ਅਥਲੈਟਿਕ ਮੀਟ: ਸੀਮਾ ਤੇ ਜਸ਼ਨਦੀਪ ਬਣੇ ਸਰਵੋਤਮ ਖਿਡਾਰੀ
ਪੱਤਰ ਪ੍ਰੇਰਕ
ਦੇਵੀਗੜ੍ਹ, 30 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜ ਮੀਰਾਂਪੁਰ ਵਿੱਚ ਇੰਚਾਰਜ ਸਹਾਇਕ ਪ੍ਰੋ. ਹਰਦੀਪ ਸਿੰਘ ਧਿੰਗੜ ਦੀ ਅਗਵਾਈ ਹੇਠ ਅਤੇ ਖੇਡ ਸਮਾਰੋਹ ਦੇ ਕਨਵੀਨਰ ਡਾ. ਗੁਰਦੇਵ ਸਿੰਘ ਦੀ ਦੇਖ ਰੇਖ ਹੇਠ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਲੰਬੀ ਛਾਲ, ਗੋਲਾ ਸੁੱਟਣਾ, 200, 400 ਅਤੇ 800 ਮੀਟਰ ਦੌੜ, ਬੈਕ ਦੌੜ, ਰੱਸਾ ਕੱਸੀ ਤੇ ਤਿੰਨ ਟੰਗੀ ਦੌੜ ਆਦਿ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚੋਂ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਸੀਮਾ ਦੇਵੀ ਤੇ ਜਸ਼ਨਦੀਪ ਸਿੰਘ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਨੂੰ ਯੂਨੀਵਰਸਿਟੀ ਕਾਲਜ ਮੀਰਾਂਪੁਰ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ।
ਇਸ ਅਥਲੈਟਿਕ ਮੀਟ ਦੀ ਸ਼ੁਰੂਆਤ ਝੰਡਾ ਲਹਿਰਾ ਕੇ ਯੂਨੀਵਰਸਿਟੀ ਧੁਨ ਨਾਲ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਡਾਇਰੈਕਟਰ ਕਾਂਸਟੀਚੂਐਂਟ ਕਾਲਜ ਅਮਰਦੀਪ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜੀਤ ਸਿੰਘ ਮੀਰਾਂਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੁਧਨਸਾਧਾਂ ਨੇ ਸ਼ਮੂਲੀਅਤ ਕੀਤੀ। ਅਥਲੈਟਿਕ ਮੀਟ ਦੌਰਾਨ ਵੱਖ ਵੱਖ ਮੁਕਾਲਿਆਂ ਵਿੱਚੋਂ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਚਾਰਜ ਸਹਾਇਕ ਪ੍ਰੋ. ਹਰਦੀਪ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਾਲਜ ਵੱਲੋਂ ਅਜਿਹੇ ਹੋਰ ਵੀ ਉਪਰਾਲੇ ਕੀਤੇ ਜਾਣਗੇ।