ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਸਤੰਬਰ
ਕਾਲਕਾਜੀ ਤੋਂ ‘ਆਪ’ ਵਿਧਾਇਕਾ ਆਤਿਸ਼ੀ(43) ਦਿੱਲੀ ਦੀ ਅਗਲੀ ਮੁੱਖ ਮੰਤਰੀ ਹੋਵੇਗੀ। ਕਾਂਗਰਸ ਦੀ ਸ਼ੀਲਾ ਦੀਕਸ਼ਿਤ ਤੇ ਭਾਜਪਾ ਦੀ ਸੁਸ਼ਮਾ ਸਵਰਾਜ ਮਗਰੋਂ ‘ਆਪ’ ਆਗੂ ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ ਤੇ ਸਭ ਤੋਂ ਛੋਟੀ ਉਮਰ ਦੀ ਮੁੱਖ ਮੰਤਰੀ ਬਣ ਰਹੀ ਹੈ। ‘ਆਪ’ ਵਿਧਾਇਕ ਦਲ ਦੀ ਬੈਠਕ ਵਿਚ ਆਤਿਸ਼ੀ ਨੂੰ ਪਾਰਟੀ ਦਾ ਨਵਾਂ ਆਗੂ ਚੁਣੇ ਜਾਣ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਅਦ ਦੁਪਹਿਰ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਅਸਤੀਫ਼ਾ ਸੌਂਪ ਦਿੱਤਾ। ਮਗਰੋਂ ਆਤਿਸ਼ੀ ਨੇ ਉਪ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਤਿਹਾੜ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋਏ ਕੇਜਰੀਵਾਲ ਨੇ ਐਤਵਾਰ ਨੂੰ ਦੋ ਦਿਨਾਂ ’ਚ ਮੁੱਖ ਮੰਤਰੀ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਉਹ ਲੋਕਾਂ ਤੋਂ ‘ਇਮਾਨਦਾਰੀ ਦਾ ਸਰਟੀਫਿਕੇਟ’ ਲੈਣ ਤੋਂ ਬਾਅਦ ਹੀ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣਗੇ।
ਉਪ ਰਾਜਪਾਲ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲਕਾਜੀ ਤੋਂ ਵਿਧਾਇਕ ਆਤਿਸ਼ੀ ਨੇ ਕਿਹਾ, ‘ਅਸੀਂ ਨਵੀਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ। ਮੈਂ ਦਿੱਲੀ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਾਂਗੀ।’ ਦਿੱਲੀ ਸਰਕਾਰ ’ਚ ਮੰਤਰੀ ਗੋਪਾਲ ਰਾਏ ਨੇ ਕਿਹਾ, ‘ਆਤਿਸ਼ੀ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਅਸੀਂ ਐੱਲਜੀ ਨੂੰ ਅਪੀਲ ਕੀਤੀ ਹੈ ਕਿ ਉਹ ਹਲਫ਼ਦਾਰੀ ਸਮਾਗਮ ਬਾਰੇ ਫੈਸਲਾ ਕਰਨ ਤਾਂ ਕਿ ਦੋ ਕਰੋੜ ਲੋਕਾਂ ਦੇ ਕੰਮਾਂ ਨੂੰ ਜਾਰੀ ਰੱਖਿਆ ਜਾ ਸਕੇ।’ ਮੁੱਖ ਮੰਤਰੀ ਮਨੋਨੀਤ ਆਤਿਸ਼ੀ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਖ਼ਿਲਾਫ਼ ਝੂਠੇ ਦੋਸ਼ ਲੱਗੇ ਹਨ ਤੇ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਤਿਸ਼ੀ ਨੇ ਕਿਹਾ, ‘ਕੋਈ ਹੋਰ ਆਗੂ ਹੁੰਦਾ ਤਾਂ ਉਸ ਨੇ ਮੁੱਖ ਮੰਤਰੀ ਦੀ ਕੁਰਸੀ ਆਪਣੇ ਕੋਲ ਰੱਖੀ ਹੁੰਦੀ ਪਰ ਕੇਜਰੀਵਾਲ ਨੇ ਲੋਕਾਂ ਦੀ ਕਚਹਿਰੀ ਵਿਚ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਅਸਤੀਫ਼ਾ ਦਿੱਤਾ। ਇਹ ਸਾਡੇ ਸਾਰਿਆਂ ਲਈ ਗ਼ਮਗੀਨ ਪਲ ਹਨ।’ ਆਤਿਸ਼ੀ ਨੇ ਕਿਹਾ, ‘‘ਸਾਡਾ ਇੱਕੋ ਇੱਕ ਉਦੇਸ਼ ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਹੈ। ਮੈਂ ਇੱਕ ਆਮ ਸਿਆਸਤਦਾਨ ਹਾਂ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਮੈਂ ਕਿਸੇ ਹੋਰ ਪਾਰਟੀ ’ਚ ਹੁੰਦੀ ਤਾਂ ਮੈਨੂੰ ਟਿਕਟ ਵੀ ਮਿਲਦੀ, ਪਰ ਕੇਜਰੀਵਾਲ ਨੇ ਮੇਰੇ ’ਚ ਇੰਨਾ ਵਿਸ਼ਵਾਸ ਦਿਖਾਇਆ ਹੈ। ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਵਾਂਗੀ।’ ਆਤਿਸ਼ੀ ਕੋਲ ਸਿੱਖਿਆ, ਵਿੱਤ, ਕਾਨੂੰਨ, ਸੈਰ-ਸਪਾਟਾ ਅਤੇ ਕਈ ਹੋਰ ਵਿਭਾਗ ਹਨ। ਇਸ ਦੌਰਾਨ ਸੀਨੀਅਰ ਕਾਂਗਰਸ ਆਗੂ ਅਭਿਸ਼ੇਕ ਸਿੰਘਵੀ ਨੇ ਆਤਿਸ਼ੀ ਨੂੰ ਦਿੱਲੀ ਦਾ ਅਗਲਾ ਮੁੱਖ ਮੰਤਰੀ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ।
ਇਸ ਤੋਂ ਪਹਿਲਾਂ ਅੱਜ ਦਿਨੇਂ ‘ਆਪ’ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਵਿਧਾਇਕ ਦਲ ਦੀ ਮੀਟਿੰਗ ਵਿੱਚ ਸਾਰੇ ਵਿਧਾਇਕਾਂ ਨੇ ਸਰਬਸੰਮਤੀ ਨਾਲ ਆਤਿਸ਼ੀ ਨੂੰ ਕੇਜਰੀਵਾਲ ਦਾ ਜਾਨਸ਼ੀਨ ਚੁਣ ਲਿਆ। ਮੀਟਿੰਗ ਤੋਂ ਬਾਅਦ ਦਿੱਲੀ ਪ੍ਰਦੇਸ਼ ਕਨਵੀਨਰ ਅਤੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਅਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਤੱਕ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਆਤਿਸ਼ੀ ਨੂੰ ਸੌਂਪ ਦਿੱਤੀ ਗਈ ਹੈ। ਰਾਏ ਨੇ ਕਿਹਾ ਕਿ ਪਾਰਟੀ ਚਾਹੁੰਦੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਅਕਤੂਬਰ-ਨਵੰਬਰ ਵਿੱਚ ਕਰਵਾਈਆਂ ਜਾਣ। ਬੈਠਕ ਉਪਰੰਤ ਕੇਜਰੀਵਾਲ ਕੈਬਨਿਟ ਵਿਚਲੇ ਆਪਣੇ ਸਾਥੀਆਂ ਨਾਲ ਉਪ ਰਾਜਪਾਲ ਦੇ ਸਕੱਤਰੇਤ ਪੁੱਜੇ ਤੇ ਅਸਤੀਫ਼ਾ ਸੌਂਪ ਦਿੱਤਾ। ਉਧਰ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਕਸ ’ਤੇ ਕਿਹਾ ਕਿ ਆਤਿਸ਼ੀ ਨੇ ਦਿੱਲੀ ਦੇ ਦੋ ਕਰੋੜ ਲੋਕਾਂ ਨਾਲ ਮਿਲ ਕੇ ਅਰਵਿੰਦ ਕੇਜਰੀਵਾਲ ਨੂੰ ਮੁੜ ਦਿੱਲੀ ਦਾ ਮੁੱਖ ਮੰਤਰੀ ਬਣਾਉਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਤਿਸ਼ੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਏਗੀ।
ਅੱਜ ਦਾ ਦਿਨ ਬਹੁਤ ਮੰਦਭਾਗਾ: ਮਾਲੀਵਾਲ
ਨਵੀਂ ਦਿੱਲੀ: ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਸਾਥੀ ਨੇਤਾ ਆਤਿਸ਼ੀ ਨੂੰ ਦਿੱਲੀ ਦਾ ਅਗਲਾ ਮੁੱਖ ਮੰਤਰੀ ਮਨੋਨੀਤ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ। ਸਵਾਤੀ ਨੇ ਕਿਹਾ ਕਿ ਆਤਿਸ਼ੀ ਭਾਵੇਂ ‘ਡੰਮੀ ਮੁੱਖ ਮੰਤਰੀ’ ਹੋਵੇਗੀ ਪਰ ਫਿਰ ਵੀ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ ਕਿਉਂਕਿ ਅਜਿਹੇ ਵਿਅਕਤੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਸ ਦਾ ਪਰਿਵਾਰ ਅਤਿਵਾਦੀ ਅਫ਼ਜ਼ਲ ਗੁਰੂ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਲੜਿਆ ਸੀ। ਸਵਾਤੀ ਨੇ ਇਕ ਵੀਡੀਓ ਵਿਚ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਦਿਨ ਹੈ। ਸਵਾਤੀ ਨੇ ਐਕਸ ’ਤੇ ਆਤਿਸ਼ੀ ਦੀ ਮਾਂ ਤ੍ਰਿਪਤਾ ਵਾਹੀ ਦਾ ਪੁਰਾਣਾ ਵੀਡੀਓ ਵੀ ਪੋਸਟ ਕੀਤਾ, ਜਿਸ ਵਿਚ ਕਿਹਾ ਗਿਆ ਕਿ ਅਫਜ਼ਲ ਗੁਰੂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਇਸ ਦੇ ਨਾਲ ਉਸ ਨੇ ਆਤਿਸ਼ੀ ਦੇ ਮਾਤਾ-ਪਿਤਾ ਵੱਲੋਂ ਰਾਸ਼ਟਰਪਤੀ ਨੂੰ 2001 ’ਚ ਸੰਸਦ ’ਤੇ ਹੋਏ ਹਮਲੇ ’ਚ ਸ਼ਾਮਲ ਕਸ਼ਮੀਰੀ ਵੱਖਵਾਦੀ ਲਈ ‘ਇਨਸਾਫ’ ਮੰਗਦੇ ਹੋਏ ਲਿਖੇ ਪੱਤਰ ਵੀ ਨੱਥੀ ਕੀਤੇ ਹਨ।
ਚਿਹਰੇ ਬਦਲਣ ਨਾਲ ‘ਆਪ’ ਦਾ ਕਿਰਦਾਰ ਨਹੀਂ ਬਦਲੇਗਾ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ‘ਆਪ’ ਦਾ ਕਿਰਦਾਰ ਨਹੀਂ ਬਦਲੇਗਾ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਉਨ੍ਹਾਂ ਦੇੇ ਕਾਰਜਕਾਲ ਦੌਰਾਨ ਪਿਛਲੇ ਦਸ ਸਾਲਾਂ ਦੇ ਭ੍ਰਿਸ਼ਟਾਚਾਰ ਲਈ ਅਜੇ ਵੀ ਜਵਾਬਦੇਹ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਨੇ ਕਿਹਾ, ‘ਚਿਹਰਾ ਬਦਲਣ ਨਾ ‘ਆਪ’ ਦਾ ਕਿਰਦਾਰ ਨਹੀਂ ਬਦਲੇਗਾ। ਕੇਜਰੀਵਾਲ ਦੇ 10 ਸਾਲਾਂ ਦੇ ਭ੍ਰਿਸ਼ਟਾਚਾਰ ਨੂੰ ਦੇਖਦਿਆਂ, ਮੁੱਖ ਮੰਤਰੀ ਕੋਈ ਵੀ ਬਣੇ ਉਸ ਨੂੰ ਇਹ ਦੱਸਣਾ ਹੋਵੇਗਾ ਕਿ ਉਨ੍ਹਾਂ ਦਿੱਲੀ ਦੇ ਲੋਕਾਂ ਦਾ ਪੈਸਾ ਕਿਵੇਂ ਲੁੱਟਿਆ। ਉਨ੍ਹਾਂ ਹਰ ਵਿਭਾਗ ’ਚ ਭ੍ਰਿਸ਼ਟਾਚਾਰ ਕੀਤਾ ਤੇ ਹੁਣ ਲੋਕ ਉਨ੍ਹਾਂ ਨੂੰ ਇਸ ਭ੍ਰਿਸ਼ਟਾਚਾਰ ਲਈ ਜਵਾਬ ਦੇਣਗੇ।’ ਪਾਰਟੀ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘ਆਤਿਸ਼ੀ ਹੇਠ ਆਉਂਦੇ ਸਾਰੇ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਹੈ। ਸਿੱਖਿਆ ਘਪਲਾ, ਜਲ ਘਪਲਾ, ਦਿੱਲੀ ਜਲ ਬੋਰਡ ਘਪਲਾ, ‘ਸ਼ੀਸ਼ ਮਹਿਲ’ ਘਪਲਾ ਤੇ ਕਈ ਹੋਰ ਘਪਲੇ। ਆਤਿਸ਼ੀ ਗੋਆ ਦੀ ਇੰਚਾਰਜ ਸੀ, ਜਿੱਥੇ ਸ਼ਰਾਬ ਘੁਟਾਲੇ ਤੋਂ ਬਣਾਇਆ ਪੈਸਾ ਵਰਤਿਆ ਗਿਆ।’’ -ਪੀਟੀਆਈ