ਉਤਸਵ ਉਥਾਨ ਦੀ ਸਮਾਪਤੀ ’ਤੇ ਨਾਟਕ ‘ਏਕ ਰਾਗ ਦੋ ਸਵਰ’ ਖੇਡਿਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਅਕਤੂਬਰ
ਨਿਊ ਉਥਾਨ ਗਰੁੱਪ ਦੇ 15 ਸਾਲ ਪੂਰੇ ਹੋਣ ’ਤੇ ਤਿੰਨ ਰੋਜ਼ਾ ਸਾਲਾਨਾ ਸਮਾਰੋਹ ਉਥਾਨ ਉਤਸਵ ਦੀ ਸਮਾਮਤੀ ’ਤੇ ਹਰਿਆਣਾ ਸਰਸਵਤੀ ਹੈਰੀਟੇਜ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਘੁੰਮਣ ਸਿੰਘ ਕਿਰਮਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਇੱਥੇ ਰਾਜਿੰਦਰ ਕੁਮਾਰ ਸ਼ਰਮਾ ਦੇ ਲਿਖੇ ਤੇ ਵਿਕਾਸ ਸ਼ਰਮਾ ਦੇ ਨਿਰਦੇਸ਼ਤ ਨਾਟਕ ‘ਏਕ ਰਾਗ ਦੋ ਸਵਰ’ ਵਿੱਚ ਕਲਾਕਾਰਾਂ ਨੇ ਪਤੀ ਪਤਨੀ ਵਿੱਚ ਆਈ ਕੜਵਾਹਟ ਵਿੱਚ ਮਿਠਾਸ ਭਰਨ ਦਾ ਕੰਮ ਕੀਤਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਅਨੂੰ ਮਾਲਿਆਨ ਮੌਜੂਦ ਸੀ। ਨਿਊ ਉਥਾਨ ਥੀਏਟਰ ਗਰੁੱਪ ਵਲੋਂ ਨੀਰਜ ਸੇਠੀ, ਸਕੱਤਰ ਸ਼ਿਵ ਕੁਮਾਰ ਕਿਰਮਚ, ਨਰੇਸ਼ ਸਾਗਵਾਲ ਤੇ ਧਰਮ ਪਾਲ ਗੁਗਲਾਨੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਦਾ ਸੰਚਾਲਨ ਡਾ. ਮੋਹਿਤ ਗੁਪਤਾ ਨੇ ਕੀਤਾ। ਨਾਟਕ ਵਿਚ ਦਿਖਾਇਆ ਗਿਆ ਹੈ ਕਿ ਸੁਰਿੰਦਰ ਤੇ ਸਰਲਾ ਪਤੀ ਪਤਨੀ ਹਰ ਵੇਲੇ ਆਪਸ ਵਿਚ ਲੜਦੇ ਰਹਿੰਦੇ ਹਨ ਜਿਸ ਕਰਕੇ ਉਨਾਂ ਦੀ ਧੀ ਪਿੰਕੀ ਨੂੰ ਉਨ੍ਹਾਂ ਦਾ ਪਿਆਰ ਨਹੀਂ ਮਿਲਦਾ। ਉਥੇ ਨਾਲ ਹੀ ਸੁਰਿੰਦਰ ਦਾ ਮਿੱਤਰ ਅਨਿਲ ਉਨ੍ਹਾਂ ਵਿੱਚ ਆਏ ਦਿਨ ਝਗੜੇ ਕਾਰਨ ਦੁਖੀ ਰਹਿੰਦਾ ਹੈ। ਇਸੇ ਵਿਚਕਾਰ ਸੁਰਿੰਦਰ ਦਾ ਪਿਤਾ ਉਨ੍ਹਾਂ ਦੇ ਘਰ ਰਹਿਣ ਲਈ ਆਉਂਦਾ ਹੈ ਤੇ ਉਹ ਵੀ ਉਨ੍ਹਾਂ ਦੇ ਝਗੜੇ ਕਾਰਨ ਨਿਰਾਸ਼ ਰਹਿੰਦਾ ਹੈ ਤੇ ਵਾਪਸ ਚਲਾ ਜਾਂਦਾ ਹੈ। ਪਤੀ ਪਤਨੀ ਦੇ ਝਗੜੇ ਨੂੰ ਖਤਮ ਕਰਨ ਲਈ ਸੁਰਿੰਦਰ ਦਾ ਦੋਸਤ ਅਨਿਲ ਆਪਣੇ ਪਿਤਾ ਨਾਲ ਮਿਲ ਕੇ ਯੋਜਨਾ ਬਣਾਉਂਦੇ ਹਨ। ਮਗਰੋਂ ਯੋਜਨਾ ਅਨੁਸਾਰ ਪਰਿਵਾਰ ਝਗੜਾ ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਨਾਟਕ ਦਾ ਅੰਤ ਹੋ ਜਾਂਦਾ ਹੈ। ਨਾਟਕ ਵਿਚ ਸੁਰਿੰਦਰ ਦੀ ਭੂਮਿਕਾ ਸਾਗਰ ਸ਼ਰਮਾ ,ਪਤਨੀ ਦੀ ਭੂਮਿਕਾ ਮਨੂੰ ਮਹਿਕ ਮਾਲਿਆਨ, ਅਨਿਲ ਦੀ ਗੌਰਵ ਦੀਪਕ, ਪਿਤਾ ਦੀ ਅਮਰਦੀਪ ਜਾਂਗੜਾ, ਨੌਕਰਾਣੀ ਦੀ ਰਚਨਾ ਅਰੋੜਾ, ਪਿੰਕੀ ਲਾਵਨਿਆ ਤੇ ਫੂਲ ਚੰਦ ਸ਼ਰਮਾ ਨੇ ਨਿਭਾਈ।