For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ ਵਿਚ 30 ਸਤੰਬਰ ਤੋਂ ਪਹਿਲਾਂ ਹੋਣਗੀਆਂ ਅਸੈਂਬਲੀ ਚੋਣਾਂ: ਸ਼ਾਹ

08:16 AM May 27, 2024 IST
ਜੰਮੂ ਕਸ਼ਮੀਰ ਵਿਚ 30 ਸਤੰਬਰ ਤੋਂ ਪਹਿਲਾਂ ਹੋਣਗੀਆਂ ਅਸੈਂਬਲੀ ਚੋਣਾਂ  ਸ਼ਾਹ
ਕਾਰਾਕਾਟ ਵਿੱਚ ਚੋਣ ਰੈਲੀ ਦੌਰਾਨ ਲੋਕਾਂ ਦਾ ਸਵਾਗਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 26 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜੰਮੂ ਕਸ਼ਮੀਰ ਵਿਚ ਸਫ਼ਲ ਮਤਦਾਨ ਨਾਲ ਮੋਦੀ ਸਰਕਾਰ ਦੀ ਕਸ਼ਮੀਰ ਨੀਤੀ ਬਾਰੇ ਸਾਰੇ ਸ਼ੰਕੇ ਦੂਰ ਹੋ ਗਏ ਹਨ। ਸ਼ਾਹ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਵੱਖਵਾਦੀ ਵੀ ਪੂਰੇ ਉਤਸ਼ਾਹ ਤੇ ਜ਼ੋਰ-ਸ਼ੋਰ ਨਾਲ ਸ਼ਾਮਲ ਹੋਏ। ਸ਼ਾਹ ਨੇ ਭਰੋਸਾ ਦਿਵਾਇਆ ਕਿ ਜੰਮੂ ਕਸ਼ਮੀਰ ਵਿਚ ਅਸੈਂਬਲੀ ਚੋਣਾਂ 30 ਸਤੰਬਰ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਭਾਜਪਾ ਸਰਕਾਰ ਦੇ ਅਗਲੇ ਕਾਰਜਕਾਲ ਦੌਰਾਨ ਸਾਂਝਾ ਸਿਵਲ ਕੋਡ (ਯੂਸੀਸੀ) ਤੇ ਇੱਕ ਦੇਸ਼, ਇੱਕ ਚੋਣ ਲਾਗੂ ਕਰਨ ਦੀ ਗੱਲ ਵੀ ਕਹੀ। ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਸ਼ਾਹ ਨੇ ਕਿਹਾ ਕਿ ਇਕ ਵਾਰੀ ਲੋਕ ਸਭਾ ਚੋਣਾਂ ਦਾ ਅਮਲ ਨਿੱਬੜ ਜਾਵੇ, ਸਰਕਾਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਰਾਜ ਦਾ ਦਰਜਾ ਬਹਾਲ ਕਰਨ ਦਾ ਅਮਲ ਸ਼ੁਰੂ ਕਰ ਦੇਵੇਗੀ। ਸ਼ਾਹ ਨੇ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਜੰਮੂ ਤੇ ਕਸ਼ਮੀਰ ਨਾਲ ਰਲੇਵੇਂ ਦਾ ਫੈਸਲਾ ਗੰਭੀਰ ਵਿਚਾਰ ਚਰਚਾ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਮੈਂ ਸੰਸਦ ’ਚ ਕਿਹਾ ਹੈ ਕਿ ਅਸੀਂ ਵਿਧਾਨ ਸਭਾ ਚੋਣਾਂ ਮਗਰੋਂ ਰਾਜ ਦਾ ਦਰਜਾ ਬਹਾਲ ਕਰਾਂਗੇ।’ ਉਨ੍ਹਾਂ ਕਿਹਾ ਕਿ ਪੱਛੜੇ ਵਰਗਾਂ ਦੇ ਸਰਵੇਖਣ ਦੀ ਗੱਲ ਹੋਵੇ ਜਾਂ ਵਿਧਾਨ ਸਭਾ ਤੇ ਲੋਕ ਸਭਾ ਖੇਤਰਾਂ ਦੀ ਹੱਦਬੰਦੀ ਦਾ ਕੰਮ, ਸਭ ਕੁਝ ਯੋਜਨਾ ਅਨੁਸਾਰ ਹੋ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ ਹੱਦਬੰਦੀ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਕਿਉਂਕਿ ਹੱਦਬੰਦੀ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਹੀ ਰਾਖਵਾਂਕਰਨ ਦਿੱਤਾ ਜਾ ਸਕਦਾ ਹੈ। ਅਸੀਂ ਵੱਖ ਵੱਖ ਜਾਤਾਂ ਦੀ ਸਥਿਤੀ ਬਾਰੇ ਜਾਣਨਾ ਹੈ। ਇਹ ਹੋ ਗਿਆ ਹੈ। ਲੋਕ ਸਭਾ ਚੋਣਾਂ (ਜੰਮੂ ਕਸ਼ਮੀਰ ’ਚ) ਵੀ ਖਤਮ ਹੋ ਗਈਆਂ ਹਨ। ਇਸ ਮਗਰੋਂ ਵਿਧਾਨ ਸਭਾ ਚੋਣਾਂ ਹੋਣਗੀਆਂ। ਅਸੀਂ ਸੁਪਰੀਮ ਕੋਰਟ ਦੀ ਸਮਾਂ ਸੀਮਾ ਤੋਂ ਪਹਿਲਾਂ ਪ੍ਰਕਿਰਿਆ ਪੂਰੀ ਕਰ ਲਵਾਂਗੇ।’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਭਾਜਪਾ ਦੇ ਸੱਤਾ ’ਚ ਆਉਣ ’ਤੇ ਸਾਰੀਆਂ ਧਿਰਾਂ ਨਾਲ ਵਿਚਾਰ-ਚਰਚਾ ਮਗਰੋਂ ਅਗਲੇ ਪੰਜ ਸਾਲ ਅੰਦਰ ਪੂਰੇ ਦੇਸ਼ ਲਈ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਉੱਤਰਾਖੰਡ ’ਚ ਇੱਕ ਪ੍ਰਯੋਗ ਕੀਤਾ ਹੈ ਕਿਉਂਕਿ ਉੱਥੇ ਬਹੁਮਤ ਦੀ ਸਰਕਾਰ ਹੈ। ਉਨ੍ਹਾਂ ਹਾਲਾਂਕਿ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੇਂਦਰ ਦੇ ਨਾਲ ਇਹ ਰਾਜਾਂ ਦਾ ਵੀ ਵਿਸ਼ਾ ਹੈ। ਇੱਕੋ ਸਮੇਂ ਚੋਣਾਂ ਕਰਵਾਏ ਜਾਣ ਬਾਰੇ ਸ਼ਾਹ ਨੇ ਕਿਹਾ ਕਿ ਅਸੀਂ ‘ਇੱਕ ਮੁਲਕ, ਇੱਕ ਚੋਣ’ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਇਸ ’ਤੇ ਵੀ ਚਰਚਾ ਹੋਣੀ ਚਾਹੀਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ’ਚ ਨਕਸਲਵਾਦ ਦੀ ਸਮੱਸਿਆ ਅਗਲੇ ਦੋ-ਤਿੰਨ ਸਾਲਾਂ ਅੰਦਰ ਖਤਮ ਹੋ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਛੱਤੀਸਗੜ੍ਹ ਦੇ ਇੱਕ ਛੋਟੇ ਜਿਹੇ ਖੇਤਰ ਨੂੰ ਛੱਡ ਕੇ ਸਾਰਾ ਦੇਸ਼ ਇਸ ਖਤਰੇ ਤੋਂ ਮੁਕਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਸ਼ੂਪਤੀਨਾਥ ਤੋਂ ਤਿਰੂਪਤੀ ਤੱਕ ਅਖੌਤੀ ਨਕਸਲੀ ਗਲਿਆਰੇ ’ਚ ਮਾਓਵਾਦੀਆਂ ਦੀ ਕੋਈ ਮੌਜੂਦਗੀ ਨਹੀਂ ਹੈ। ਉਨ੍ਹਾਂ ਕਿਹਾ, ‘ਦੇਸ਼ ’ਚੋਂ ਨਕਸਲਵਾਦ ਖਤਮ ਹੋ ਰਿਹਾ ਹੈ। ਹੁਣ ਝਾਰਖੰਡ ਨਕਸਲੀਆਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਿਆ ਹੈ। ਬਿਹਾਰ ਪੂਰਾ ਮੁਕਤ ਹੋ ਗਿਆ। ਉੜੀਸਾ, ਤਿਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵੀ ਪੂਰੀ ਤਰ੍ਹਾਂ ਮੁਕਤ ਹੋ ਗਏ ਹਨ।’ ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਿੱਚ ਨਕਸਲਵਾਦ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਕਿਉਂਕਿ ਉੱਥੇ ਕਾਂਗਰਸ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਅਗਲੇ 2-3 ਸਾਲ ’ਚ ਇਥੋਂ ਵੀ ਨਕਸਲਵਾਦ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। -ਪੀਟੀਆਈ

Advertisement

ਪੰਜ ਗੇੜਾਂ ’ਚ ਐੱਨਡੀਏ ਨੇ 310 ਸੀਟਾਂ ਜਿੱਤੀਆਂ: ਗ੍ਰਹਿ ਮੰਤਰੀ

ਕਾਰਾਕਾਟ (ਬਿਹਾਰ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ’ਚ ਮੁਕਾਬਲਾ ਥੋੜੀ ਗਰਮੀ ਵਧਦਿਆਂ ਹੀ ਵਿਦੇਸ਼ ’ਚ ਛੁੱਟੀਆਂ ਮਨਾਉਣ ਲਈ ਚਲੇ ਜਾਣ ਵਾਲੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸਰਹੱਦ ’ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੈ। ਬਿਹਾਰ ਦੇ ਕਾਰਾਕਾਟ ਸੰਸਦੀ ਹਲਕੇ ਤੋਂ ਐੱਨਡੀਏ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਸਿੰਘ ਕੁਸ਼ਵਾਹਾ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਕੱਲ ਛੇਵੇਂ ਗੇੜ ਦੀ ਚੋਣ ਮੁਕੰਮਲ ਹੋ ਗਈ ਹੈ। ਮੇਰੇ ਕੋਲ ਪੰਜਵੇਂ ਗੇੜ ਤੱਕ ਦੀ ਰਿਪੋਰਟ ਹੈ। ਪੰਜ ਗੇੜਾਂ ’ਚ ਹੀ ਮੋਦੀ ਜੀ 310 ਸੀਟਾਂ ਜਿੱਤ ਚੁੱਕੇ ਹਨ। ਇਹ ਛੇਵਾਂ ਤੇ ਸੱਤਵਾਂ ਗੇੜ 400 ਸੀਟਾਂ ਦਾ ਅੰਕੜਾ ਪਾਰ ਕਰਨ ਲਈ ਹੈ।’ ਉਨ੍ਹਾਂ ਕਿਹਾ ਕਿ ਚਾਂਦੀ ਦੇ ਚੰਮਚ ਨਾਲ ਪੈਦਾ ਹੋਏ ਰਾਹੁਲ ਗਾਂਧੀ ਮੁਕਾਬਲੇ ਅਤਿ ਪੱਛੜੇ ਪਰਿਵਾਰ ਤੋਂ ਆਉਣ ਵਾਲੇ ਮੋਦੀ ਨੇ ਸਿਖਰਲੇ ਅਹੁਦੇ ਤੱਕ ਪਹੁੰਚਣ ਲਈ ਸਖਤ ਮਿਹਨਤ ਕੀਤੀ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਇੱਕ ਸਮੇਂ ਉਨ੍ਹਾਂ ਨੂੰ ਚਾਹ ਵੀ ਵੇਚਣੀ ਪਈ। ਸ਼ਾਹ ਨੇ ਇੰਡੀਆ ਬਲਾਕ ਨੂੰ 12 ਲੱਖ ਕਰੋੜ ਰੁਪਏ ਦੇ ਵਿੱਤੀ ਘੁਟਾਲੇਬਾਜ਼ਾਂ ਦਾ ਸਮੂਹ ਕਰਾਰ ਦਿੱਤਾ। ਭਾਜਪਾ ਦੇ ਸਾਬਕਾ ਪ੍ਰਧਾਨ ਨੇ ਪਾਕਿਸਤਾਨ ਦੇ ਪਰਮਾਣੂ ਬੰਬਾਂ ਤੋਂ ਡਰਨ ਲਈ ਕਾਂਗਰਸ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਿਸ ਨੇ ਜੰਮੂ ਕਸ਼ਮੀਰ ’ਚ ਧਾਰਾ 370 ਖਤਮ ਕਰ ਦਿੱਤੀ ਹੈ, ਨੇ ਮਕਬੂਜ਼ਾ ਕਸ਼ਮੀਰ ’ਤੇ ਦਾਅਵਾ ਕਰਨ ਦਾ ਅਹਿਦ ਲਿਆ ਹੈ। ਉਨ੍ਹਾਂ ਕਿਹਾ, ‘ਮਕਬੂਜ਼ਾ ਕਸ਼ਮੀਰ ਸਾਡਾ ਸੀ, ਸਾਡਾ ਹੈ ਤੇ ਸਾਡਾ ਰਹੇਗਾ।’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×