ਤਬਦੀਲੀ ਦੀ ਕੋਸ਼ਿਸ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਹੀਂ ਮਿਟਾ ਸਕੇਗੀ।
ਆਤਿਸ਼ੀ ਸਿਰਫ਼ ਤਿੰਨ ਮਹੀਨੇ ਦੀ ਮੁੱਖ ਮੰਤਰੀ: ਯਾਦਵ
ਕਾਂਗਰਸ ਦੇ ਸੂਬਾ ਪ੍ਰਧਾਨ ਦੇਵਿੰਦਰ ਯਾਦਵ ਨੇ ਆਤਿਸ਼ੀ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਸਿਰਫ ਤਿੰਨ ਮਹੀਨੇ ਲਈ ਬਣਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਜਨਤਾ ਦੇ ਸਾਹਮਣੇ ਬੇਨਕਾਬ ਹੋ ਚੁੱਕੀ ਹੈ ਅਤੇ 2025 ਵਿੱਚ ਕਾਂਗਰਸ ਆਪਣਾ ਮੁੱਖ ਮੰਤਰੀ ਬਣਾਏਗੀ ਅਤੇ ਦਿੱਲੀ ਦੇ ਰੁਕੇ ਹੋਏ ਵਿਕਾਸ ਨੂੰ ਉਸੇ ਲੀਹ ’ਤੇ ਲੈ ਕੇ ਆਏਗੀ। ਉਨ੍ਹਾਂ ਕਿਹਾ ਕਿ ਮੁੱਖ ਸਵਾਲ ਦਿੱਲੀ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਵਾਅਦਿਆਂ ਤੋਂ ਨਹੀਂ ਭੱਜ ਸਕਦੀ ਜੋ ਉਨ੍ਹਾਂ ਨੇ ਆਪਣੀ ਸਰਕਾਰ ਬਣਨ ਵੇਲੇ ਅਤੇ ਬਾਅਦ ਵਿੱਚ ਕੀਤੇ ਸਨ।