ਕੇਜਰੀਵਾਲ ਤੋਂ ਹਜ਼ਾਰ ਗੁਣਾ ਬਿਹਤਰ ਹੈ ਆਤਿਸ਼ੀ: ਸਕਸੈਨਾ
ਨਵੀਂ ਦਿੱਲੀ, 22 ਨਵੰਬਰ
ਦਿੱਲੀ ਦੀ ਮੁੱਖ ਮੰਤਰੀ ਅਤਿਸ਼ੀ ਦੀ ਸ਼ਲਾਘਾ ਕਰਦੇ ਹੋਏ ਉੱਪ-ਰਾਜਪਾਲ ਵੀਕੇ ਸਕਸੈਨਾ ਨੇ ਕਿਹਾ ਕਿ ਆਤਿਸ਼ੀ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਹਜ਼ਾਰ ਗੁਣਾ ਬਿਹਤਰ ਹੈ। ਇੰਦਰਾ ਗਾਂਧੀ ਦਿੱਲੀ ਮਹਿਲਾ ਤਕਨੀਕੀ ਵਿਸ਼ਵ ਵਿਦਿਆਲਿਆ ਦੀ ਸੱਤਵੀਂ ਡਿਗਰੀ ਵੰਡ ਸਮਾਗਮ ’ਚ ਸ੍ਰੀ ਸਕਸੈਨਾ ਨੇ ਕਿਹਾ,‘‘ ਮੈਨੂੰ ਅੱਜ ਖੁਸ਼ੀ ਹੋ ਰਹੀ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਇੱਕ ਮਹਿਲਾ ਹੈ ਅਤੇ ਮੈਂ ਪੂਰੇ ਵਿਸ਼ਵਾਸ਼ ਨਾਲ ਕਹਿ ਸਕਦਾ ਹਾਂ ਕਿ ਉਹ ਸਾਬਕਾ ਮੁੱਖ ਮੰਤਰੀ ਤੋਂ ਹਜ਼ਾਰ ਗੁਣਾਂ ਬਿਹਤਰ ਹੈ।’’ ਉੱਪ ਰਾਜਪਾਲ ਨੇ ਇਸ ਡਿਗਰੀ ਵੰਡ ਸਮਾਗਮ ’ਚ ਸ਼ਾਮਲ ਹੋਈ ਆਤਿਸ਼ੀ ਵੱਲ ਵੇਖ ਕੇ ਇਹ ਟਿੱਪਣੀ ਕੀਤੀ ਹੈ। ਸਮਾਗਮ ’ਚ ਮੁੱਖ ਮੰਤਰੀ ਆਤਿਸ਼ੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ,‘‘ ਜਿਵੇਂ-ਜਿਵੇਂ ਤੁਸੀ ਅੱਗੇ ਵੱਧ ਰਹੇ ਹੋ ਤੁਹਾਡੇ ਸਾਹਮਣੇ ਚਾਰ ਮਾਰਗਦਰਸ਼ਕ ਗੱਲਾਂ ਹੁੰਦੀਆਂ ਹਨ, ਪਹਿਲਾ ਖੁਦ ਪ੍ਰਤੀ ਜ਼ਿੰਮੇਵਾਰੀ, ਦੂਜਾ ਆਪਣੇ ਮਾਪਿਆ ਪ੍ਰਤੀ ਤੇ ਪਰਿਵਾਰ ਪ੍ਰਤੀ ਅਤੇ ਤੀਜਾ ਸਮਾਜ ਤੇ ਰਾਸ਼ਟਰ ਨਿਰਮਾਣ ਪ੍ਰਤੀ ਜ਼ਿੰਮੇਵਾਰੀ। ਉਨ੍ਹਾਂ ਕਿਹਾ ਕਿ ਚੌਥੀ ਜ਼ਿੰਮੇਵਾਰ ਇਹ ਹੈ ਕਿ ਤੁਸੀਂ ਖੁਦ ਨੂੰ ਇੱਕ ਅਜਿਹੀ ਮਹਿਲਾ ਦੇ ਰੂਪ ’ਚ ਸਾਬਤ ਕਰੋ ਜਿਸਨੇ ਲਿੰਗ ਦੇ ਭਾਦਭਾਵ ਦੀ ਕੰਧ ਨੂੰ ਤੋੜ ਕੇ ਸਾਰੇ ਖੇਤਰਾਂ ’ਚ ਦੂਜਿਆਂ ਦੇ ਬਾਰਬਕ ਖੜ੍ਹੀ ਹੋਵੇ। ਦੱਸਣਯੋਗ ਹੈ ਕਿ ‘ਆਪ’ ਅਤੇ ਭਾਜਪਾ ਵਿਚਾਲੇ ਸਾਸ਼ਨ ਤੇ ਨੌਕਰਸ਼ਾਹੀ ਨੂੰ ਲੈ ਕੇ ਟਕਰਾਅ ਜਾਰੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਜਰੀਵਾਲ ਨੇ ਸਤੰਬਰ ਮਹੀਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਜਨਤਾ ਤੋਂ ਇਮਾਨਦਾਰੀ ਦਾ ਪ੍ਰਮਾਣ ਪੱਤਰ ਮੰਗਣਗੇ। ਕੇਜਰੀਵਾਲ ਨੇ ਵਿਧਾਇਕ ਦਲ ਦੀ ਮੀਟਿੰਗ ’ਚ ਮੁੱਖ ਮੰਤਰੀ ਦੇ ਰੂਪ ਵਜੋਂ ਆਤਿਸ਼ੀ ਦੇ ਨਾਂ ਦਾ ਤਜਵੀਜ ਰੱਖੀ ਸੀ, ਜਿਸ ਨੂੰ ਸਾਰਿਆਂ ਨੇ ਸਵੀਕਾਰ ਕਰ ਲਿਆ ਸੀ। -ਪੀਟੀਆਈ