ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਸੂ ਮਾਹ ਨਿਰਾਲਾ...

08:40 AM Sep 16, 2023 IST
ਚਿੱਤਰ: ਸਿਧਾਰਥ

ਹਰਮਨਪ੍ਰੀਤ ਸਿੰਘ

ਅੱਸੂ ਦਾ ਮਹੀਨਾ ਗਰਮ ਤੇ ਸਰਦ ਦੋ ਰੁੱਤਾਂ ਦੇ ਮੇਲ ਦਾ ਸੁਹਾਵਣਾ ਮਹੀਨਾ ਮੰਨਿਆ ਜਾਂਦਾ ਹੈ। ਹਰ ਰੁੱਤ ਦੀ ਸਾਡੇ ਵਿਰਸੇ-ਵਿਰਾਸਤ ਨਾਲ ਬੜੀ ਡੂੰਘੀ ਸਾਂਝ ਹੈ। ਸਾਲ ਦਾ ਹਰ ਮਹੀਨਾ ਆਪਣੇ ਨਾਲ ਨਵੀਂ ਰੁੱਤ ਲੈ ਕੇ ਆਉਂਦਾ ਹੈ। ਹਰ ਮਹੀਨਾ ਤੇ ਹਰ ਰੁੱਤ ਆਪਣੇ ਆਪ ਵਿੱਚ ਖ਼ਾਸ ਹੈ। ਅੱਸੂ ਦਾ ਮਹੀਨਾ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਸਤੰਬਰ ਤੋਂ ਸ਼ੁਰੂ ਹੋ ਅੱਧ ਅਕਤੂਬਰ ਤੱਕ ਦਾ ਹੁੰਦਾ ਹੈ। ਇਸ ਮਹੀਨੇ ’ਚ ਜਿੱਥੇ ਰਾਤਾਂ ਮਿੰਨੀਆਂ-ਮਿੰਨੀਆਂ ਠੰਢੀਆਂ ਹੋਈਆਂ ਜਾਪਦੀਆਂ ਹਨ, ਉੱਥੇ ਹੀ ਦਿਨੇ ਧੁੱਪ ਹੁੰਦੀ ਹੈ। ਇਸ ਮਹੀਨੇ ਨਾ ਤਾਂ ਬਹੁਤੀ ਗਰਮੀ ਮਹਿਸੂਸ ਹੁੰਦੀ ਹੈ ਤੇ ਨਾ ਹੀ ਬਹੁਤੀ ਸਰਦੀ। ਤਾਂ ਹੀ ਤਾਂ ਸਾਡੀਆਂ ਲੋਕ ਬੋਲੀਆਂ ’ਚ ਅੱਸੂ ਦੇ ਮਹੀਨੇ ਦਾ ਜ਼ਿਕਰ ਕਰਦੇ ਆਖਿਆ ਜਾਂਦਾ ਹੈ:
ਅੱਸੂ ਮਾਹ ਨਿਰਾਲਾ, ਦਿਹੁੰ ਧੁੱਪ ਤੇ ਰਾਤੀਂ ਪਾਲਾ
ਇਸ ਮਹੀਨੇ ਮਿੰਨੀਆਂ-ਮਿੰਨੀਆਂ ਠੰਢੀਆਂ ਰਾਤਾਂ ਸਿਆਲੂ ਰੁੱਤ ਦੇ ਆਗਾਜ਼ ਦੀ ਦਸਤਕ ਦਿੰਦੀਆਂ ਜਾਪਦੀਆਂ ਹਨ। ਇਸ ਸੁਹਾਵਣੇ ਮੌਸਮ ’ਚ ਕੁਦਰਤ ਚਾਰੇ ਪਾਸੀਂ ਹਰਿਆਵਲ ਬਿਖੇਰਦੀ ਨਜ਼ਰ ਆਉਂਦੀ ਹੈ। ਅੱਸੂ ਚੜ੍ਹਦੇ-ਚੜ੍ਹਦੇ ਤਕਰੀਬਨ ਬਰਸਾਤੀ ਮੌਸਮ ਖ਼ਤਮ ਹੋ ਚੁੱਕਾ ਹੁੰਦਾ ਹੈ, ਪ੍ਰੰਤੂ ਜੇ ਕਿਧਰੋਂ ਅਸਮਾਨ ’ਚ ਬੱਦਲੀ ਆ ਜਾਵੇ ਤਾਂ ਕਿਸਾਨਾਂ ਦੇ ਸਾਹ-ਸੂਤੇ ਜਾਂਦੇ ਹਨ ਕਿਉਂਕਿ ਇਸ ਮਹੀਨੇ ਫ਼ਸਲਾ ਭਰ-ਜੋਬਨ ’ਤੇ ਹੁੰਦੀਆਂ ਹਨ। ਹਰੀ ਤੋਂ ਸੁਨਹਿਰੀ ਹੁੰਦੀ ਜੀਰੀ ਦੇ ਸਿੱਟੇ ਵਾਤਾਵਰਨ ’ਚ ਆਪਣਾ ਅਲੱਗ ਹੀ ਦ੍ਰਿਸ਼ ਪੇਸ਼ ਕਰਦੇ ਨਜ਼ਰ ਪੈਂਦੇ ਹਨ। ਅੱਸੂ ’ਚ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ। ਉਂਜ ਤਾਂ ਪੰਜਾਬੀ ਸੱਭਿਆਚਾਰ ’ਚ ਸਾਰਾ ਸਾਲ ਹੀ ਕੋਈ ਨਾ ਕੋਈ ਤਿੱਥ, ਤਿਉਹਾਰ ਅਤੇ ਮੇਲਾ ਆਉਂਦਾ ਰਹਿੰਦਾ ਹੈ, ਪਰ ਅੱਸੂ ਦਾ ਮਹੀਨਾ ਚੜ੍ਹਦੇ ਹੀ ਸਾਡੇ ਸਿਆਲੂ ਰੁੱਤ ਦੇ ਤਿੱਥ -ਤਿਉਹਾਰਾਂ ਦਾ ਆਗਾਜ਼ ਹੋ ਜਾਂਦਾ ਹੈ। ਕਈ ਵਾਰ ਸਾਡੀ ਅਰਥਹੀਣ ਹੋਈ ਜ਼ਿੰਦਗੀ ਨੂੰ ਇਹ ਮਹੀਨਾ ਅਰਥ ਭਰਪੂਰ ਬਣਾ ਦਿੰਦਾ।
ਜੇ ਅੱਸੂ ਦੇ ’ਚ ਆਏ ਮੇਲਿਆਂ ਦੀ ਗੱਲ ਕਰੀਏ ਤਾਂ ਬਾਬਾ ਫ਼ਰੀਦ ਜੀ ਦੀ ਯਾਦ ’ਚ ਫ਼ਰੀਦਕੋਟ ’ਚ ਬੜਾ ਭਾਰੀ ਮੇਲਾ ਲੱਗਦਾ ਹੈ। ਇੱਥੇ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਹੈ ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸੇ ਤਰ੍ਹਾਂ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਸਥਾਨ ’ਤੇ ਕਾਫ਼ੀ ਭਾਰੀ ਮੇਲਾ ਭਰਦਾ ਹੈ। ਇਹ ਸਥਾਨ ਪੰਜਾਬ ਦੇ ਸ਼ਹਿਰ ਜਲੰਧਰ ਵਿੱਚ ਸਥਿਤ ਹੈ। ਅੱਸੂ ’ਚ ਹੀ ਨਾਮਧਾਰੀ ਸਿੱਖ ਸੰਗਤ ਵੱਲੋਂ ਸ੍ਰੀ ਭੈਣੀ ਸਾਹਿਬ, ਲੁਧਿਆਣਾ ’ਤੇ ਮੇਲਾ ਲਗਾਇਆ ਜਾਂਦਾ ਹੈ ਜਿਸ ਨੂੰ ‘ਅੱਸੂ ਦਾ ਮੇਲਾ’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਮੇਲਾ ਛਪਾਰ ਲੱਗਦਾ ਹੈ। ਇਹ ਮੇਲਾ ਗੁੱਗਾ ਪੀਰ ਦੀ ਯਾਦ ਵਿੱਚ ਲੱਗਦਾ ਹੈ। ਇਨ੍ਹਾਂ ਮੇਲਿਆਂ ਤੋਂ ਇਲਾਵਾ ਵੀ ਅੱਸੂ ’ਚ ਕਈ ਧਾਰਮਿਕ ਇਕੱਠ ਹੁੰਦੇ ਹਨ ਜਿਵੇਂ ਸ੍ਰੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ ਜਾਂਦਾ ਹੈ, ਭਾਈ ਘਨੱਈਆ ਜੀ ਦੀ ਬਰਸੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਈ ਜਾਂਦੀ ਹੈ, ਸ੍ਰੀ ਗੋਇੰਦਵਾਲ ਸਾਹਿਬ ਦਾ ਜੋੜ ਮੇਲਾ, ਸ੍ਰੀ ਦੁਰਗਾ ਅਸ਼ਟਮੀ ਦੀ ਪੂਜਾ, ਮੇਲਾ ਜਵਾਲਾ ਮੁਖੀ ਤੇ ਤਾਰਾ ਦੇਵੀ ਜੀ ਹਿਮਾਚਲ ਪ੍ਰਦੇਸ਼ ’ਚ ਮਨਾਇਆ ਜਾਂਦਾ ਹੈ। ਅੱਸੂ ਦੇ ਮਹੀਨੇ ਸ਼ਰਾਧ ਸ਼ੁਰੂ ਹੋ ਕੇ ਖ਼ਤਮ ਹੁੰਦੇ ਹਨ।
ਲੋਕ ਗੀਤਾਂ ’ਚ ਅੱਸੂ ਦੇ ਮਹੀਨੇ ਦਾ ਜ਼ਿਕਰ ਕਰਦਿਆਂ ਇੱਕ ਮੁਟਿਆਰ ਆਪਣੇ ਪਤੀ ਨੂੰ ਦੂਰ-ਦੁਰਾਡੇ ਕੰਮ-ਕਾਰ ਲਈ ਪ੍ਰਦੇਸ ਜਾਣ ਤੋਂ ਰੋਕਦੀ ਹੋਈ ਆਖਦੀ ਹੈ:
ਅੱਸੂ ਨਾ ਜਾਈਂ ਚੰਨਾ, ਪਿਤਰ ਮਨਾਵਣੇ,
ਕੱਤੇ ਨਾ ਜਾਈਂ ਚੰਨਾ, ਬਲਣ ਦੀਵਾਲੀਆਂ।
ਨੌਂ ਨਰਾਤਿਆਂ ਦਾ ਆਗਮਨ ਵੀ ਅੱਸੂ ਦੇ ਮਹੀਨੇ ਵਿੱਚ ਹੀ ਹੁੰਦਾ ਹੈ ਤਾਂ ਹੀ ਸਾਡੇ ਲੋਕ ਗੀਤਾਂ ’ਚ ਅੱਸੂ ਦੇ ਮਹੀਨੇ ਦਾ ਜ਼ਿਕਰ ਕਰਦੇ ਆਖਿਆ ਜਾਂਦਾ ਹੈ:
ਅੱਸੂ ਦੇ ਮਹੀਨੇ ਵੇ ਨੌਂ ਮੈਂ ਰੱਖਾਂ ਨਰਾਤੇ।
ਜੀ ਲਾਲ ਵੇ! ਸਾਨੂੰ ਕਿਵੇਂ ਆ ਮਿਲ ਆਪੇ।
ਅੱਸੂ ਦਾ ਜ਼ਿਕਰ ਕਰਦਿਆਂ ਇੱਕ ਮੁਟਿਆਰ ਆਪਣੀ ਸੱਸ ਨੂੰ ਲੋਕ ਗੀਤ ਰਾਹੀਂ ਆਪਣੇ ਮਨ ਦੇ ਵਲਵਲਿਆਂ ਨੂੰ ਪ੍ਰਗਟ ਕਰਦੀ ਹੋਈ ਆਖਦੀ ਹੈ:
ਚੜਿ੍ਹਆ ਮਹੀਨਾ ਅੱਸੂ ਸੁਣ ਭੋਲੀਏ ਸੱਸੂ!
ਸੁਣ ਮਨ ਦੀ ਭੋਲੀਏ!
ਪੀਆ ਵਸੇ ਪਰਦੇਸ ਕਿਹਦੇ ਨਾਲ ਬੋਲੀਏ।
ਅੱਸੂ ਦੇ ਮਹੀਨੇ ਵਿੱਚ ਬਹੁਤ ਸਾਰੇ ਤਿਉਹਾਰਾਂ ਦੀ ਆਮਦ ਹੋਣ ਕਰਕੇ ਅੱਸੂ ਨੂੰ ਭਾਗਾਂ ਵਾਲਾ ਦੇਸੀ ਮਹੀਨਾ ਮੰਨਿਆ ਜਾਂਦਾ ਹੈ। ਅੱਸੂ ਨੂੰ ਆਸਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਮਹੀਨੇ ਕਈ ਫ਼ਸਲਾਂ ਪੱਕ ਚੁੱਕੀਆਂ ਹੁੰਦੀਆਂ ਹਨ ਤੇ ਕਈ ਪੱਕਣ ਦੀ ਤਿਆਰੀ ’ਚ ਹੁੰਦੀਆਂ ਹਨ। ਜਿਵੇਂ ਤਿਉਹਾਰਾਂ ਦੀ ਆਮਦ ਇਸ ਮਹੀਨੇ ਹੁੰਦੀ ਹੈ, ਉਵੇਂ ਹੀ ਫ਼ਸਲ ਦੀ ਆਮਦ ਵੀ ਇਸੇ ਮਹੀਨੇ ਤੋਂ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਸੂ ’ਚ ਆਈ ਫ਼ਸਲ ਦੇਖ ਕਿਸਾਨਾਂ, ਮਜ਼ਦੂਰਾਂ ਦੀਆਂ ਆਸਾਂ ਨੂੰ ਵੀ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਮਨ ਹੀ ਮਨ ਆਉਂਦੇ ਸਿਆਲ ਤੋਂ ਪਹਿਲਾਂ-ਪਹਿਲਾਂ ਘਰੇਲੂ ਕਾਰ-ਵਿਹਾਰ ਨੇਪਰੇ ਚਾੜ੍ਹਨ ਦੇ ਨਾਲ -ਨਾਲ ਅਗਲੀ ਫ਼ਸਲ ਦੀ ਬਿਜਾਈ ਦੀਆਂ ਵੀ ਵਿਉਂਤਾਂ ਬਣਾਉਣ ਲੱਗ ਪੈਂਦੇ ਹਨ। ਪੰਜਾਬ ਖੇਤੀ ਪ੍ਰਧਾਨ ਪ੍ਰਦੇਸ਼ ਹੋਣ ਕਾਰਨ ਇੱਥੇ ਵੱਸਦੇ ਕਿਸਾਨ, ਮਜ਼ਦੂਰ, ਆੜ੍ਹਤੀ ਅਤੇ ਕਾਰੋਬਾਰੀ- ਵਪਾਰੀ ਸਭ ਖੇਤੀ ਆਮਦਨ ’ਤੇ ਨਿਰਭਰ ਹਨ ਜੋ ਕਿਸਾਨ ਦੇ ਖੇਤ ’ਚੋਂ ਹੁੰਦੀ ਹੋਈ ਪੂਰੇ ਬਾਜ਼ਾਰ ’ਚ ਘੁੰਮਦੀ ਹੈ। ਫ਼ਸਲੀ ਪੈਸਾ ਹੱਥ ਆਉਣ ਨਾਲ ਜਿੱਥੇ ਅੱਸੂ ਦੇ ਤਿਉਹਾਰ ਮਨਾਏ ਜਾਂਦੇ ਹਨ, ਉੱਥੇ ਹੀ ਠੰਢੀ-ਮਿੱਠੀ ਰੁੱਤ ਹੋਣ ਕਾਰਨ ਵਿਆਹ, ਮੁਕਲਾਵਿਆਂ ਦੀਆਂ ਤਿਆਰੀਆਂ ਵੀ ਜ਼ੋਰ ਫੜਨ ਲੱਗਦੀਆਂ ਹਨ। ਇੱਕ ਲੋਕ ਗੀਤ ’ਚ ਮੁਟਿਆਰ ਆਪਣੇ ਬਾਬਲ ਨੂੰ ਇਉਂ ਆਖਦੀ ਹੈ:
ਮੈਂ ਤੈਨੂੰ ਆਖਦੀ ਬਾਬਲਾ,
ਮੇਰਾ ਅੱਸੂ ਦਾ ਕਾਜ ਰਚਾ ਵੇ।
ਤੇਰਾ ਅੰਨ ਨਾ ਤਰੱਕੇ ਕੋਠੜੀ,
ਤੇਰਾ ਦਹੀਂ ਨਾ ਅਮਲਾ ਜਾਵੇ।
ਬਾਬਲ ਮੈਂ ਬੇਟੀ ਮੁਟਿਆਰ,
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।
ਪੁਰਾਤਨ ਸਮਿਆਂ ’ਚ ਅੱਸੂ ਦੇ ਮਹੀਨੇ ਨੂੰ ਵਿਆਹ-ਸ਼ਾਦੀਆਂ ਲਈ ਚੰਗਾ ਸਮਝਿਆ ਜਾਂਦਾ ਸੀ ਕਿਉਂਕਿ ਵਿਆਹ-ਸ਼ਾਦੀਆਂ ਲਈ ਬਣੀਆਂ ਮਠਿਆਈਆਂ, ਸਬਜ਼ੀਆਂ- ਭਾਜੀਆਂ ਤੇ ਦੁੱਧ,ਦਹੀਂ ਖ਼ਰਾਬ ਹੋਣ ਦਾ ਖ਼ਤਰਾ ਘੱਟ ਹੁੰਦਾ ਸੀ। ਉਨ੍ਹਾਂ ਸਮਿਆਂ ’ਚ ਖਾਣ-ਪੀਣ ਦੇ ਇੰਨੇ ਸਾਮਾਨ ਦੀ ਸਾਂਭ-ਸੰਭਾਲ ਲਈ ਢੁੱਕਵੇਂ ਸਾਧਨ ਨਹੀਂ ਸਨ ਹੁੰਦੇ, ਇਸ ਲਈ ਬਹੁਤੇ ਕਾਰ-ਵਿਹਾਰ ਮੌਸਮਾਂ ਨੂੰ ਦੇਖ ਕੇ ਹੀ ਕਰਨੇ ਪੈਂਦੇ ਸਨ। ਅੱਸੂ ਦੇ ਮਹੀਨੇ ਰਾਤਾਂ ਨੂੰ ਪੈਂਦੀ ਤਰੇਲ ਮੌਸਮ ਨੂੰ ਠੰਢਾ ਕਰ ਦਿੰਦੀ ਹੈ। ਅੱਸੂ ਮਨੁੱਖੀ ਮਨ ’ਚ ਪ੍ਰੇਮ ਪੈਦਾ ਕਰਨ ਵਾਲਾ ਮਹੀਨਾ ਮੰਨਿਆ ਜਾਂਦਾ ਹੈ। ਮਨੁੱਖੀ ਮਨ ’ਤੇ ਮੌਸਮਾਂ ਦਾ ਅਸਰ ਬਹੁਤ ਜਲਦੀ ਪੈਂਦਾ ਹੈ। ਇਹ ਠੰਢੀ-ਮਿੱਠੀ ਰੁੱਤ ਹੋਣ ਕਾਰਨ ਮਨੁੱਖੀ ਮਨ ’ਚ ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਉਹ ਮਿਲਾਪ ਦੀ ਤਾਂਘ ਦੁਨਿਆਵੀ ਰਿਸ਼ਤਿਆਂ ਤੋਂ ਇਲਾਵਾ, ਉਸ ਪਰਮੇਸ਼ਵਰ, ਉਸ ਪ੍ਰਭੂ ਪਿਆਰੇ ਦੇ ਮਿਲਾਪ ਦੀ ਤਾਂਘ ਵੀ ਹੋ ਸਕਦੀ ਹੈ। ਜਿਨ੍ਹਾਂ ਆਪਣੇ ਪੁਰਖਿਆਂ ਦੀ ਸੰਗਤ ’ਚ ਬੀਤੇ ਵੇਲਿਆਂ ਦੌਰਾਨ ਇਨ੍ਹਾਂ ਦੇਸੀ ਮਹੀਨਿਆਂ ਦਾ ਆਨੰਦ ਮਾਣਿਆ ਹੋਵੇਗਾ, ਉਹ ਅੱਜ ਆਪਣੀ ਉਮਰ ਦੇ ਇਸ ਪੜਾਅ ’ਤੇ ਪਹੁੰਚ ਜ਼ਰੂਰ ਮਹਿਸੂਸ ਕਰਦੇ ਹੋਣਗੇ ਕਿ ਅਸੀਂ ਬਹੁਤ ਕੁਝ ਪਿੱਛੇ ਛੱਡ ਆਏ ਹਾਂ, ਪ੍ਰੰਤੂ ਉਹ ਖੱਟੀਆਂ-ਮਿੱਠੀਆਂ ਕੀਮਤੀ ਯਾਦਾਂ ਅੱਜ ਵੀ ਨਾਲ ਹਨ।
ਸੰਪਰਕ: 98550-10005

Advertisement

Advertisement