ਝੋਨੇ ਦੀ ਲੁਆਈ ਵੇਲੇ ਹੀ ਸਰਕਾਰ ਨੂੰ ਪਰਾਲੀ ਸਾੜਨ ਦਾ ਫਿਕਰ ਲੱਗਿਆ
ਪੱਤਰ ਪ੍ਰੇਰਕ
ਮਾਨਸਾ, 29 ਜੂਨ
ਪੰਜਾਬ ਸਰਕਾਰ ਨੂੰ ਇਸ ਵਾਰ ਝੋਨੇ ਦੀ ਲੁਵਾਈ ਵੇਲੇ ਹੀ ਪਰਾਲੀ ਸਾੜਨ ਦਾ ਫ਼ਿਕਰ ਖੜ੍ਹਾ ਹੋਣ ਲੱਗਿਆ ਹੈ। ਸਰਕਾਰ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਣੇ ਤੋਂ ਹੀ ਪਰਾਲੀ ਸਾੜਨ ਦੀ ਪ੍ਰਥਾ ਨੂੰ ਰੋਕਣ ਲਈ ਉਪਰਾਲੇ ਕਰਨ ਲਈ ਆਦੇਸ਼ ਕੀਤੇ ਹਨ। ਇਸੇ ਤਹਿਤ ਮਾਨਸਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ.ਬੈਨਿਥ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਅਤੇ ਇਸ ਦੀ ਸੁਚੱਜੀ ਸੰਭਾਲ ਸਬੰਧੀ ਬੈਠਕ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਨੂੰ ਮਾਲਵਾ ਖੇਤਰ ਦੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਰੋਕਣ ਲਈ ਸਰਕਾਰ ਦਾ ਸਾਥ ਦੇਣ ਲਈ ਅਪੀਲ-ਦਲੀਲ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਝੋਨੇ ਦੀ ਲੁਵਾਈ ਵੇਲੇ ਹੀ ਜੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਪ੍ਰੇਰਿਤ ਕੀਤਾ ਜਾਵੇ ਤਾਂ ਇਸ ਦੇ ਸਾਉਣੀ ਦੀ ਵਾਢੀ ਵੇਲੇ ਸਾਰਥਕ ਨਤੀਜੇ ਸਾਹਮਣੇ ਆਉਣ ਦੀ ਪੂਰੀ ਸੰਭਾਵਨਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਂਚ ਕੀਤੇ ਗਏ ਕਿਸਾਨ ਚੈਟ ਬੋਟ (ਮਾਨਸਾ ਕ੍ਰਿਸ਼ੀ ਸੇਵਕ) ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸਾਂਭ-ਸੰਭਾਲ ਕਰਨ ਵਾਲੇ ਕਿਸਾਨਾਂ ਲਈ ਲੱਕੀ ਡਰਾਅ ਦੀ ਸੁਵਿਧਾ ਰੱਖੀ ਗਈ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਡਾ. ਸਤਪਾਲ ਸਿੰਘ, ਭਾਕਿਯੂ (ਲੱਖੇਵਾਲ) ਦੇ ਪ੍ਰਸ਼ੋਤਮ ਸਿੰਘ ਗਿੱਲ, ਨਿਰਮਲ ਸਿੰਘ, ਦਰਸ਼ਨ ਸਿੰਘ ਜਟਾਣਾ, ਗੁਰਮੀਤ ਸਿੰਘ ਬੈਣੀਵਾਲ, ਭਾਕਿਯੂ (ਡਕੌਂਦਾ) ਦੇ ਨੁਮਾਇੰਦੇ ਮਨਜੀਤ ਸਿੰਘ ਉੱਲਕ, ਮਲਕੀਤ ਸਿੰਘ ਦਲੀਏਵਲੀ, ਦਰਸ਼ਨ ਸਿੰਘ ਗੁਰਨੇ ਕਲਾਂ, ਮੱਖਣ ਸਿੰਘ ਭੈਣੀਬਾਘਾ ਮੌਜੂਦ ਸਨ।