ਸਹਾਇਕ ਪ੍ਰੋਫੈਸਰਾਂ ਵੱਲੋਂ ਵੀਸੀ ਦੇ ਭਰੋਸੇ ਮਗਰੋਂ ਧਰਨਾ ਮੁਲਤਵੀ
ਖੇਤਰੀ ਪ੍ਰਤੀਨਿਧ
ਪਟਿਆਲਾ, 5 ਜੂਨ
ਪੰਜਾਬੀ ਯੂਨੀਵਰਸਿਟੀ ਵਿੱਚ ਮੁੱਖ ਕੈਂਪਸ ਸਮੇਤ ਕਾਂਸਟੀਚੂਐਂਟ ਕਾਲਜਾਂ, ਨੇਬਰਹੁੱਡ ਕੈਂਪਸ ਅਤੇ ਰੀਜਨਲ ਸੈਂਟਰ ਵਿਚਲੇ ਡੇਢ ਦਹਾਕੇ ਤੋਂ ਕੰਟਰੈਕਟ ਆਧਾਰ ’ਤੇ ਸੇਵਾਵਾਂ ਨਿਭਾਅ ਰਹੇ ਸਹਾਇਕ ਪ੍ਰੋਫੈਸਰਾਂ ਵੱਲੋਂ 22 ਅਪਰੈਲ ਤੋਂ ਇੱਥੇ ਵੀਸੀ ਦਫਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਅੱਜ ਮੁਲਤਵੀ ਕਰ ਦਿੱਤਾ ਗਿਆ। ਅਧਿਆਪਕ ਆਗੂ ਲਵਪ੍ਰ੍ਰੀਤ ਸ਼ਰਮਾ ਨੇ ਦੱਸਿਆ ਕਿ ਪੇਅ ਕਮਿਸ਼ਨ ਲਾਗੂ ਕਰਵਾਉਣ ਦੀ ਮੰਗ ਲਈ ਐਸੋਸੀਏਸ਼ਨ ਦੀ ਪ੍ਰਧਾਨ ਪ੍ਰੋ. ਤਰਨਜੀਤ ਕੌਰ ਦੀ ਅਗਵਾਈ ਹੇਠਾਂ ਦਿਨ ਰਾਤ ਜਾਰੀ ਇਸ ਧਰਨੇ ਦੌਰਾਨ ਹੁਣ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨਾਲ ਹੋਈ ਚਰਚਾ ਤੋਂ ਬਾਅਦ ਹੀ ਧਰਨਾ ਮੁਲਤਵੀ ਕਰਨ ’ਤੇ ਸਹਿਮਤੀ ਬਣੀ ਹੈ। ਵਾਈਸ ਚਾਂਸਲਰ ਦਾ ਕਹਿਣਾ ਸੀ ਕਿ ਇਸ ਮੰਗ ਸਬੰੰਧੀ ਮਤਾ ਉਚੇਰੀ ਸਿੱਖਿਆ ਸਕੱਤਰ ਨੂੰ ਭੇਜਿਆ ਜਾ ਚੁੱਕਿਆ ਹੈ ਤੇ ਪ੍ਰਵਾਨਗੀ ਮਿਲਣ ’ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਡਾ. ਜਸਵਿੰਦਰ ਸਿੰਘ ਬਰਾੜ ਵੀ ਮੌਜੂਦ ਰਹੇ। ਜਿਸ ਮਗਰੋਂ ਪ੍ਰਧਾਨ ਤਰਨਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਇਹ ਧਰਨਾ ਉਹ ਵਾਈਸ ਚਾਂਸਲਰ ਦੇ ਭਰੋਸੇ ’ਤੇ ਚੁੱੱਕ ਰਹੇ ਹਨ ਤੇ ਵਾਅਦੇ ਦੀ ਪੂਰਤੀ ਨਾ ਹੋਣ ’ਤੇ ਉਹ ਮੁੜ ਧਰਨਾ ਲਾਉਣਗੇ। ਇਸ ਮੌਕੇ ਪ੍ਰੋ. ਸਤੀਸ਼ ਕੁਮਾਰ, ਪ੍ਰੋ. ਰੁਪਿੰਦਰ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਤਜਿੰਦਰਪਾਲ ਸਿੰਘ, ਡਾ. ਲਵਦੀਪ ਸ਼ਰਮਾ, ਡਾ. ਰਾਜੀਵ ਮੱਲ, ਡਾ. ਰਵੀ ਸ਼ੰਕਰ ਅਤੇ ਡਾ. ਰਾਜਮੋਹਿੰਦਰ ਸਿੱਧੂ ਮੌਜੂਦ ਸਨ।