ਆਤਿਸ਼ੀ ਮੁੱਖ ਮੰਤਰੀ ਨਿਵਾਸ ਵਿੱਚ ਤਬਦੀਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਕਤੂਬਰ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅੱਜ 6, ਫਲੈਗਸਟਾਫ ਰੋਡ ’ਤੇ ਸਥਿਤ ਮੁੱਖ ਮੰਤਰੀ ਨਿਵਾਸ ਵਿੱਚ ਤਬਦੀਲ ਹੋ ਗਈ ਹੈ। ਇਸ ਤੋਂ ਕੁਝ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਬੰਗਲੇ ਨੂੰ ਖਾਲੀ ਕਰ ਕੇ ਲੁਟੀਅਨਜ਼ ਦਿੱਲੀ ਵਿੱਚ ਸਥਿਤ ਬੰਗਲੇ ਵਿੱਚ ਰਹਿਣ ਲਈ ਚਲੇ ਗਏ ਸਨ।
ਅਧਿਕਾਰੀਆਂ ਮੁਤਾਬਕ ਮੁੱਖ ਮੰਤਰੀ ਦਾ ਨਿੱਜੀ ਸਾਮਾਨ ਅਤੇ ਹੋਰ ਵਸਤਾਂ ਨਵੇਂ ਬੰਗਲੇ ਵਿੱਚ ਪਹੁੰਚਾ ਦਿੱਤੀਆਂ ਗਈਆਂ ਹਨ। ਪਿਛਲੇ ਸਾਲ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ ਆਤਿਸ਼ੀ ਨੂੰ ਮਥੁਰਾ ਰੋਡ ’ਤੇ ਏਬੀ-17 ਬੰਗਲਾ ਅਲਾਟ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਤੰਬਰ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਸਿਵਲ ਲਾਈਨਜ਼ ਵਿੱਚ ਫਲੈਗਸਟਾਫ ਰੋਡ ’ਤੇ ਸਥਿਤ ਬੰਗਲਾ ਖਾਲੀ ਕਰ ਦਿੱਤਾ ਸੀ। ਉਨ੍ਹਾਂ ਦਾ ਨਵਾਂ ਪਤਾ ਮੰਡੀ ਹਾਊਸ ਕੋਲ 5, ਫਿਰੋਜ਼ਸ਼ਾਹ ਰੋਡ ਹੈ, ਜੋ ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤਾ ਗਿਆ ਹੈ। ਆਤਿਸ਼ੀ ਆਪਣੇ ਮਾਪਿਆਂ ਦੇ ਨਾਲ ਦੱਖਣੀ ਦਿੱਲੀ ਦੇ ਕਾਲਕਾਜੀ ਵਿੱਚ ਰਹਿੰਦੀ ਸੀ, ਜਦਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਏਬੀ-17 ਬੰਗਲੇ ਵਿੱਚ ਰਹਿ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਸਿਸੋਦੀਆ ਨੇ ਬੰਗਲਾ ਖਾਲੀ ਕਰ ਦਿੱਤਾ ਸੀ ਅਤੇ ਉਹ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੂੰ ਆਰਪੀ ਰੋਡ ’ਤੇ ਅਲਾਟ ਹੋਈ ਸਰਕਾਰੀ ਰਿਹਾਇਸ਼ ਵਿੱਚ ਰਹਿਣ ਲਈ ਚਲੇ ਗਏ ਹਨ।