ਆਤਿਸ਼ੀ ਵੱਲੋਂ ਮਹਾਤਮਾ ਗਾਂਧੀ ਤੇ ਸ਼ਾਸਤਰੀ ਨੂੰ ਸ਼ਰਧਾਂਜਲੀਆਂ ਭੇਟ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਕਤੂਬਰ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਸਮਾਧੀ ਰਾਜਘਾਟ ਵਿੱਚ ਜਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਆਤਿਸ਼ੀ ਵੱਲੋਂ ਸਮਾਧੀ ਉੱਤੇ ਫੁੱਲ ਭੇਟ ਕੀਤੇ ਗਏ ਅਤੇ ਮੱਥਾ ਟੇਕਿਆ ਗਿਆ। ਉਹ ਸਵੇਰੇ ਵਿਜੈ ਘਾਟ ਗਏ ਅਤੇ ਉਨ੍ਹਾਂ ਉਥੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਸਮਾਧੀ ਦੀ ਪ੍ਰੀਕਰਮਾ ਕੀਤੀ ਅਤੇ ਮੱਥਾ ਟੇਕਿਆ। ਉਨ੍ਹਾਂ ਸਮਾਧੀ ’ਤੇ ਫੁੱਲ ਵੀ ਅਰਪਿਤ ਕੀਤੇ। ਇਸ ਮੌਕੇ ਉੱਥੇ ਦੋਵਾਂ ਮਹਾਨ ਹਸਤੀਆਂ ਪ੍ਰਤੀ ਸਤਿਕਾਰ ਵਜੋਂ ਭਜਨ ਵਜਾਏ ਜਾ ਰਹੇ ਸਨ।
ਇਸ ਦੌਰਾਨ ਦਿੱਲੀ ਵਿਧਾਨ ਸਭਾ ਵਿੱਚ ਵੀ ਮਹਾਤਮਾ ਗਾਂਧੀ ਦੇ ਬੁੱਤ ਉੱਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਫੁੱਲ ਭੇਟ ਕੀਤੇ ਗਏ। ਬੁੱਤ ਨੂੰ ਹਾਰਾਂ ਨਾਲ ਸ਼ਿੰਗਾਰਿਆ ਗਿਆ ਸੀ। ਮਰਹੂਮ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਸਰਕਾਰ ਵੱਲੋਂ ਆਤਿਸ਼ੀ ਨੇ ਵਿਧਾਨ ਸਭਾ ਕੰਪਲੈਕਸ ਵਿੱਚ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਦੋਵਾਂ ਆਗੂਆਂ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਦੋਵਾਂ ਆਗੂਆਂ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਆਤਿਸ਼ੀ ਨੇ ਬਾਅਦ ਵਿੱਚ ਐਕਸ ਉਪਰ ਲਿਖਿਆ ਕਿ ਰਾਜਘਾਟ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਦਿੱਲੀ ਵਿਧਾਨ ਸਭਾ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਕੇਜਰੀਵਾਲ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਬਾਪੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਨੇ ਸਾਨੂੰ ਹਮੇਸ਼ਾ ‘ਸਭ ਲਈ ਬਰਾਬਰੀ’ ਦਾ ਉਪਦੇਸ਼ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਾਪੂ ਜੀ ਦੇ ਜੀਵਨ ਫਲਸਫੇ ਤੋਂ ਸਿੱਖ ਕੇ ਜਨਤਾ ਦੀ ਸੇਵਾ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦਾ ਸੁਪਨਾ ਇੱਕ ਅਜਿਹੇ ਦੇਸ਼ ਦਾ ਸੀ ਜਿੱਥੇ ਸਾਰਿਆਂ ਨੂੰ ਚੰਗੀ ਸਿੱਖਿਆ ਅਤੇ ਇਲਾਜ ਮਿਲੇ, ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਆਪਸ ਵਿੱਚ ਭਾਈਚਾਰਕ ਸਾਂਝ ਨਾਲ ਰਹਿਣ, ਜੋ ਹੁਣ ਦਿੱਲੀ ਵਿੱਚ ਸੰਭਵ ਹੋ ਰਿਹਾ ਹੈ। ਉਨ੍ਹਾਂ ਐਕਸ ’ਤੇ ਵੀਡੀਓ ਪੋਸਟ ਕਰਕੇ ਕਿਹਾ ਕਿ ਪੂਰਾ ਦੇਸ਼ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ’ਤੇ ਬਾਪੂ ਨੂੰ ਯਾਦ ਕਰ ਰਿਹਾ ਹੈ। ਗਾਂਧੀ ਜੀ ਦਾ ਸੁਪਨਾ ਅਜਿਹੇ ਦੇਸ਼ ਦਾ ਸੀ ਜਿੱਥੇ ਹਰ ਬੱਚੇ ਨੂੰ ਚੰਗੀ ਸਿੱਖਿਆ ਮਿਲੇ, ਹਰ ਬਿਮਾਰ ਨੂੰ ਇਲਾਜ ਮਿਲੇ ਅਤੇ ਜਿੱਥੇ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਨਾਲ ਰਹਿਣ।