For the best experience, open
https://m.punjabitribuneonline.com
on your mobile browser.
Advertisement

ਪ੍ਰਿਯੰਕਾ ਦੀ ਰੈਲੀ ਮੌਕੇ ਤਿਵਾੜੀ ਤੇ ਬਾਂਸਲ ਦੇ ਹੱਥ ਮਿਲੇ, ਦਿਲ ਨਹੀਂ

11:39 AM May 27, 2024 IST
ਪ੍ਰਿਯੰਕਾ ਦੀ ਰੈਲੀ ਮੌਕੇ ਤਿਵਾੜੀ ਤੇ ਬਾਂਸਲ ਦੇ ਹੱਥ ਮਿਲੇ  ਦਿਲ ਨਹੀਂ
ਚੰਡੀਗੜ੍ਹ ਦੇ ਸੈਕਟਰ-27 ਵਿੱਚ ਚੋਣ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਦੇ ਨਾਲ ਬੈਠੇ ਮਨੀਸ਼ ਤਿਵਾੜੀ ਤੇ ਪਵਨ ਕੁਮਾਰ ਬਾਂਸਲ। -ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 26 ਮਈ
ਲੋਕ ਸਭਾ ਹਲਕਾ ਚੰਡੀਗੜ੍ਹ ’ਚ ਕਾਂਗਰਸ ਪਾਰਟੀ ਵੱਲੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੀ ਟਿਕਟ ਕੱਟ ਕੇ ਮਨੀਸ਼ ਤਿਵਾੜੀ ਨੂੰ ਦਿੱਤੇ ਜਾਣ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਪੈਦਾ ਹੋਏ ਮੱਤਭੇਦ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਸ਼ਹਿਰ ਵਿੱਚ ‘ਇੰਡੀਆ’ ਗੱਠਜੋੜ ਦੇ ਉਮੀਦਵੀਰ ਮਨੀਸ਼ ਤਿਵਾੜੀ ਨੇ ਲਗਪਗ ਡੇਢ ਮਹੀਨੇ ਤੋਂ ਸ਼ਹਿਰ ਵਿੱਚ ਚੋਣ ਪ੍ਰਚਾਰ ਲਈ ਮੁਹਿੰਮ ਵਿੱਢੀ ਹੋਈ ਹੈ ਪਰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਚੋਣ ਮੁਹਿੰਮ ਵਿੱਚ ਸ਼ਾਮਲ ਨਹੀਂ ਹੋਏ। ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਚੰਡੀਗੜ੍ਹ ਵਿੱਚ ਕੀਤੀ ਚੋਣ ਰੈਲੀ ਵਿੱਚ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਪਹਿਲੀ ਵਾਰ ਚੋਣ ਰੈਲੀ ਵਿੱਚ ਪਹੁੰਚੇ। ਇਸ ਦੌਰਾਨ ਮਨੀਸ਼ ਤਿਵਾੜੀ ਤੇ ਪਵਨ ਬਾਂਸਲ ਨੇ ਹੱਥ ਤਾਂ ਮਿਲਾਏ ਪਰ ਦੋਵਾਂ ਦੇ ਦਿਲ ਨਾ ਮਿਲ ਸਕੇ। ਸ਼ਹਿਰ ਦੇ ਸੈਕਟਰ-27 ਵਿੱਚ ਰਾਮ ਲੀਲਾ ਗਰਾਊਂਡ ਵਿੱਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਚੋਣ ਰੈਲੀ ਰੱਖੀ ਗਈ, ਜਿੱਥੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਪਹੁੰਚੇ। ਇਸ ਦੌਰਾਨ ਪ੍ਰਿਯੰਕਾ ਗਾਂਧੀ ਦੇ ਪਹੁੰਚਣ ਤੋਂ ਦਸ ਕੁ ਮਿੰਟ ਬਾਅਦ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਪਹੁੰਚੇ। ਉਨ੍ਹਾਂ ਮਨੀਸ਼ ਤਿਵਾੜੀ ਨਾਲ ਹੱਥ ਮਿਲਾਇਆ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਕੁਰਸੀ ’ਤੇ ਬੈਠ ਗਏ। ਇਸ ਮੌਕੇ ਮਨੀਸ਼ ਤਿਵਾੜੀ ਦੇ ਦਬਾਅ ਪਾਉਣ ’ਤੇ ਸ੍ਰੀ ਬਾਂਸਲ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ।
ਸ੍ਰੀ ਬਾਂਸਲ ਨੇ ਸੰਬੋਧਨ ਦੌਰਾਨ ਭਾਜਪਾ ’ਤੇ ਕਾਫੀ ਸ਼ਬਦੀ ਹਮਲੇ ਕੀਤੇ ਪਰ ਉਨ੍ਹਾਂ ਸ੍ਰੀ ਤਿਵਾੜੀ ਲਈ ਲੋਕਾਂ ਤੋਂ ਵੋਟ ਨਹੀਂ ਮੰਗੀ। ਸਾਬਕਾ ਕੇਂਦਰੀ ਮੰਤਰੀ ਦਾ ਭਾਸ਼ਣ ਵੀ ਚੋਣ ਰੈਲੀ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਗੌਰਤਲਬ ਹੈ ਕਿ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਪਵਨ ਕੁਮਾਰ ਬਾਂਸਲ 8 ਵਾਰ ਚੋਣ ਲੜ ਚੁੱਕੇ ਹਨ, ਜਿਨ੍ਹਾਂ ਨੇ 4 ਵਾਰ ਜਿੱਤ ਹਾਸਲ ਕੀਤੀ ਅਤੇ ਦੋ ਵਾਰ ਕੇਂਦਰੀ ਮੰਤਰੀ ਬਣੇ।
ਇਸ ਵਾਰ ਲੋਕ ਸਭਾ ਚੋਣਾਂ ਵਿੱਚ ਟਿਕਟ ਕੱਟੇ ਜਾਣ ਤੋਂ ਬਾਅਦ ਉਹ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਚੰਡੀਗੜ੍ਹ ਵਿੱਚ ਮਨੀਸ਼ ਤਿਵਾੜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੋਂ ਪਾਸਾ ਵੱਟ ਲਿਆ। ਏਨਾ ਹੀ ਨਹੀਂ ਮਨੀਸ਼ ਤਿਵਾੜੀ ਨੂੰ ਟਿਕਟ ਦਿੱਤੇ ਜਾਣ ਦਾ ਬਾਂਸਲ ਖੇਮੇ ਨੇ ਵਿਰੋਧ ਵੀ ਕੀਤਾ ਸੀ, ਜਿਸ ਕਰ ਕੇ ਕਈ ਆਗੂਆਂ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ। ਅੱਜ ਪ੍ਰਿਯੰਕਾ ਗਾਂਧੀ ਵਾਡਰਾ ਦੀ ਆਮਦ ਕਰ ਕੇ ਉਹ ਜ਼ਰੂਰ ਕਾਂਗਰਸ ਦੀ ਰੈਲੀ ਵਿੱਚ ਪਹੁੰਚੇ।

Advertisement

‘ਆਪ’ ਕੌਂਸਲਰ ਵੱਲੋਂ ਪਵਨ ਬਾਂਸਲ ਨੂੰ ਪਿੱਛੇ ਹਟਾਉਣਾ ਗਲਤ: ਦੀਪਾ ਦੂਬੇ

ਚੰਡੀਗੜ੍ਹ ਕਾਂਗਰਸ ਦੀ ਸਾਬਕਾ ਪ੍ਰਧਾਨ ਦੀਪਾ ਦੂਬੇ ਨੇ ‘ਆਪ’ ਕੌਂਸਲਰ ਵੱਲੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਪਿੱਛੇ ਧਕੇਲ ਕੇ ਖੁਦ ਅੱਗੇ ਆਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਕੌਂਸਲਰ ਵੱਲੋਂ ਸਾਬਕਾ ਕੇਂਦਰੀ ਮੰਤਰੀ ਨਾਲ ਅਜਿਹਾ ਕਰਨਾ ਗਲਤ ਹੈ। ਸ੍ਰੀਮਤੀ ਦੂਬੇ ਨੇ ਸਟੇਜ ’ਤੇ ਅਜਿਹੀ ਘਟਨਾ ਤੋਂ ਬਾਅਦ ਪ੍ਰਿਯੰਕਾ ਗਾਂਧੀ ਵਾਡਰਾ ਦੇ ਰਵੱਈਏ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦਾ ਹੱਥ ਫੜ ਕੇ ਅੱਗੇ ਖਿੱਚਿਆ ਹੈ।

Advertisement
Author Image

sukhwinder singh

View all posts

Advertisement
Advertisement
×