For the best experience, open
https://m.punjabitribuneonline.com
on your mobile browser.
Advertisement

ਰਾਤ ਵੇਲੇ ਗੜ੍ਹਦੀਵਾਲਾ ਦੇ ਪੁਲੀਸ ਸੁਰੱਖਿਆ ਨਾਕੇ ਹੋ ਜਾਂਦੇ ਨੇ ਸੁੰਨੇ

10:31 AM Apr 01, 2024 IST
ਰਾਤ ਵੇਲੇ ਗੜ੍ਹਦੀਵਾਲਾ ਦੇ ਪੁਲੀਸ ਸੁਰੱਖਿਆ ਨਾਕੇ ਹੋ ਜਾਂਦੇ ਨੇ ਸੁੰਨੇ
ਸ਼ਹਿਰ ਦੇ ਬੱਸ ਅੱਡਾ ਚੌਕ ’ਚ ਲੱਗਦੇ ਨਾਕੇ ’ਤੇ ਪੱਸਰੀ ਸੁੰਨ। -ਫੋਟੋ: ਜਗਜੀਤ
Advertisement

ਪੱਤਰ ਪ੍ਰੇਰਕ
ਮੁਕੇਰੀਆਂ, 31 ਮਾਰਚ
ਚੋਣ ਜ਼ਾਬਤੇ ਦੌਰਾਨ ਵਧੇਰੇ ਸੁਰੱਖਿਆ ਪ੍ਰਬੰਧ ਲੋੜੀਂਦੇ ਹੋਣ ਦੇ ਬਾਵਜੂਦ ਗੜਦੀਵਾਲਾ ਪੁਲੀਸ ਦੀ ਅਣਗਹਿਲੀ ਕਾਰਨ ਸ਼ਹਿਰ ਦੇ ਵੱਖ-ਵੱਖ ਚੌਕਾਂ ’ਤੇ ਲੱਗੇ ਪੁਲੀਸ ਨਾਕੇ 10 ਵਜੇ ਤੋਂ ਬਾਅਦ ਸੁੰਨੇ ਪੈ ਜਾਣ ਕਾਰਨ ਸ਼ਹਿਰ ਵਾਸੀਆਂ ਅਤੇ ਦਰਜ਼ਨ ਦੇ ਕਰੀਬ ਬੈਂਕਾਂ ਦੀ ਸੁਰੱਖਿਆ ਦਾਅ ’ਤੇ ਲੱਗੀ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਗੜਦੀਵਾਲਾ ਦੇ ਸੁੰਨੇ ਪੁਲੀਸ ਨਾਕਿਆਂ ਦੀ ਜਾਂਚ ਦਾ ਭਰੋਸਾ ਦੁਆਇਆ ਹੈ।
ਚੋਣਾਂ ਦਾ ਐਲਾਨ ਹੋ ਜਾਣ ਤੋਂ ਬਾਅਦ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਨਜਾਇਜ਼ ਸ਼ਰਾਬ ਦੀ ਵਰਤੋਂ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੁਲੀਸ ਵਲੋਂ ਵੱਡੇ ਸੁਰੱਖਿਆ ਪ੍ਰਬੰਧ ਕੀਤੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਉਲਟ ਗੜਦੀਵਾਲਾ ਥਾਣੇ ਅਧੀਨ ਆਉਂਦੇ ਪਿੰਡਾਂ ਤੇ ਸ਼ਹਿਰਾਂ ਦੀ ਸੁਰੱਖਿਆ ਦਾਅ ’ਤੇ ਲੱਗੀ ਹੋਈ ਹੈ। ਸ਼ਹਿਰ ਦੇ ਵਸਨੀਕਾਂ ਨੇ ਦੱਸਿਆ ਕਿ ਪਹਿਲਾਂ ਸ਼ਹਿਰ ਦੇ ਗੜ੍ਹਦੀਵਾਲਾ ਬੱਸ ਸਟੈਂਡ ਸਰਹਾਲਾ ਮੋੜ, ਕੋਈ ਮੋੜ, ਟਾਂਡਾ ਮੋੜ ਗੜ੍ਹਦੀਵਾਲਾ ਸਮੇਤ ਹੋਰ ਲੋੜੀਂਦੀਆਂ ਥਾਂਵਾਂ ’ਤੇ ਸ਼ਪੈਸ਼ਲ ਨਾਕੇ ਲਗਾਏ ਜਾਂਦੇ ਹਨ। ਕਰੀਬ ਮਹੀਨਾ ਪਹਿਲਾਂ ਇਨ੍ਹਾਂ ਥਾਵਾਂ ਦੇ ਕੋਲ ਪੰਜਾਬ ਨੈਸ਼ਨਲ ਬੈਂਕ, ਐੱਚਡੀਐੱਫਸੀ ਬੈਂਕ, ਕੇਨਰਾ ਬੈਂਕ, ਓਬੀਸੀ ਬੈਂਕ, ਕੋਆਪਰੇਟਿਵ ਬੈਂਕ, ਪੰਜਾਬ ਐਂਡ ਸਿੰਧ ਬੈਂਕ ਸਮੇਤ ਕੁਝ ਹੋਰ ਬੈਂਕਾਂ ਅਤੇ ਵੱਡੀਆਂ ਦੁਕਾਨਾਂ ਹੋਣ ਕਾਰਨ ਸ਼ਹਿਰ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੁੰਦੇ ਸਨ ਪਰ ਇਸ ਤੋਂ ਬਾਅਦ ਲਗਾਤਾਰ ਸੁਰੱਖਿਆ ਮੁਲਾਜ਼ਮਾਂ ਵਿੱਚ ਕਟੌਤੀ ਹੁੰਦੀ ਚਲੀ ਗਈ। ਥਾਣੇ ਅੰਦਰ ਪਹਿਲਾਂ ਦੀ ਲੋੜੀਂਦੀ ਨਫਰੀ ਦੀ ਘਾਟ ਚੱਲ ਰਹੀ ਸੀ, ਇਸੇ ਦੌਰਾਨ ਕੁਝ ਪੁਲੀਸ ਮੁਲਾਜ਼ਮ ਸੇਵਾ ਮੁਕਤ ਹੋ ਗਏ ਅਤੇ ਕੁਝ ਨੇੜਲੇ ਥਾਣਿਆਂ ਦੇ ਹੋਣ ਕਾਰਨ ਚੋਣਾਂ ਦੇ ਚੱਲਦਿਆਂ ਬਦਲ ਦਿੱਤੇ ਗਏ। ਇਨ੍ਹਾਂ ਬਦਲੇ ਤੇ ਸੇਵਾ ਮੁਕਤ ਹੋਏ ਕਰਮਚਾਰੀਆਂ ਦੇ ਇਵਜ਼ ਵਿੱਚ ਇੱਥੇ ਹੋਰ ਮੁਲਾਜ਼ਮ ਤਾਇਨਾਤ ਕਰਨੇ ਉੱਚ ਅਧਿਕਾਰੀਆ ਨੇ ਵਾਜ਼ਬਿ ਨਹੀਂ ਸਮਝੇ, ਜਿਸ ਕਾਰਨ ਸ਼ਹਿਰ ਦੀ ਸੁਰੱਖਿਆ ਦਾਅ ’ਤੇ ਲੱਗੀ ਹੋਈ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਡਿਊਟੀ ਅਫਸਰ ਸਵੇਰੇ ਤੋਂ ਲੈ ਕੇ ਸਾਰੀਆਂ ਸ਼ਿਕਾਇਤਾਂ ਦੇਖਦਾ ਹੈ, ਕੇਸ ਦਰਜ ਕਰਾਉਂਦਾ ਹੈ, ਕੋਰਟ ਕੇਸ ਦੇਖਦਾ ਹੈ ਅਤੇ ਦੇਰ ਰਾਤ ਨੂੰ ਉਸੇ ਡਿਊਟੀ ਅਫਸਰ ਨੂੰ ਇਨ੍ਹਾ ਪੁਲੀਸ ਨਾਕਿਆਂ ਦਾ ਜਿੰਮਾ ਸੌਂਪ ਦਿੱਤਾ ਜਾਂਦਾ ਹੈ। ਇਨ੍ਹਾਂ ਨਾਕਿਆਂ ’ਤੇ ਤਾਇਨਾਤ ਪੁਲੀਸ ਮੁਲਾਜ਼ਮ 10 ਵਜੇ ਚਲੇ ਜਾਂਦੇ ਹਨ ਅਤੇ ਲੱਗੇ ਬੈਰੀਗੇਡ ਵੀ ਹਟਾ ਲਏ ਜਾਂਦੇ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਮੰਗ ਕੀਤੀ ਕਿ ਸ਼ਹਿਰਾਂ ਅੰਦਰ ਰਾਤ ਵੇਲੇ ਸੁਰੱਖਿਆ ਦੇ ਉੱਚਿਤ ਪ੍ਰਬੰਧ ਕੀਤੇ ਜਾਣ।

Advertisement

ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣਗੇ: ਐੱਸਐੱਸਪੀ

ਐੱਸਐੱਸਪੀ ਹੁਸ਼ਿਆਰਪੁਰ ਸੁਰਿੰਦਰ ਸਿੰਘ ਲਾਂਬਾ ਨੇ ਕਿਹਾ ਕਿ ਜਿਲ੍ਹੇ ਅੰਦਰ ਉੱਪ ਪੁਲੀਸ ਕਪਤਾਨਾਂ, ਥਾਣਾਂ ਮੁਖੀਆਂ ਅਤੇ ਇੰਸਪੈਕਟਰਾਂ ਦੀ ਅਗਵਾਈ ਵਿੱਚ ਕਰੀਬ 150 ਪੁਲੀਸ ਮੁਲਾਜ਼ਮਾਂ ਦੀ ਡਿਊਟੀ ਰਾਤ ਵੇਲੇ ਪੈਟਰੋਲਿੰਗ ਲਈ ਲਗਾਈ ਹੋਈ ਹੈ। ਜੇਕਰ ਕਿਧਰੇ ਕੁ਼ਤਾਹੀ ਹੋ ਰਹੀ ਹੈ ਤਾਂ ਉਸ ਦੀ ਜਾਂਚ ਕਰ ਕੇ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣਗੇ। ਗੜ੍ਹਦੀਵਾਲਾ ਥਾਣੇ ਅੰਦਰ ਅਜਿਹੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਬਾਰੇ ਵੀ ਜਾਂਚ ਕੀਤੀ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×