ਆਖ਼ਰ ਮਾਰਕਫੈੱਡ ਤੇ ਪਨਗਰੇਨ ਨੇ ਖਰੀਦ ਕੇਂਦਰ ਵਿੱਚੋ ਝੋਨਾ ਚੁੱਕਿਆ
ਸ਼ੇਰਪੁਰ (ਬੀਰਬਲ ਰਿਸ਼ੀ): ਮਾਰਕਫੈੱਡ ਤੇ ਪਨਗਰੇਨ ਖਰੀਦ ਏਜੰਸੀਆਂ ਵੱਲੋਂ ਮੂਲੋਵਾਲ ਮੰਡੀ ’ਚ ਖਰੀਦ ਬੰਦ ਹੋਣ ਦੇ ਇੱਕ ਹਫ਼ਤੇ ਬਾਅਦ ਵੀ ਝੋਨਾ ਚੁੱਕਣ ਵਿੱਚ ਨਾਕਾਮ ਰਹਿਣ ਕਾਰਨ ਸੰਘਰਸ਼ ਦੇ ਰਾਹ ਪਏ ਉਕਤ ਮੰਡੀ ਦੇ ਆੜ੍ਹਤੀਆਂ ਤੇ ਮਜ਼ਦੂਰਾਂ ਦਾ ਸੰਘਰਸ਼ ਆਖਿਰ ਜੇਤੂ ਹੋ ਨਿੱਬੜਿਆ। ਯਾਦ ਰਹੇ ਕਿ ਲੰਘੀ 18 ਨਵੰਬਰ ਨੂੰ ਆਖਰੀ ਬੋਲੀ ਮਗਰੋਂ ਉਕਤ ਮੰਡੀ ਵਿੱਚ ਖਰੀਦ/ਵੇਚ ਦਾ ਕੰਮ ਸਮਾਪਤ ਹੋ ਜਾਣ ਦੇ ਬਾਵਜੂਦ ਮੰਡੀ ਦੇ ਤਿੰਨ ਆੜ੍ਹਤੀਆਂ ਦਾ ਝੋਨਾ ਚੁਕਵਾਉਣ ’ਚ ਮਾਰਕਫੈੱਡ ਤੇ ਪਨਗਰੇਨ ਖਰੀਦ ਏਜੰਸੀਆਂ ਦੀ ਕਥਿਤ ਢਿੱਲਮੱਠ ਵਿਰੁੱਧ ਆੜ੍ਹਤੀਏ ਤੇ ਮਜ਼ਦੂਰ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਸਨ।
ਆੜ੍ਹਤੀ ਆਗੂ ਸੁਖਪਾਲ ਗਰਗ, ਕੁਲਦੀਪ ਸਿੰਘ ਅਤੇ ਮੁਨਸ਼ੀ ਚਮਕੌਰ ਸਿੰਘ ਨੇ ਮੰਡੀ ਵਿੱਚੋਂ ਦੇਰ ਸ਼ਾਮ ਤੱਕ ਸਾਰਾ ਮਾਲ ਚੁੱਕੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਰਕਫੈੱਡ ਨੇ ਆਪਣੀ ਏਜੰਸੀ ਦੇ ਹਿੱਸੇ ਆਉਂਦਾ ਸਾਰਾ ਝੋਨਾ ਦੁਪਹਿਰ ਤੱਕ ਚੁਕਵਾ ਦਿੱਤਾ ਸੀ ਪਰ ਪਨਗਰੇਨ ਦਾ ਮਾਲ ਚੁੱਕੇ ਜਾਣ ਸਬੰਧੀ ਆੜ੍ਹਤੀਆਂ ਅੰਦਰ ਬੇਭਰੋਸਗੀ ਸੀ। ਬਾਅਦ ਦੁਪਹਿਰ ਪਨਗਰੇਨ ਵੱਲੋਂ ਕਟਵਾਈਆਂ ਗੱਡੀਆਂ ਮਗਰੋਂ ਝੋਨੇ ਚੁੱਕਣ ਤੋਂ ਖੁਸ਼ ਸਬੰਧਤ ਆੜਤੀਆਂ ਅਤੇ ਮਜ਼ਦੂਰਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਆਪਣੇ ਏਕੇ ਦੀ ਜਿੱਤ ਗਰਦਾਨਿਆ। ਵਰਨਣਯੋਗ ਹੈ ਕਿ ਜੇਕਰ ਖਰੀਦ ਬੰਦ ਹੋਣ ਤੋਂ 72 ਘੰਟੇ ਤੱਕ ਖ਼ਰੀਦ ਕੇਂਦਰ ‘ਚੋ ਝੋਨਾ ਚੁੱਕਿਆ ਨਹੀਂ ਜਾਂਦਾ ਤਾਂ ਸਬੰਧਤ ਮਾਰਕੀਟ ਕਮੇਟੀ ਸਬੰਧਤ ਖ਼ਰੀਦ ਏਜੰਸੀਆਂ ਨੂੰ ਨਿਯਮਾਂ ਅਨੁਸਾਰ ਜ਼ੁਰਮਾਨਾਂ ਪਾ ਸਕਦੀ ਹੈ ਪਰ ਮਾਰਕੀਟ ਕਮੇਟੀ ਸ਼ੇਰਪੁਰ ਤੋ ਖ਼ਰੀਦ ਏਜੰਸੀਆਂ ਨੂੰ ਮਹਿਜ਼ ਨੋਟਿਸ ਭੇਜਣ ਮਗਰੋਂ ਅਗਲਾ ਕੋਈ ਠੋਸ ਕਦਮ ਉਠਾਉਣ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲ ਸਕੀ।