ਦਿੱਲੀ ’ਚ ਪਾਣੀ ਦੀ ਘਾਟ ਸਬੰਧੀ ਆਤਿਸ਼ੀ ਤੇ ਸੌਰਵ ਐਲਜੀ ਨੂੰ ਮਿਲੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਦਿੱਲੀ ਦੇ ਜਲ ਮੰਤਰੀ ਆਤਿਸ਼ੀ ਅਤੇ ਸ਼ਹਿਰੀ ਵਿਕਾਸ ਮੰਤਰੀ ਸੌਰਵ ਭਾਰਦਵਾਜ ਅੱਜ ਰਾਜਧਾਨੀ ਵਿੱਚ ਪਾਣੀ ਦੀ ਘਾਟ ਕਾਰਨ ਐੱਲਜੀ ਨੂੰ ਮਿਲੇ। ਇਸ ਮਗਰੋਂ ਆਤਿਸ਼ੀ ਨੇ ਕਿਹਾ ਹੈ ਕਿ ਵਜ਼ੀਰਾਬਾਦ ਬੈਰਾਜ ਵਿੱਚ ਪਾਣੀ ਦਾ ਪੱਧਰ ਘੱਟ ਹੈ ਅਤੇ ਮੂਨਕ ਨਹਿਰ ਵਿੱਚ ਵੀ ਘੱਟ ਪਾਣੀ ਆ ਰਿਹਾ ਹੈ। ਇਸ ਕਾਰਨ ਦਿੱਲੀ ਵਿੱਚ ਪਾਣੀ ਦੀ ਕਮੀ ਹੋਰ ਵਧ ਗਈ ਹੈ। ਆਤਿਸ਼ੀ ਨੇ ਕਿਹਾ ਕਿ ਉਸ ਨੇ ਪਾਣੀ ਦੀ ਸਮੱਸਿਆ ਬਾਰੇ ਐਲਜੀ ਵੀਕੇ ਸਕਸੈਨਾ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹਰਿਆਣਾ ਸਰਕਾਰ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਜਲ ਬੋਰਡ ਵਿਚ ਪ੍ਰਸ਼ਾਸਨਿਕ ਕੰਮਾਂ ਨੂੰ ਢੁੱਕਵੇਂ ਢੰਗ ਨਾਲ ਚਲਾਉਣ ਲਈ ਇਕੱਲੇ ਚਾਰਜ ਵਾਲੇ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇਗਾ। ਆਤਿਸ਼ੀ ਨੇ ਕਿਹਾ ਕਿ ਕਿਉਂਕਿ ਐਲਜੀ ਕੇਂਦਰ ਸਰਕਾਰ ਦਾ ਨੁਮਾਇੰਦਾ ਹੈ, ਇਸ ਲਈ ਅਸੀਂ ਉਸ ਨੂੰ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ। ਆਤਿਸ਼ੀ ਨੇ ਕਿਹਾ ਕਿ ਗਰਮੀਆਂ ਦੇ ਵਾਸ਼ਪੀਕਰਨ ਦੇ ਨੁਕਸਾਨ ਦੌਰਾਨ ਵੀ ਜਦੋਂ ਹਰਿਆਣਾ ਮੂਨਕ ਨਹਿਰ ਵਿੱਚ 1,050 ਕਿਊਸਿਕ ਪਾਣੀ ਛੱਡਦਾ ਹੈ, 990 ਕਿਊਸਿਕ ਪਾਣੀ ਦਿੱਲੀ ਦੇ ਐਂਟਰੀ ਪੁਆਇੰਟਾਂ ਤੱਕ ਪਹੁੰਚ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਪੱਧਰ ਘਟ ਕੇ 840-850 ਕਿਊਸਿਕ ਰਹਿ ਗਿਆ ਹੈ। ਆਤਿਸ਼ੀ ਨੇ ਦੱਸਿਆ ਕਿ ਦਿੱਲੀ ਦੇ ਸੱਤ ਵਾਟਰ ਟ੍ਰੀਟਮੈਂਟ ਪਲਾਂਟ ਪਾਣੀ ਲਈ ਮੂਨਕ ਨਹਿਰ ’ਤੇ ਨਿਰਭਰ ਹਨ। ਉਨ੍ਹਾਂ ਕਿਹਾ ਕਿ ਵਜ਼ੀਰਾਬਾਦ ਬੈਰਾਜ ਵਿੱਚ ਵੀ ਘੱਟ ਪਾਣੀ ਪੈਦਾ ਹੋਇਆ ਹੈ ਜਿਸ ਦਾ ਅਸਰ ਦਿੱਲੀ ਵਾਸੀਆਂ ’ਤੇ ਪੈ ਰਿਹਾ ਹੈ।
ਆਤਿਸ਼ੀ ਨੇ ਕਿਹਾ ਕਿ ਐਲਜੀ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਉਹ ਹਰਿਆਣਾ ਸਰਕਾਰ ਨਾਲ ਗੱਲ ਕਰਨਗੇ। ਦਿੱਲੀ ਜਲ ਬੋਰਡ (ਡੀਜੇਬੀ) ਵਿੱਚ ਸਟਾਫ ਦੀ ਕਮੀ ਬਾਰੇ ਵੀ ਚਰਚਾ ਕੀਤੀ ਗਈ ਕਿ ਡੀਜੇਬੀ ਦੇ ਸੀਈਓ ਕੋਲ ਜੀਐੱਸਟੀ ਅਤੇ ਪੀਡਬਲਿਊਡੀ ਸਣੇ ਦੋ ਹੋਰ ਵਿਭਾਗਾਂ ਦੀ ਦੇਖਭਾਲ ਵੀ ਹੈ। ਐਲਜੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ ਇੱਕ ਸਿੰਗਲ-ਚਾਰਜ ਅਧਿਕਾਰੀ ਨੂੰ ਸ਼ਾਮਲ ਕਰੇਗਾ ਤਾਂ ਜੋ ਦਿੱਲੀ ਜਲ ਬੋਰਡ ਵਿੱਚ ਪ੍ਰਸ਼ਾਸਨਿਕ ਕੰਮ ਢੁਕਵੇਂ ਢੰਗ ਨਾਲ ਕੀਤੇ ਜਾਣ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਦਿੱਲੀ ਜਲ ਬੋਰਡ ਵਿੱਚ ਅਧਿਕਾਰੀਆਂ ਦੀ ਕਮੀ ਨੂੰ ਵੀ ਹੱਲ ਕੀਤਾ ਜਾਵੇਗਾ।