For the best experience, open
https://m.punjabitribuneonline.com
on your mobile browser.
Advertisement

ਵਿਧਾਨ ਸਭਾ ਚੋਣਾਂ: ਅਰੁਣਾਚਲ ’ਚ ਭਾਜਪਾ ਤੇ ਸਿੱਕਮ ’ਚ ਐੱਸਕੇਐੱਮ ਦੀ ਵਾਪਸੀ

07:46 AM Jun 03, 2024 IST
ਵਿਧਾਨ ਸਭਾ ਚੋਣਾਂ  ਅਰੁਣਾਚਲ ’ਚ ਭਾਜਪਾ ਤੇ ਸਿੱਕਮ ’ਚ ਐੱਸਕੇਐੱਮ ਦੀ ਵਾਪਸੀ
ਅਸਾਮ ਦੇ ਕੈਬਨਿਟ ਮੰਤਰੀ ਅਸ਼ੋਕ ਸਿੰਘਲ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ। -ਫੋਟੋ: ਏਐੱਨਆਈ
Advertisement

ਈਟਾਨਗਰ/ਗੰਗਟੋਕ, 2 ਜੂਨ
ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਵਿਧਾਨ ਸਭਾ ਲਈ 19 ਅਪਰੈਲ ਨੂੰ ਪਈਆਂ ਵੋਟਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਸੱਤਾ ’ਚ ਵਾਪਸੀ ਕੀਤੀ ਹੈ ਜਦਕਿ ਸਿੱਕਮ ’ਚ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਹੂੰਝਾ ਫੇਰ ਜਿੱਤ ਹਾਸਲ ਕਰਕੇ ਲਗਾਤਾਰ ਦੂਜੀ ਵਾਰ ਸੱਤਾ ’ਚ ਆ ਗਿਆ ਹੈ। ਭਾਜਪਾ ਨੇ ਅਰੁਣਾਚਲ ਪ੍ਰਦੇਸ਼ ’ਦੀ 60 ਮੈਂਬਰੀ ਵਿਧਾਨ ਸਭਾ ’ਚ 46 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ ਜਦਕਿ ਐੱਸਕੇਐੱਮ ਨੇ ਸਿੱਕਮ ਦੀ 32 ਮੈਂਬਰੀ ਵਿਧਾਨ ਸਭਾ ’ਚ 31 ਸੀਟਾਂ ਜਿੱਤੀਆਂ ਹਨ। ਇਸੇ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਰਾਜਪਾਲ ਲੈਫਟੀਨੈਂਟ ਜਨਰਲ ਕੇਟੀ ਪਰਨਾਇਕ ਨੂੰ ਮਿਲ ਕੇ ਅਸਤੀਫਾ ਸੌਂਪ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਨੇ ਅਰੁਣਾਚਲ ਪ੍ਰਦੇਸ਼ ਦੀਆਂ 10 ਸੀਟਾਂ ਪਹਿਲਾਂ ਹੀ ਬਿਨਾਂ ਵਿਰੋਧ ਜਿੱਤ ਲਈਆਂ ਸਨ। ਅਧਿਕਾਰੀਆਂ ਅਨੁਸਾਰ ਜਿਨ੍ਹਾਂ 50 ਸੀਟਾਂ ’ਤੇ ਵੋਟਾਂ ਪਈਆਂ, ਉਨ੍ਹਾਂ ’ਚੋਂ ਭਾਜਪਾ ਨੇ 36 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਅਤੇ ਮੁੱਖ ਮੰਤਰੀ ਪੇਮਾ ਖਾਂਡੂ ਬਿਨਾਂ ਵਿਰੋਧ ਜਿੱਤਣ ਵਾਲੇ ਉਮੀਦਵਾਰਾਂ ’ਚੋਂ ਇੱਕ ਹਨ। ਇਨ੍ਹਾਂ ਚੋਣਾਂ ਵਿੱਚ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਨੂੰ ਪੰਜ ਸੀਟਾਂ ਮਿਲੀਆਂ ਜਦਕਿ ਪੀਪਲਜ਼ ਪਾਰਟੀ ਆਫ ਅਰੁਣਾਚਲ ਨੇ ਦੋ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਤਿੰਨ ਸੀਟਾਂ ’ਤੇ ਜਿੱਤ ਦਰਜ ਕੀਤੀ। ਕਾਂਗਰਸ ਨੇ ਇੱਕ ਸੀਟ ਜਿੱਤੀ ਹੈ ਅਤੇ ਤਿੰਨ ਸੀਟਾਂ ’ਤੇ ਆਜ਼ਾਦ ਉਮੀਦਵਾਰ ਜਿੱਤੇ ਹਨ। ਭਾਜਪਾ ਨੇ ਅਰੁਣਾਚਲ ਪ੍ਰਦੇਸ਼ ’ਚ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ 41 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਉਸ ਦੀਆਂ ਪੰਜ ਸੀਟਾਂ ਵਧੀਆਂ ਹਨ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਇਨ੍ਹਾਂ ਨਤੀਜਿਆਂ ਨੂੰ ਇਤਿਹਾਸਕ ਕਰਾਰ ਦਿੱਤਾ ਤੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਦਾ ਬਦਲਾ ਚੁਕਾਇਆ ਹੈ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਜਿੱਤ ’ਤੇ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਦੂਜੇ ਪਾਸੇ ਹਿਮਾਲਿਅਨ ਸੂਬੇ ’ਚ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਹੂਝਾ ਫੇਰ ਜਿੱਤ ਹਾਸਲ ਕਰਕੇ ਲਗਾਤਾਰ ਦੂਜੀ ਵਾਰ ਸੱਤਾ ’ਚ ਆ ਗਿਆ ਹੈ। ਐੱਸਕੇਐੱਮ ਨੇ 32 ਮੈਂਬਰੀ ਵਿਧਾਨ ਸਭਾ ’ਚ 31 ਸੀਟਾਂ ਜਿੱਤੀਆਂ ਹਨ। ਵਿਰੋਧੀ ਸਿੱਕਮ ਡੈਮੋਕਰੈਟਿਕ ਫਰੰਟ (ਐੱਸਡੀਐੱਫ), ਜਿਸ ਨੇ 2019 ਤੱਕ ਲਗਾਤਾਰ 25 ਵਰ੍ਹਿਆਂ ਤੱਕ ਸੂਬੇ ’ਚ ਰਾਜ ਕੀਤਾ ਸੀ, ਸਿਰਫ਼ ਇਕ ਸੀਟ ਹੀ ਜਿੱਤ ਸਕਿਆ। ਪਾਰਟੀ ਪ੍ਰਧਾਨ ਅਤੇ ਪੰਜ ਵਾਰ ਦਾ ਮੁੱਖ ਮੰਤਰੀ ਤੇ ਅੱਠ ਵਾਰ ਵਿਧਾਇਕ ਰਿਹਾ ਪਵਨ ਕੁਮਾਰ ਚਾਮਲਿੰਗ ਦੋ ਸੀਟਾਂ ਤੋਂ ਚੋਣ ਲੜਿਆ ਸੀ ਅਤੇ ਉਹ ਦੋਹਾਂ ਤੋਂ ਹਾਰ ਗਿਆ। ਐੱਸਕੇਐੱਮ ਪ੍ਰਧਾਨ ਅਤੇ ਮੌਜੂਦਾ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੋਵੇਂ ਸੀਟਾਂ ਜਿੱਤਣ ’ਚ ਕਾਮਯਾਬ ਰਿਹਾ ਅਤੇ ਪਾਰਟੀ ਨੂੰ 58.38 ਫ਼ੀਸਦ ਵੋਟਾਂ ਮਿਲੀਆਂ। ਤਮਾਂਗ ਰੇਹਨੌਕ ਅਤੇ ਸੋਰੇਂਗ-ਚਕੁੰਗ ਹਲਕਿਆਂ ਤੋਂ 7-7 ਹਜ਼ਾਰ ਤੋਂ ਵੱਧ ਵੋਟਾਂ ਤੋਂ ਚੋਣ ਜਿੱਤੇ ਹਨ। ਤਮਾਂਗ ਦੀ ਪਤਨੀ ਕ੍ਰਿਸ਼ਨਾ ਕੁਮਾਰੀ ਰਾਏ ਨਾਮਚੀ-ਸਿੰਗੀਥਾਂਗ ਹਲਕੇ ਤੋਂ ਚੋਣ ਜਿੱਤ ਗਈ। ਉਨ੍ਹਾਂ ਆਪਣੇ ਨਜ਼ਦੀਕੀ ਉਮੀਦਵਾਰ ਐੱਸਡੀਐੱਫ ਦੇ ਬਿਮਲ ਰਾਏ ਨੂੰ 5,302 ਵੋਟਾਂ ਨਾਲ ਹਰਾਇਆ। ਭਾਜਪਾ ਅਤੇ ਕਾਂਗਰਸ ਸਿੱਕਮ ’ਚ ਖ਼ਾਤਾ ਖੋਲ੍ਹਣ ’ਚ ਨਾਕਾਮ ਰਹੇ। ਭਾਜਪਾ ਨੇ 31 ਸੀਟਾਂ ’ਤੇ ਚੋਣ ਲੜੀ ਸੀ ਅਤੇ ਉਸ ਨੂੰ 5.18 ਫ਼ੀਸਦ ਵੋਟ ਮਿਲੇ। ਇਸੇ ਤਰ੍ਹਾਂ ਕਾਂਗਰਸ ਨੂੰ ਮਹਿਜ਼ 0.32 ਫ਼ੀਸਦ ਵੋਟ ਮਿਲੇ ਜੋ ਨੋਟਾ (0.99 ਫ਼ੀਸਦ) ਤੋਂ ਵੀ ਘੱਟ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਮਾਂਗ ਅਤੇ ਐੱਸਕੇਐੱਮ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਉਹ ਆਉਂਦੇ ਸਮੇਂ ’ਚ ਸਿੱਕਮ ਦੀ ਹੋਰ ਤਰੱਕੀ ਲਈ ਸੂਬਾ ਸਰਕਾਰ ਨਾਲ ਰਲ ਕੇ ਕੰਮ ਕਰਨਾ ਚਾਹੁਣਗੇ। ਇਸ ਦੇ ਜਵਾਬ ’ਚ ਤਮਾਂਗ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਿੱਕਮ ਦੇ ਵਿਕਾਸ ਅਤੇ ਖੁਸ਼ਹਾਲੀ ਦੀਆਂ ਕੋਸ਼ਿਸ਼ਾਂ ਪ੍ਰਤੀ ਵਚਨਬੱਧ ਹਨ। ਸਿੱਕਮ ਭਾਜਪਾ ਪ੍ਰਧਾਨ ਦਿਲੀ ਰਾਮ ਥਾਪਾ ਅਪਰ ਬਰਟੁਕ ਹਲਕੇ ਤੋਂ ਐੱਸਕੇਐੱਮ ਦੇ ਕਾਲਾ ਰਾਏ ਤੋਂ 2,968 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ। ਹੂੰਝਾ ਫੇਰ ਜਿੱਤ ਮਗਰੋਂ ਤਮਾਂਗ ਨੇ ਪਾਰਟੀ ਵਰਕਰਾਂ ਅਤੇ ਸਿੱਕਮ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। -ਪੀਟੀਆਈ

Advertisement

25 ਸਾਲ ਰਾਜ ਕਰਨ ਵਾਲੇ ਚਾਮਲਿੰਗ ਦੋਵੇਂ ਸੀਟਾਂ ਤੋਂ ਹਾਰੇ

ਗੰਗਟੋਕ: ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਐੱਸਡੀਐੱਫ ਸੁਪਰੀਮੋ ਪਵਨ ਕੁਮਾਰ ਚਾਮਲਿੰਗ ਦੋਵੇਂ ਪੋਕਲੋਕ ਕਾਮਰੰਗ ਤੇ ਨਾਮਚੇਯਬੁੰਗ ਹਲਕਿਆਂ ਤੋਂ ਚੋਣ ਹਾਰ ਗਏ। ਜੱਦੀ ਨਾਮਚੀ ਜ਼ਿਲ੍ਹੇ ’ਚ ਪੈਂਦੇ ਪੋਕਲੋਕ ਕਾਮਰੰਗ ਸੀਟ ’ਤੇ ਉਨ੍ਹਾਂ ਨੂੰ ਸਿੱਕਮ ਕ੍ਰਾਂਤੀਕਾਰੀ ਮੋਰਚੇ ਦੇ ਭੋਜ ਰਾਜ ਰਾਏ ਨੇ 3,063 ਵੋਟਾਂ ਨਾਲ ਹਰਾਇਆ। ਨਾਮਚੇਯਬੁੰਗ ਵਿਧਾਨ ਸਭਾ ਸੀਟ ’ਤੇ ਉਹ ਐੱਸਕੇਐੱਮ ਦੇ ਰਾਜੂ ਬਸਨੇਤ ਤੋਂ 2,256 ਵੋਟਾਂ ਨਾਲ ਹਾਰ ਗਏ। ਚਾਮਲਿੰਗ 1994 ਤੋਂ 2019 ਤੱਕ 25 ਸਾਲਾਂ ਤੱਕ ਸਿੱਕਮ ਦੇ ਮੁੱਖ ਮੰਤਰੀ ਰਹੇ ਸਨ। ਪਿਛਲੇ 39 ਸਾਲਾਂ ’ਚ ਐਤਕੀਂ ਪਹਿਲੀ ਵਾਰ ਹੋਵੇਗਾ ਕਿ ਚਾਮਲਿੰਗ ਸਿੱਕਮ ਵਿਧਾਨ ਸਭਾ ਅੰਦਰ ਵਿਧਾਇਕ ਵਜੋਂ ਮੌਜੂਦ ਨਹੀਂ ਰਹਿਣਗੇ। -ਪੀਟੀਆਈ

ਫੁਟਬਾਲਰ ਬਾਈਚੁੰਗ ਭੂਟੀਆ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ

ਗੰਗਟੋਕ: ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਅਤੇ ਸਿੱਕਮ ਡੈਮੋਕਰੈਟਿਕ ਫਰੰਟ (ਐੱਸਡੀਐੱਫ) ਦੇ ਮੀਤ ਪ੍ਰਧਾਨ ਬਾਈਚੁੰਗ ਭੂਟੀਆ ਬਰਫੁੰਗ ਵਿਧਾਨ ਸਭਾ ਹਲਕੇ ਤੋਂ ਐੱਸਕੇਐੱਮ ਦੇ ਰਿਕਸ਼ਾਲ ਦੋਰਜੀ ਭੂਟੀਆ ਤੋਂ ਚੋਣ ਹਾਰ ਗਏ। ਐੱਸਕੇਐੱਮ ਦੇ ਰਿਕਸ਼ਾਲ ਨੂੰ 8,358 ਜਦਕਿ ਭੂਟੀਆ ਨੂੰ 4,012 ਵੋਟਾਂ ਮਿਲੀਆਂ। ਬਾਈਚੁੰਗ ਭੂਟੀਆ ਸਿੱਕਮ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਐੱਸਡੀਐੱਫ ’ਚ ਸ਼ਾਮਲ ਹੋਇਆ ਸੀ। ਉਨ੍ਹਾਂ ਹਾਮਰੋ ਸਿੱਕਮ ਪਾਰਟੀ ਦਾ ਐੱਸਡੀਐੱਫ ਨਾਲ ਰਲੇਵਾਂ ਕਰ ਦਿੱਤਾ ਸੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×