ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਮਰਨ ਵਰਤ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਦਸੰਬਰ
ਇਥੇ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਨੇ 411 ਬਾਕੀ ਰਹਿੰਦੇ ਉਮੀਦਵਾਰਾਂ ਦੀ ਨਿਯੁਕਤੀ ਦੀ ਮੰਗ ਲਈ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਮਰਨ ਵਰਤ ’ਤੇ ਬੈਠਣ ਵਾਲੇ ਤਿੰਨ ਮੈਂਬਰਾਂ ’ਚ ਪੰਜਾਬੀ ਵਿਸ਼ੇ ਦੇ ਡਾ. ਪਰਮਜੀਤ ਸਿੰਘ, ਹਿੰਦੀ ਵਿਸ਼ੇ ਦੇ ਜਸਵੰਤ ਸਿੰਘ ਅਤੇ ਅੰਗਰੇਜ਼ੀ ਵਿਸ਼ੇ ਦੇ ਸੁਰਿੰਦਰ ਸਿੰਘ ਚੌਧਰੀ ਸ਼ਾਮਲ ਹਨ। 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੀ ਅਗਵਾਈ ਹੇਠ ਉਮੀਦਵਾਰ ਅੱਜ ਸਥਾਨਕ ਵੇਰਕਾ ਮਿਲਕ ਪਲਾਂਟ ਪਾਰਕ ਵਿੱਚ ਇਕੱਠੇ ਹੋਏ, ਜਿਥੋਂ ਬਾਅਦ ਦੁਪਹਿਰ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਸਤੇ ’ਚ ਹੀ ਰੋਕ ਲਿਆ ਤਾਂ ਉਨ੍ਹਾਂ ਵੱਲੋਂ ਸੜਕ ’ਤੇ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ। ਫਰੰਟ ਦੇ ਆਗੂਆਂ ਵੱਲੋਂ ਤਿੰਨੋਂ ਮੈਂਬਰਾਂ ਨੂੰ ਹਾਰ ਪਾ ਕੇ ਮਰਨ ਵਰਤ ’ਤੇ ਬਿਠਾਇਆ ਗਿਆ।
ਆਗੂਆਂ ਨੇ ਕਿਹਾ ਕਿ ਮਰਨ ਵਰਤ ’ਤੇ ਪਹਿਲਾ ਜਥਾ ਬੈਠਾ ਹੈ ਅਤੇ ਅਗਲਾ ਜਥਾ ਵੀ ਤਿਆਰ-ਬਰ-ਤਿਆਰ ਰਹੇਗਾ। ਇਸ ਮੌਕੇ ਫਰੰਟ ਦੇ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1158 ਭਰਤੀ ਨੇਪਰੇ ਚੜ੍ਹਾਉਣ ਲਈ ਹਰੀ ਝੰਡੀ ਦਿੱਤੀ ਸੀ ਪਰ ਸਰਕਾਰ ਭਰਤੀ ਨੂੰ ਅੱਧ ਵਿਚਾਲੇ ਲਟਕਾ ਰਹੀ ਹੈ। 607 ਜਣਿਆਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਹਨ ਪਰੰਤੂ 411 ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ 70 ਦਿਨਾਂ ਤੋਂ ਖੱਜਲ ਕੀਤਾ ਜਾ ਰਿਹਾ ਹੈ। ਸਰਕਾਰ ਨੇ ਭਰਤੀ ਨੇਪਰੇ ਚੜ੍ਹਾਉਣ ਦੇ ਸਿਲਸਿਲੇ ਵਿੱਚ ਸਿੱਖਿਆ ਸਕੱਤਰ ਨਾਲ ਮੀਟਿੰਗ ਦਾ ਵਾਅਦਾ ਕੀਤਾ ਸੀ ਪਰ ਸਿੱਖਿਆ ਸਕੱਤਰ ਮੀਟਿੰਗ ਤੋਂ ਮੁੱਕਰ ਗਿਆ। ਜਸਵੰਤ ਸਿੰਘ, ਸੁਰਿੰਦਰ ਸਿੰਘ ਚੌਧਰੀ ਅਤੇ ਜਸਪ੍ਰੀਤ ਕੌਰ ਨੇ ਦੱਸਿਆ ਕਿ ਨਿਯੁਕਤੀ ਦੀ ਉਡੀਕ ਕਰ ਰਹੇ ਉਮੀਦਵਾਰਾਂ ਵਿੱਚ ਅੰਗਰੇਜ਼ੀ ਦੇ 154, ਪੰਜਾਬੀ ਦੇ 142, ਹਿੰਦੀ ਦੇ 30, ਭੂਗੋਲ ਦੇ 15, ਐਜੂਕੇਸ਼ਨ ਦੇ 03 ਸਹਾਇਕ ਪ੍ਰੋਫ਼ੈਸਰ ਅਤੇ 67 ਲਾਇਬ੍ਰੇਰੀਅਨ ਕਾਲਜਾਂ ਵਿੱਚ ਨਿਯੁਕਤ ਹੋਣੋਂ ਰਹਿੰਦੇ ਹਨ। ਮਨੀਸ਼ ਕੁਮਾਰ ਅਤੇ ਬਲਵਿੰਦਰ ਚਹਿਲ ਨੇ ਕਿਹਾ ਕਿ ਫਰੰਟ ਦੀ ਇੱਕੋ ਇੱਕ ਮੰਗ ਹੈ ਕਿ ਬਾਕੀ ਰਹਿੰਦੇ 411 ਉਮੀਦਵਾਰਾਂ ਨੂੰ ਤੁਰੰਤ ਕਾਲਜਾਂ ਵਿੱਚ ਨਿਯੁਕਤ ਕਰਕੇ 1158 ਭਰਤੀ ਮੁਕੰਮਲ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਭਰਤੀ ਨੂੰ ਮੁਕੰਮਲ ਕਰਨ ਵੱਲ ਠੋਸ ਕਦਮ ਨਹੀਂ ਪੁੱਟਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪੁਲੀਸ ਨੇ ਦੇਰ ਸ਼ਾਮ ਮਰਨ ਵਰਤ ’ਤੇ ਬੈਠੇ ਸਹਾਇਕ ਪ੍ਰੋਫੈਸਰ ਜਬਰੀ ਚੁੱਕੇ
ਇਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਮਰਨ ਵਰਤ ’ਤੇ ਬੈਠੇ ਸਹਾਇਕ ਪ੍ਰੋਫੈਸਰਾਂ ਨੂੰ ਰਾਤ ਕਰੀਬ ਪੌਣੇ ਅੱਠ ਵਜੇ ਪੁਲੀਸ ਨੇ ਜਬਰੀ ਹਿਰਾਸਤ ’ਚ ਲੈ ਲਿਆ ਅਤੇ ਗੱਡੀਆਂ ਵਿੱਚ ਬਿਠਾ ਕੇ ਵੱਖ-ਵੱਖ ਪੁਲੀਸ ਥਾਣਿਆਂ ’ਚ ਲਿਜਾਇਆ ਗਿਆ। ਮੌਕੇ ’ਤੇ ਸਹਾਇਕ ਪ੍ਰੋਫੈਸਰ ਉਮੀਦਵਾਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਇਸਨੂੰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ ਗਿਆ। ਫੋਨ ’ਤੇ ਜਾਣਕਾਰੀ ਦਿੰਦਿਆਂ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੇ ਇੱਕ ਆਗੂ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਦੇ ਮੋਬਾਈਲ ਵੀ ਕਬਜ਼ੇ ਵਿੱਚ ਲੈ ਲਏ ਹਨ। ਲੜਕੀਆਂ ਨੂੰ ਪੁਲੀਸ ਥਾਣਾ ਸਦਰ ਬਾਲੀਆਂ ਵਿੱਚ ਲਿਜਾਇਆ ਗਿਆ ਹੈ ਜਦੋਂ ਕਿ ਲੜਕਿਆਂ ਨੂੰ ਥਾਣਾ ਲਹਿਰਾ ਵੱਲ ਲਿਜਾਇਆ ਜਾ ਰਿਹਾ ਹੈ। ਇਸ ਸਬੰਧੀ ਡੀਐੱਸਪੀ (ਆਰ) ਸੰਗਰੂਰ ਸੁਖਦੇਵ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਗੱਲਬਾਤ ਚੱਲ ਰਹੀ ਹੈ।