ਆਤਿਸ਼ੀ ਨੇ ਹਨੂੰਮਾਨ ਮੰਦਰ ਮੱਥਾ ਟੇਕਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਇਕ ਦਿਨ ਬਾਅਦ ਰਾਸ਼ਟਰੀ ਰਾਜਧਾਨੀ ਦੇ ਕਨਾਟ ਪੈਲੇਸ ਸਥਿਤ ਹਨੂੰਮਾਨ ਮੰਦਰ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਉਨ੍ਹਾਂ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਜਿਤਾ ਕੇ ਉਨ੍ਹਾਂ ਦੇ ਦਫਤਰ ਵਿੱਚ ਭੇਜਣ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਮੱਥਾ ਟੇਕਣ ਉਪਰੰਤ ਕਿਹਾ ਕਿ ਭਗਵਾਨ ਹਨੂੰਮਾਨ ਪਿਛਲੇ ਦੋ ਸਾਲਾਂ ਤੋਂ ‘ਆਪ’, ਦਿੱਲੀ ਵਿੱਚ ਇਸ ਦੀ ਸਰਕਾਰ ਅਤੇ ਕੇਜਰੀਵਾਲ ਨੂੰ ‘ਦੁਸ਼ਮਣਾਂ’ ਦੇ ਹਮਲਿਆਂ ਤੋਂ ਬਚਾਅ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਣ ਅਤੇ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਵਾਪਸ ਲਿਆਉਣ ਲਈ ਮੁਰਾਦ ਮੰਗੀ। ਮੁੱਖ ਮੰਤਰੀ ਆਤਿਸ਼ੀ ਨੇ ਸਾਰਿਆਂ ਦੀ ਖੁਸ਼ਹਾਲੀ ਲਈ ਆਸ਼ੀਰਵਾਦ ਲਿਆ। ਮੰਦਰ ਦੇ ਮਹੰਤ ਨੇ ਮੁੱਖ ਮੰਤਰੀ ਨੂੰ ਤਿਲਕ ਲਗਾਇਆ ਅਤੇ ਆਤਿਸ਼ੀ ਨੂੰ ਧਾਰਮਿਕ ਝੰਡਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਸ਼ਿਵਲਿੰਗ ’ਤੇ ਜਲ ਚੜ੍ਹਾਇਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਤਿਸ਼ੀ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਆਮ ਆਦਮੀ ਪਾਰਟੀ , ਦਿੱਲੀ ਸਰਕਾਰ, ਸਾਡੇ ਨੇਤਾ ਅਰਵਿੰਦ ਕੇਜਰੀਵਾਲ ’ਤੇ ਹਰ ਤਰ੍ਹਾਂ ਦੇ ਹਮਲੇ ਹੋਏ ਹਨ। ਦੁਸ਼ਮਣਾਂ ਨੇ ਸਾਨੂੰ ਤੋੜਨ, ਸਾਡੀ ਆਵਾਜ਼ ਨੂੰ ਦਬਾਉਣ, ਚੁੱਪ ਕਰਾਉਣ, ਦਿੱਲੀ ਦੇ ਲੋਕਾਂ ਦਾ ਕੰਮ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਰ ਹਨੂੰਮਾਨ ਨੇ ਹਰ ਸੰਕਟ ਵਿੱਚ ਆਮ ਆਦਮੀ ਪਾਰਟੀ ਦੀ, ਅਰਵਿੰਦ ਕੇਜਰੀਵਾਲ ਦੀ, ਸਰਕਾਰ ਅਤੇ ਦਿੱਲੀ ਵਾਸੀਆਂ ਦੀ ਰੱਖਿਆ ਕੀਤੀ। ਜ਼ਿਕਰਯੋਗ ਹੈ ਕਿ ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਹਰ ਅਹਿਮ ਕੰਮ ਤੋਂ ਪਹਿਲਾਂ ਇਸੇ ਮੰਦਰ ਵਿਖੇ ਮੱਥਾ ਟੇਕਣ ਜਾਂਦੇ ਹਨ।