ਅਥਲੈਟਿਕਸ: ਅਧਿਆਪਕ ਪਰਮਜੀਤ ਕੌਰ ਨੇ ਤਿੰਨ ਸੋਨ ਤਗ਼ਮੇ ਜਿੱਤੇ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਨਵੰਬਰ
ਭਵਾਨੀਗੜ੍ਹ ਬਲਾਕ ਦੇ ਸਰਕਾਰੀ ਮਿਡਲ ਸਕੂਲ ਝਨੇੜੀ ਵਿੱਚ ਤਾਇਨਾਤ ਪੀਟੀਆਈ ਅਧਿਆਪਕ ਪਰਮਜੀਤ ਕੌਰ ਨੇ ਸੰਗਰੂਰ ’ਚ ਹੋਈਆਂ 45ਵੀਆਂ ਪੰਜਾਬ ਪੱਧਰੀ ਮਾਸਟਰ ਅਥਲੈਟਿਕਸ ਖੇਡਾਂ ਦੌਰਾਨ 55 ਸਾਲ ਉਮਰ ਵਰਗ ਵਿੱਚ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰਕੇ 3 ਸੋਨ ਤਗ਼ਮੇ ਜਿੱਤੇ ਹਨ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੇ ਪ੍ਰਿੰਸੀਪਲ ਦੀਪਕ ਕੁਮਾਰ, ਸਰਕਾਰੀ ਮਿਡਲ ਸਕੂਲ ਝਨੇੜੀ ਦੇ ਸਟਾਫ ਮਨਪ੍ਰੀਤ ਕੌਰ, ਪ੍ਰੀਤ ਸਿੰਗਲਾ, ਅਰਸ਼ਦੀਪ ਸਿੰਘ, ਲਖਵੀਰ ਸਿੰਘ ਅਤੇ ਗੁਰਮੀਤ ਸਿੰਘ ਸਰਪੰਚ ਝਨੇੜੀ ਨੇ ਪਰਮਜੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਅਧਿਆਪਕਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਉਕਤ ਅਧਿਆਪਕਾ ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਤੇ ਦੌੜਾਂ ਵਿੱਚ ਸੋਨ ਤਗ਼ਮੇ ਹਾਸਲ ਕਰ ਰਹੇ ਹਨ। ਇਸ ਵਾਰ ਉਨ੍ਹਾਂ ਦੇ ਪਤੀ ਸ਼ਮਸ਼ੇਰ ਸਿੰਘ ਜੋ ਕਿ ਬਤੌਰ ਸਰੀਰਿਕ ਸਿੱਖਿਆ ਲੈਕਚਰਾਰ ਰਿਟਾਇਰ ਹੋਏ ਹਨ, ਨੇ ਵੀ 1500 ਮੀਟਰ ਦੀ ਦੌੜ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗ਼ਮਾ ਅਤੇ 800 ਮੀਟਰ ਦੌੜ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ। ਅਧਿਆਪਕਾਂ ਦੀ ਇਹ ਜਿੱਤ ਹੋਰਨਾਂ ਲਈ ਪ੍ਰੇਰਨਾ ਸਰੋਤ ਹੈ।