ਮਨਰੇਗਾ ਮਜ਼ਦੂਰਾਂ ਤੋਂ ਉਗਰਾਹੀ ਰਕਮ ਦੋ ਹਫ਼ਤੇ ਵਿੱਚ ਵਾਪਸ ਕਰਨ ਦਾ ਭਰੋਸਾ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 28 ਅਗਸਤ
ਪਿੰਡ ਗੋਬਿੰਦਗੜ੍ਹ ਦੀ ਪੰਚਾਇਤ ਵੱਲੋਂ ਕਰੀਬ ਡੇਢ ਸਾਲ ਪਹਿਲਾਂ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਬਦਲੇ ਗਿਆਰਾਂ ਸੌ ਰੁਪਏ ਪ੍ਰਤੀ ਮਜ਼ਦੂਰ ਜਬਰੀ ਉਗਰਾਹੀ ਰਕਮ ਮਜ਼ਦੂਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਲਈ ਮਨਰੇਗਾ ਲੋਕਪਾਲ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਪਰ ਇਹ ਆਦੇਸ਼ ਮੁਕੰਮਲ ਰੂਪ ਵਿੱਚ ਹਾਲੇ ਤੱਕ ਲਾਗੂ ਨਾ ਕਰਨ ਵਿਰੁੱਧ ਅੱਜ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਸੂਬਾਈ ਜਨਰਲ ਸਕੱਤਰ ਅਮਰਨਾਥ ਕੂਮਕਲਾਂ, ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਕਾਰਜਕਾਰਨੀ ਦੇ ਮੈਂਬਰ ਰਾਜਜਸਵੰਤ ਸਿੰਘ ਤਲਵੰਡੀ ਦੀ ਅਗਵਾਈ ਵਿੱਚ ਐੱਸਡੀਐੱਮ ਬੇਅੰਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਬਲਾਕ ਵਿਕਾਸ ਅਫ਼ਸਰ ਜਸਮਿੰਦਰ ਸਿੰਘ ਨੇ ਬਕਾਇਆ ਰਹਿ ਗਈ ਰਕਮ ਦੀ ਪੜਤਾਲ ਦੋ ਹਫ਼ਤੇ ਵਿੱਚ ਕਰਨ ਉਪਰੰਤ ਮਜ਼ਦੂਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਕੇ ਲਿਸਟ ਯੂਨੀਅਨ ਦੇ ਆਗੂਆਂ ਨੂੰ ਦੇਣ ਦਾ ਭਰੋਸਾ ਦਿੱਤਾ। ਅਧਿਕਾਰੀਆਂ ਵੱਲੋਂ ਭੈਣੀ ਦਰੇੜਾ ਦੀ ਮੇਟ ਸੁਖਵਿੰਦਰ ਕੌਰ, ਪਿੰਡ ਹਿੱਸੋਵਾਲ ਦੀ ਮੇਟ ਕੁਲਵਿੰਦਰ ਕੌਰ ਦੀ ਨਿਯੁਕਤੀ ਦੇ ਹੁਕਮ ਮੌਕੇ ‘ਤੇ ਹੀ ਜਾਰੀ ਕਰ ਦਿੱਤੇ ਗਏ। ਨਿਰਮਾਣ ਕਾਮਿਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਫ਼ਤੇ ਵਿੱਚ ਇੱਕ ਦਿਨ ਕਿਰਤ ਇੰਸਪੈਕਟਰ ਰਾਏਕੋਟ ਤਹਿਸੀਲ ਵਿੱਚ ਆਉਣ ਲਈ ਪਾਬੰਦ ਕੀਤਾ ਗਿਆ।