ਅਥਲੈਟਿਕਸ: ਅਨੂ ਰਾਣੀ ਤੇ ਯਾਰਾਜੀ ਦਾ ਨਿਰਾਸ਼ਾਜਨਕ ਪ੍ਰਦਰਸ਼ਨ
ਪੈਰਿਸ, 7 ਅਗਸਤ
ਭਾਰਤੀ ਖਿਡਾਰਨ ਅਨੂ ਰਾਣੀ ਮੁੜ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੇ ਗੇੜ ’ਚੋਂ ਬਾਹਰ ਹੋ ਗਈ, ਜਦੋਂਕਿ ਜਯੋਤੀ ਯਾਰਾਜੀ 100 ਮੀਟਰ ਅੜਿੱਕਾ ਦੌੜ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝ ਗਈ। ਕੌਮੀ ਰਿਕਾਰਡ ਬਣਾਉਣ ਵਾਲੀ 31 ਸਾਲਾ ਜੈਵਲਿਨ ਥਰੋਅਰ ਅਨੂ ਨੇ 55.81 ਮੀਟਰ ਨਾਲ ਸ਼ੁਰੂਆਤ ਕੀਤੀ ਅਤੇ ਅਗਲੇ ਦੋ ਯਤਨਾਂ ਵਿੱਚ 53.22 ਮੀਟਰ ਅਤੇ 53.55 ਮੀਟਰ ਨੇਜ਼ਾ ਸੁੱਟਿਆ। ਉਹ ਗਰੁੱਪ ‘ਏ’ ਵਿੱਚ 16 ਖਿਡਾਰੀਆਂ ਵਿੱਚੋਂ 15ਵੇਂ ਅਤੇ ਕੁੱਲ 26ਵੇਂ ਸਥਾਨ ’ਤੇ ਰਹੀ। ਵਿਦੇਸ਼ ਵਿੱਚ ਤਿਆਰੀ ਕਰਨ ਵਾਲੀ ਅਨੂ ਦਾ ਸੈਸ਼ਨ ਦਾ ਸਰਵੋਤਮ ਪ੍ਰਦਰਸ਼ਨ 60.68 ਮੀਟਰ ਅਤੇ ਕੌਮੀ ਰਿਕਾਰਡ 63.82 ਮੀਟਰ ਦਾ ਹੈ। ਉਸ ਨੇ ਵਿਸ਼ਵ ਦਰਜਾਬੰਦੀ ਕੋਟੇ ਰਾਹੀਂ ਪੈਰਿਸ ਓਲੰਪਿਕ ਦੀ ਟਿਕਟ ਕਟਾਈ ਸੀ। ਉਧਰ, ਭਾਰਤ ਦੀ ਸੌ ਮੀਟਰ ਦੀ ਅੜਿੱਕਾ ਦੌੜ ਦੀ ਖਿਡਾਰਨ ਜਯੋਤੀ ਯਾਰਾਜੀ ਆਪਣੀ ਪਹਿਲੀ ਹੀਟ ਵਿੱਚ ਖ਼ਰਾਬ ਪ੍ਰਦਰਸ਼ਨ ਮਗਰੋਂ ਸੱਤਵੇਂ ਸਥਾਨ ’ਤੇ ਰਹੀ ਅਤੇ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝ ਗਈ। ਪਹਿਲੀ ਵਾਰ ਓਲੰਪਿਕ ਖੇਡ ਰਹੀ ਯਾਰਾਜੀ ਖੇਡਾਂ ਵਿੱਚ ਸੌ ਮੀਟਰ ਅੜਿੱਕਾ ਦੌੜ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਵੀ ਹੈ। ਉਸ ਨੇ ਚੌਥੀ ਹੀਟ ਵਿੱਚ 13.16 ਸੈਕਿੰਡ ਦਾ ਸਮਾਂ ਕੱਢਿਆ ਅਤੇ 40 ਦੌੜਾਂ ਵਿੱਚੋਂ 35ਵੇਂ ਸਥਾਨ ’ਤੇ ਰਹੀ। 24 ਸਾਲਾ ਯਾਰਾਜੀ ਦਾ ਕੌਮੀ ਰਿਕਾਰਡ 12.78 ਸੈਕਿੰਡ ਦਾ ਹੈ। ਮੌਜੂਦਾ ਚੈਂਪੀਅਨ ਪੋਰਟੋ ਰੀਕੋ ਦੀ ਜੈਸਮੀਨ ਕਮਾਚੋ ਕਿਨ ਨੇ 12.42 ਸੈਕਿੰਡ ਦਾ ਸਮਾਂ ਕੱਢ ਕੇ ਸਿਖਰਲਾ ਸਥਾਨ ਹਾਸਲ ਕੀਤਾ। ਪੰਜ ਹੀਟਾਂ ਵੱਚ ਚੋਟੀ ਦੇ ਤਿੰਨ ਖਿਡਾਰੀ ਅਤੇ ਅਗਲੇ ਤਿੰਨ ਸਭ ਤੋਂ ਤੇਜ਼ ਖਿਡਾਰੀ ਸੈਮੀਫਾਈਨਲ ਵਿੱਚ ਪਹੁੰਚਣਗੇ। ਬਾਕੀ ਮੁਕਾਬਲਿਆਂ ਵਿੱਚ ਵੀਰਵਾਰ ਨੂੰ ਰੈਪੇਚੇਜ ਗੇੜ ਜ਼ਰੀਏ ਸੈਮੀ ਫਾਈਨਲ ਵਿੱਚ ਪਹੁੰਚਣ ਦਾ ਇੱਕ ਹੋਰ ਮੌਕਾ ਮਿਲੇਗਾ। -ਪੀਟੀਆਈ