ਆਤਿਸ਼ੀ ਨੇ ਦਵਾਰਕਾ ਵਿੱਚ ਸਕੂਲ ਦਾ ਨੀਂਹ ਪੱਥਰ ਰੱਖਿਆ
ਨਵੀਂ ਦਿੱਲੀ, 25 ਅਕਤੂਬਰ
ਮੁੱਖ ਮੰਤਰੀ ਆਤਿਸ਼ੀ ਨੇ ਅੱਜ ਦਵਾਰਕਾ ਸੈਕਟਰ-19 ਵਿੱਚ ਇੱਕ ਨਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨੀਂਹ ਪੱਥਰ ਰੱਖਿਆ ਅਤੇ ਕਿਹਾ ਕਿ ਇਸ ਵਿੱਚ ਖੇਤਰ ਦੇ ਸਭ ਤੋਂ ਵਧੀਆ ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇਣ ਦੀਆਂ ਸਹੂਲਤਾਂ ਹੋਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਸਾਲ ਦੇ ਅੰਦਰ-ਅੰਦਰ ਮੁਕੰਮਲ ਹੋਣ ਦੀ ਉਮੀਦ ਹੈ। ਇਹ ਕੁਤੁਬ ਵਿਹਾਰ, ਸਰਿਤਾ ਵਿਹਾਰ, ਪੋਚਨਪੁਰ, ਭਗਤ ਸਿੰਘ ਐਨਕਲੇਵ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਬੱਚਿਆਂ ਲਈ ਵਿਸ਼ਵ ਪੱਧਰੀ ਸਿੱਖਿਆ ਕੇਂਦਰ ਬਣ ਜਾਵੇਗਾ। ਉਨ੍ਹਾਂ ਕਿਹਾ ਕਿ 104 ਕਮਰਿਆਂ ਵਾਲੀ ਸਕੂਲ ਦੀ ਇਮਾਰਤ ਵਿੱਚ ਇੱਕ ਐਮਫੀਥੀਏਟਰ, ਤਿੰਨ ਲਾਇਬ੍ਰੇਰੀਆਂ, ਬਾਸਕਟਬਾਲ ਅਤੇ ਬੈਡਮਿੰਟਨ ਕੋਰਟ ਸਮੇਤ ਹੋਰ ਸਹੂਲਤਾਂ ਹੋਣਗੀਆਂ, ਜਿਸ ਵਿੱਚ ਲਗਪਗ 2000 ਤੋਂ 2500 ਸਕੂਲੀ ਬੱਚਿਆਂ ਲਈ ਸਹੂਲਤ ਹੋਵੇਗੀ। ਆਤਿਸ਼ੀ ਨੇ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਬਦਬੂਦਾਰ ਪਖਾਨੇ, ਫਰਸ਼ ’ਤੇ ਮੈਟ ’ਤੇ ਬੈਠਣ ਵਾਲੇ ਵਿਦਿਆਰਥੀ ਅਤੇ ਅਧਿਆਪਕਾਂ ਦੀ ਘਾਟ ਹੁੰਦੀ ਸੀ। ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਨਹੀਂ ਭੇਜਣਾ ਚਾਹੁੰਦੇ ਸਨ ਪਰ 2015 ਵਿੱਚ ਇੱਕ ਚਮਤਕਾਰ ਹੋਇਆ ਅਤੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ। ਉਨ੍ਹਾਂ ਕਿਹਾ, ‘ਕੇਜਰੀਵਾਲ ਨੇ ਕਿਹਾ ਕਿ ਸਾਰੇ ਬੱਚਿਆਂ (ਭਾਵੇਂ ਉਹ ਗਰੀਬ ਜਾਂ ਅਮੀਰ ਪਰਿਵਾਰਾਂ ਵਿੱਚ ਪੈਦਾ ਹੋਏ ਹੋਣ) ਨੂੰ ਵਧੀਆ ਸਿੱਖਿਆ ਅਤੇ ਭਵਿੱਖ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।’ ਆਤਿਸ਼ੀ ਨੇ ਕਿਹਾ ਕਿ 2015 ਵਿੱਚ ‘ਆਪ’ ਦੇ ਸੱਤਾ ’ਚ ਆਉਣ ਤੋਂ ਬਾਅਦ ਸਿੱਖਿਆ ਦਾ ਬਜਟ ਦੁੱਗਣਾ ਕਰ ਦਿੱਤਾ ਗਿਆ ਅਤੇ ਇਹ ਕੁੱਲ ਬਜਟ ਦਾ 25 ਫੀਸਦ ਹਿੱਸਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸੇ ਵੀ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਇੰਨਾ ਪੈਸਾ ਨਹੀਂ ਖਰਚਿਆ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨਾ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਜੇ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਵੋਟ ਨਹੀਂ ਦਿੰਦੀ ਤਾਂ ਬੱਚਿਆਂ ਦੀ ਸਿੱਖਿਆ ਲਈ ਕੋਈ ਕੰਮ ਨਹੀਂ ਕਰੇਗਾ। ਉਨ੍ਹਾਂ ਲੋਕਾਂ ਨੂੰ ਸਿੱਖਿਆ ਦੀ ਵਕਾਲਤ ਕਰਨ ਵਾਲੇ ਜਾਂ ਜਾਤ ’ਤੇ ਆਧਾਰ ’ਤੇ ਸਿਆਸਤ ਕਰਨ ਵਾਲਿਆਂ ’ਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬੱਚਿਆਂ ਦਾ ਭਵਿੱਖ ਵੋਟਰਾਂ ਦੇ ਹੱਥਾਂ ਵਿੱਚ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਨੇ ਲਗਾਤਾਰ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਪਛਾੜਿਆ ਹੈ। ਉਨ੍ਹਾਂ ਕਿਹਾ, ‘ਸਰਕਾਰੀ ਸਕੂਲਾਂ ਵਿੱਚ ਅਜਿਹੀ ਕਾਮਯਾਬੀ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। ਹੁਣ ਦਿੱਲੀ ਦੇਸ਼ ਦਾ ਇੱਕਮਾਤਰ ਰਾਜ ਹੈ, ਜਿੱਥੇ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਤੋਂ ਸਰਕਾਰੀ ਸਕੂਲਾਂ ਵਿੱਚ ਤਬਦੀਲ ਕਰ ਰਹੇ ਹਨ।’ -ਪੀਟੀਆਈ