ਵੋਟ ਪਾਉਣ ਮੌਕੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ ’ਤੇ ਪਾਈ, ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਜੂਨ
ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਮੌਕੇ ਵੋਟ ਪਾਉਂਦੇ ਸਮੇਂ ਫੋਟੋ ਖਿੱਚਣਾ ਜਾਂ ਵੀਡੀਓ ਬਣਾਉਣਾ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ। ਇਸ ਦੇ ਬਾਵਜੂਦ ਸ਼ਹਿਰ ’ਚ ਕਈ ਲੋਕਾਂ ਨੇ ਵੋਟ ਪਾਉਣ ਸਮੇਂ ਵੀਡੀਓ ਬਣਾਈ ਤੇ ਫੋਟ ਖਿੱਚੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਕੁਝ ਲੋਕਾਂ ਨੇ ਵੀਡੀਓ ਤੇ ਫੋਟੋ ਸੋਸ਼ਲ ਮੀਡੀਆ ’ਤੇ ਅਪਲੋਡ ਵੀ ਕੀਤੀ। ਜਦੋਂ ਇਸ ਗੱਲ ਦਾ ਪਤਾ ਚੋਣ ਕਮਿਸ਼ਨ ਨੂੰ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਫੋਟੋ ਅਪਲੋਡ ਕਰਨ ਦਾ ਕੇਸ ਦਰਜ ਕੀਤਾ ਹੈ। ਪੁਲੀਸ ਜਾਂਚ ਕਰ ਕੇ ਪਤਾ ਲਾ ਰਹੀ ਹੈ ਕਿ ਉਕਤ ਫੋਟੋ ਅਪਲੋਡ ਕਰਨ ਵਾਲਾ ਕੌਣ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਵੀ ਫੋਟੋ ਖਿੱਚ ਕੇ ਆਪਣੀ ਸਾਥੀਆਂ ਨੂੰ ਦੱਸਿਆ ਕਿ ਉਹ ਕਿਸ ਉਮੀਦਵਾਰ ਨੂੰ ਵੋਟ ਪਾ ਕੇ ਆਏ ਹਨ ਤੇ ਇਸ ਤੋਂ ਬਾਅਦ ਸਾਬਕਾ ਵਿਧਾਇਕ ਹਰੀਸ਼ ਬੇਦੀ ਦੇ ਲੜਕੇ ਹਿਤੇਸ਼ ਬੇਦੀ ਉਰਫ਼ ਹਨੀ ਵੀ ਪਿੱਛੇ ਨਹੀਂ ਰਹੇ ਤੇ ਉਨ੍ਹਾਂ ਨੇ ਵੀ ਵੋਟ ਪਾਉਂਦੇ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ। ਚੋਣ ਅਧਿਕਾਰੀ ਇਸ ਮਾਮਲੇ ਵਿੱਚ ਜਾਂਚ ’ਚ ਲੱਗੇ ਹੋਏ ਹਨ।