For the best experience, open
https://m.punjabitribuneonline.com
on your mobile browser.
Advertisement

‘ਆਪ’ ਵਿਰੋਧੀਆਂ ਦੇ ਕਹਿਣ ’ਤੇ ਕੇਂਦਰ ਨੇ ਪੰਜਾਬ ਦੇ ਫੰਡ ਰੋਕੇ: ਕੇਜਰੀਵਾਲ

07:16 AM Dec 18, 2023 IST
‘ਆਪ’ ਵਿਰੋਧੀਆਂ ਦੇ ਕਹਿਣ ’ਤੇ ਕੇਂਦਰ ਨੇ ਪੰਜਾਬ ਦੇ ਫੰਡ ਰੋਕੇ  ਕੇਜਰੀਵਾਲ
ਰੈਲੀ ਦੌਰਾਨ ਸ਼ਹੀਦ ਦੇ ਪਿਤਾ ਨੂੰ ਇੱਕ ਕਰੋੜ ਦਾ ਚੈੈੱਕ ਸੌਂਪਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਪਵਨ ਸ਼ਰਮਾ
Advertisement

ਜਗਤਾਰ ਅਨਜਾਣ/ਕੁਲਦੀਪ ਭੁੱਲਰ
ਮੌੜ ਮੰਡੀ, 17 ਦਸੰਬਰ
‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ’ਤੇ ਪੰਜਾਬ ਦੇ ਪੇਂਡੂ ਵਿਕਾਸ ਫੰਡ (ਆਰਡੀਐੱਫ), ਨੈਸ਼ਨਲ ਹੈਲਥ ਮਿਸ਼ਨ, ਸੜਕ ਨਿਰਮਾਣ ਅਤੇ ਹੋਰ ਕਈ ਤਰ੍ਹਾਂ ਦੇ ਫੰਡ ਰੋਕਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਿਰੋਧੀ ਸੂਬੇ ਵਿੱਚ ਚਲਦੇ ਵਿਕਾਸ ਕਾਰਜਾਂ ਨੂੰ ਰੋਕਣਾ ਚਾਹੁੰਦੇ ਹਨ ਤੇ ਉਨ੍ਹਾਂ ਦੇ ਕਹਿਣ ’ਤੇ ਹੀ ਕੇਂਦਰੀ ਫੰਡਾਂ ’ਚ ਅੜਿੱਕੇ ਪਾਏ ਜਾ ਰਹੇ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪਿਛਲੀਆਂ ਅਕਾਲੀ ਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੀ ਭਲਾਈ ਲਈ ਕੁਝ ਨਹੀਂ ਕੀਤਾ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਡਬਲ ਇੰਜਣ’ ਸਰਕਾਰਾਂ ਬਣਾਉਣ ਦੇ ਦਾਅਵੇ ਕਰਨ ਵਾਲੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਲਈ ਰੇਲਗੱਡੀਆਂ ਦੇਣ ਤੋਂ ਵੀ ਭੱਜ ਗਏ ਹਨ। ਕੇਜਰੀਵਾਲ ਤੇ ਮਾਨ ਇਥੇ ਮੌੜ ਮੰਡੀ ਦੇ ਬਾਹਰਵਾਰ ‘ਵਿਕਾਸ ਕ੍ਰਾਂਤੀ ਰੈਲੀ’ ਨੂੰ ਸੰਬੋਧਨ ਕਰ ਰਹੇ ਸਨ। ‘ਆਪ’ ਸੁਪਰੀਮੋ ਨੇ ਬਠਿੰਡਾ ਨੂੰ ਵੱਡਾ ਤੋਹਫ਼ਾ ਦਿੰਦਿਆਂ 1125 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਐਲਾਨ ਕੀਤਾ।
ਕੇਜਰੀਵਾਲ ਨੇ ਕਿਹਾ, ‘‘ਸਾਰੀਆਂ ਪਾਰਟੀਆਂ (ਸੂਬੇ ’ਚ ਚੱਲ ਰਹੇ ਵਿਕਾਸ ਕਾਰਜਾਂ ਤੋਂ) ਪ੍ਰੇਸ਼ਾਨ ਹਨ ਤੇ ਸਾਡੇ ਖਿਲਾਫ਼ ਖੜ੍ਹ ਗਈਆਂ ਹਨ। ਇਨ੍ਹਾਂ ਹੁਣ ਇਕੱਠੇ ਹੋ ਕੇ ਕੇਂਦਰ ਸਰਕਾਰ ਤੱਕ ਪਹੁੰਚ ਕਰਦਿਆਂ ਸਾਡੇ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਰੋਕਣ ਲਈ ਕਿਹਾ ਹੈ। ਉਨ੍ਹਾਂ ਕੇਂਦਰ ਨੂੰ ਕਿਹਾ ਕਿ ‘ਆਪ’ ਨੂੰ ਕੰਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜੇਕਰ ਉਹ (ਆਪ) ਏਨਾ ਕੰਮ ਕਰ ਦੇਣਗੇ ਤਾਂ ਅਸੀਂ (ਵਿਰੋਧੀ ਪਾਰਟੀਆਂ) ਬਰਬਾਦ ਹੋ ਜਾਵਾਂਗੇ।’’ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨੂੰ ਸਿਹਤ ਲਈ ਮਿਲਦੇ ਫੰਡ ਰੋਕ ਦਿੱਤੇ ਪਰ ਮਾਨ ਸਰਕਾਰ ਨੇ ਕਈ ਥਾਵਾਂ ’ਤੇ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮੰਡੀਆਂ ਵਿਚ ਸੜਕਾਂ ਦੇ ਨਿਰਮਾਣ ਲਈ ਦਿਹਾਤੀ ਵਿਕਾਸ ਫੰਡ ਤਹਿਤ ਮਿਲਦੇ 5500 ਕਰੋੜ ਰੁਪਏ ਵੀ ਰੋਕ ਰੱਖੇ ਹਨ। ਕੇਜਰੀਵਾਲ ਨੇ ਕੇਂਦਰ ਸਰਕਾਰ ’ਤੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਯਾਤਰੂਆਂ ਲਈ ਰੇਲਗੱਡੀਆਂ ਮੁਹੱਈਆ ਕਰਵਾਉਣ ਤੋਂ ਭੱਜਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਾਂਦੇੜ ਸਾਹਿਬ ਤੇ ਪਟਨਾ ਸਾਹਿਬ ਮੱਥਾ ਟੇਕਣ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਕਿਸੇ ਨੂੰ ਤੀਰਥ ਯਾਤਰਾ ਤੋਂ ਰੋਕੋਗੇ ਤਾਂ ਭਗਵਾਨ ਵੀ ਤੁਹਾਨੂੰ ਮੁਆਫ਼ ਨਹੀਂ ਕਰੇਗਾ।’’ ਸ੍ਰੀ ਕੇਜਰੀਵਾਲ ਨੇ ਪੰਜਾਬ ਸਰਕਾਰ ਵੱਲੋਂ ਬਠਿੰਡਾ ’ਚ ਨਵੇਂ ਬੱਸ ਅੱਡੇ ਦੀ ਉਸਾਰੀ, ਸਿਵਲ ਹਸਪਤਾਲ, ਆਡੀਟੋਰੀਅਮ, ਰਿੰਗ ਰੋਡ, ਵਾਟਰ ਟਰੀਟਮੈਂਟ ਪਲਾਂਟ ਆਦਿ ਲਈ 1125 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਜਦੋਂ ਵਹੀ ਖਾਤੇ ਚੈੱਕ ਕੀਤੇ ਗਏ ਤਾਂ ਪਤਾ ਲੱਗਿਆ ਕਿ ਤਤਕਾਲੀ ਸਰਕਾਰਾਂ 10 ਰੁਪਏ ਦਾ ਕੰਮ 100 ਰੁਪਏ ਵਿੱਚ ਕਰਵਾਉਂਦੀਆਂ ਸਨ, ਜਦਕਿ ‘ਆਪ’ ਸਰਕਾਰਾਂ ਦਿੱਲੀ ਤੇ ਪੰਜਾਬ ਵਿੱਚ ਉਹੀ ਕੰਮ ਸਿਰਫ 8 ਰੁਪਏ ’ਚ ਕਰਵਾ ਰਹੀਆਂ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਸਪੱਸ਼ਟ ਹੈ ਕਿ ਲੋਕ ਸਭਾ ਚੋਣਾਂ ’ਚ ‘ਆਪ’ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਦਰਜ ਕਰੇਗੀ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ’ਚ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਰਾਜ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਅੰਦਰ 13 ਨਵੇਂ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, 7 ਨਵੇਂ ਸਰਕਾਰੀ ਹਾਈ ਸਕੂਲ ਬਣਾਏ ਜਾਣਗੇ। ‘ਤੀਰਥ ਯਾਤਰਾ ਸਕੀਮ’ ਦੇ ਹਵਾਲੇ ਨਾਲ ਕੇਂਦਰ ਸਰਕਾਰ ’ਤੇ ਚੁਟਕੀ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਵਿੱਚ ਥਾਂ-ਥਾਂ ਲੋਕਾਂ ਨੂੰ ‘ਡਬਲ ਇੰਜਣ’ ਦੀ ਸਰਕਾਰ ਬਣਾਉਣ ਦੀਆਂ ਅਪੀਲਾਂ ਕਰਨ ਵਾਲਿਆਂ ਕੋਲ ਰੇਲਗੱਡੀਆਂ ਲਈ ਇੰਜਣ ਨਹੀਂ, ਸਰਕਾਰਾਂ ਲਈ ਇੰਜਣ ਕਿੱਥੋਂ ਦੇ ਦੇਣਗੇ? ਉਨ੍ਹਾਂ ਕਿਹਾ, ‘‘ਅਸੀਂ ਹੱਕ ਮੰਗਾਂਗੇ, ਪਰ ਕੇਂਦਰ ਸਰਕਾਰ ਅੱਗੇ ਹੱਥ ਨਹੀਂ ਅੱਡਾਂਗੇ।’’ ਰੈਲੀ ਦੌਰਾਨ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਝੰਡੂਕੇ ਦੇ ਸ਼ਹੀਦ ਅਮਰੀਕ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਭਾਰਤੀ ਸੈਨਾ ਦਾ ਜਵਾਨ ਅਮਰੀਕ ਸਿੰਘ ਯੂਪੀ ਦੇ ਝਾਂਸੀ ਵਿਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ। ਉਧਰ ਸਥਾਨਕ ਮੰਡੀ ਦੇ ਬਾਹਰਵਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਲਈ ਇਕੱਤਰ ਹੋਏ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ‘ਵਿਕਾਸ ਰੈਲੀ’ ਦੇ ਨੇੜੇ ਵੀ ਢੁੱਕਣ ਨਹੀਂ ਦਿੱਤਾ ਗਿਆ। ਜਥੇਬੰਦੀ ਦੇ ਵਰਕਰਾਂ ਨੇ ਪਿੰਡ ਮਾਈਸਰਖਾਨਾ ਦੀ ਵਾਟਰ ਵਰਕਸ ਟੈਂਕੀ ’ਤੇ ਚੜ੍ਹ ਕੇ ਆਪਣਾ ਰੋਸ ਜ਼ਾਹਿਰ ਕੀਤਾ।

Advertisement

ਕੇਂਦਰ ’ਤੇ ਸ਼ਹੀਦਾਂ ਦੇ ਪਰਿਵਾਰ ਨੂੰ ਅਣਗੌਲਿਆ ਕਰਨ ਦੇ ਦੋਸ਼

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ, ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਹੋਏ ਅਗਨੀਵੀਰ ਅੰਮ੍ਰਿਤਪਾਲ ਦੇ ਪਰਿਵਾਰ ਦੇ ਘਰ ਜਾ ਕੇ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਸੀ।

Advertisement

ਮੀਡੀਆ ਕਰਮੀਆਂ ਨੂੰ ਵੀ ਕਰਨੀ ਪਈ ਜੱਦੋ-ਜਹਿਦ

ਵੀਆਈਪੀ ਕਲਚਰ ਦੇ ਚਲਦਿਆਂ ਆਮ ਲੋਕ ਖ਼ੱਜਲ ਖੁਆਰ ਹੁੰਦੇ ਰਹੇ। ਇਥੋਂ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਪ੍ਰੈੱਸ ਗੈਲਰੀ ਤੱਕ ਪਹੁੰਚਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ। ਲੋਕਾਂ ਨੂੰ ਭਾਵੇਂ ਨੀਲੇ ਪਾਸ ਜਾਰੀ ਕੀਤੇ ਗਏ ਸਨ, ਪਰ ਆਮ ਲੋਕ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀਆਂ ਨਾਲ ਬਹਿਸਦੇ ਰਹੇ, ਜਿਸ ਕਾਰਨ ਵੀਆਈਪੀ ਲੋਕਾਂ ਲਈ ਵਿਸ਼ੇਸ਼ ਗੈਲਰੀ ’ਚ ਰੌਣਕ ਫਿੱਕੀ ਰਹੀ। ਉਧਰ ਰੈਲੀ ਵਿੱਚ ਆਸ ਲੈ ਕੇ ਪਹੁੰਚੇ ਲੋਕਾਂ ਨੂੰ ਬੱਸਾਂ ਨੇ ਰੈਲੀ ਵਾਲੀ ਥਾਂ ਤੋਂ ਡੇਢ-ਦੋ ਕਿਲੋਮੀਟਰ ਪਹਿਲਾਂ ਹੀ ਉਤਾਰ ਦਿੱਤਾ, ਜਿਸ ਕਰਕੇ ਬਜ਼ੁਰਗਾਂ ਨੇ ਬੱਸਾਂ ਵਿਚ ਬੈਠ ਕੇ ਹੀ ਸਮਾਂ ਗੁਜ਼ਾਰਿਆ।

Advertisement
Author Image

sukhwinder singh

View all posts

Advertisement