For the best experience, open
https://m.punjabitribuneonline.com
on your mobile browser.
Advertisement

ਆਤਿਸ਼ੀ ਅਤੇ ਮੇਅਰ ਨੇ ਿਲਆ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ

08:50 AM Jul 02, 2024 IST
ਆਤਿਸ਼ੀ ਅਤੇ ਮੇਅਰ ਨੇ ਿਲਆ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ
ਹੜ੍ਹ ਰੋਕੋ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਜਲ ਮੰਤਰੀ ਆਤਿਸ਼ੀ ਤੇ ਮੇਅਰ ਸ਼ੈਲੀ ਓਬਰਾਏ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਜੁਲਾਈ
ਕੌਮੀ ਰਾਜਧਾਨੀ ਵਿੱਚ ਪਾਣੀ ਭਰਨ ਤੋਂ ਰੋਕਣ ਲਈ ਲੋਕ ਨਿਰਮਾਣ ਮੰਤਰੀ ਆਤਿਸ਼ੀ ਲਗਾਤਾਰ ਦੂਜੇ ਦਿਨ ਵੀ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਂਦੇ ਰਹੇ। ਲੋਕ ਨਿਰਮਾਣ ਮੰਤਰੀ ਨੇ ਅੱਜ ਆਈਟੀਓ ਸਥਿਤ ਐੱਮਸੀਡੀ ਦੇ ਡਰੇਨ ਨੰਬਰ 12 ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਮੇਅਰ ਸ਼ੈਲੀ ਓਬਰਾਏ, ਮੁੱਖ ਸਕੱਤਰ ਸਣੇ ਐੱਮਸੀਡੀ, ਲੋਕ ਨਿਰਮਾਣ ਵਿਭਾਗ ਸ਼ਹਿਰੀ ਵਿਕਾਸ ਅਤੇ ਹੜ੍ਹ ਅਤੇ ਸਿੰਜਾਈ ਕੰਟਰੋਲ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਐੱਮਸੀਡੀ ਦਾ ਡਰੇਨ ਨੰਬਰ 12 ਮੱਧ ਦਿੱਲੀ ਤੋਂ ਯਮੁਨਾ ਤੱਕ ਪਾਣੀ ਪਹੁੰਚਾਉਣ ਦਾ ਕੰਮ ਕਰਦਾ ਹੈ। 28 ਜੂਨ ਨੂੰ ਦਿੱਲੀ ਵਿੱਚ ਸਿਰਫ਼ 24 ਘੰਟਿਆਂ ਵਿੱਚ 228 ਮਿਲੀਮੀਟਰ ਭਰਵਾਂ ਮੀਂਹ ਪਿਆ ਸੀ। ਆਮ ਤੌਰ ’ਤੇ ਪੂਰੇ ਮੌਨਸੂਨ ਦੌਰਾਨ ਦਿੱਲੀ ਵਿੱਚ 800 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਵਾਰ ਪੂਰੇ ਮੌਨਸੂਨ ਦਾ ਲਗਭਗ ਇਕ ਚੌਥਾਈ ਮੀਂਹ ਸਿਰਫ 24 ਘੰਟਿਆਂ ਵਿੱਚ ਹੀ ਪਿਆ। ਇਸ ਮੀਂਹ ਕਾਰਨ ਡਰੇਨ ਨੰਬਰ 12 ਓਵਰਫਲੋਅ ਹੋ ਗਈ ਅਤੇ ਆਈਟੀਓ ਚੌਕ ਦੇ ਆਲੇ-ਦੁਆਲੇ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਗਈ। ਭਵਿੱਖ ਵਿੱਚ ਅਜਿਹੀ ਸਥਿਤੀ ਦੁਬਾਰਾ ਨਾ ਪੈਦਾ ਹੋਣ ਨੂੰ ਯਕੀਨੀ ਬਣਾਉਣ ਲਈ ਲੋਕ ਨਿਰਮਾਣ ਮੰਤਰੀ ਆਤਿਸ਼ੀ ਅਤੇ ਮੇਅਰ ਸ਼ੈਲੀ ਓਬਰਾਏ ਨੇ ਸੀਨੀਅਰ ਅਧਿਕਾਰੀਆਂ ਨਾਲ ਸਾਂਝੇ ਤੌਰ ’ਤੇ ਆਈਟੀਓ ਚੌਕ ਤੋਂ ਲੈ ਕੇ ਡਰੇਨ ਦੇ ਬਾਹਰਵਾਰ ਤੱਕ ਦੇ ਵੱਡੇ ਹਿੱਸੇ ਦਾ ਨਿਰੀਖਣ ਕੀਤਾ।
ਨਿਰੀਖਣ ਦੌਰਾਨ ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਆਉਣ ਵਾਲੇ ਬਰਸਾਤ ਦੇ ਮੌਸਮ ਵਿੱਚ ਐੱਮਸੀਡੀ ਡਰੇਨ ਨੰਬਰ 12 ਨੂੰ ਓਵਰਫਲੋਅ ਹੋਣ ਤੋਂ ਰੋਕਣ ਲਈ ਹੱਲ ਲੱਭਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਡਰੇਨ ਨੂੰ ਓਵਰਫਲੋਅ ਹੋਣ ਤੋਂ ਰੋਕਣ ਲਈ ਸਥਾਈ ਹੱਲ ਕੱਢਿਆ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਨਾਲ ਪਾਣੀ ਭਰਨ ਦੀ ਸਮੱਸਿਆ ਨਾ ਆਵੇ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਮੇਅਰ ਸ਼ੈਲੀ ਓਬਰਾਏ ਨੇ ਇਹ ਵੀ ਕਿਹਾ ਕਿ ਆਈਟੀਓ ਚੌਕ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸੜਕਾਂ ਦਿੱਲੀ ਦੀਆਂ ਸਭ ਤੋਂ ਮਹੱਤਵਪੂਰਨ ਸੜਕਾਂ ’ਚੋਂ ਹਨ। ਇਹ ਯਕੀਨੀ ਬਣਾਉਣ ਲਈ ਕਿ ਇੱਥੇ ਕੋਈ ਪਾਣੀ ਜਮ੍ਹਾ ਨਾ ਹੋਵੇ, ਉਹ ਦਿੱਲੀ ਸਰਕਾਰ ਦੇ ਵਿਭਾਗਾਂ ਨਾਲ ਮਿਲ ਕੇ ਕੰਮ ਕਰਨਗੇ ਅਤੇ ਸੇਮ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕਣਗੇ।

Advertisement

ਪ੍ਰਗਤੀ ਮੈਦਾਨ ਦੀ ਸੁਰੰਗ ਖੋਲ੍ਹੀ

ਕੌਮੀ ਰਾਜਧਾਨੀ ਦੇ ਪ੍ਰਗਤੀ ਮੈਦਾਨ ਦੀ ਸੁਰੰਗ ਪਿਛਲੇ ਹਫ਼ਤੇ ਸ਼ਹਿਰ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਪਾਣੀ ਭਰਣ ਕਾਰਨ ਬੰਦ ਕਰ ਦਿੱਤੀ ਗਈ ਸੀ। ਇਸ ਨੂੰ ਅੱਜ ਖੋਲ੍ਹ ਦਿੱਤਾ ਗਿਆ। ਇਸ ਸੁਰੰਗ ਦਾ ਉਦਘਾਟਨ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਦੀ ਸਫਾਈ ਤੋਂ ਬਾਅਦ ਸੋਮਵਾਰ ਨੂੰ ਆਵਾਜਾਈ ਬਹਾਲ ਹੋ ਗਈ ਹੈ। ਇਹ ਸੁਰੰਗ 28 ਜੂਨ ਤੋਂ ਬੰਦ ਸੀ। ਬੀਤੇ ਸਾਲ ਵੀ ਇਹ ਸੁਰੰਗ ਬੰਦ ਕਰਨੀ ਪਈ ਸੀ, ਜਦੋਂ ਪਾਣੀ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ।

Advertisement
Author Image

sukhwinder singh

View all posts

Advertisement
Advertisement
×