ਵਿਧਾਨ ਸਭਾ ਚੋਣਾਂ: ਕੇਜਰੀਵਾਲ ਵੱਲੋਂ ਨਵੀਂ ਦਿੱਲੀ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜਨਵਰੀ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਅਰਵਿੰਦ ਕੇਜਰੀਵਾਲ ਨੇ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ।
ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਕੇਜਰੀਵਾਲ ਨੇ ਵੋਟਰਾਂ ਨੂੰ ‘ਗਾਲੀ ਗਲੋਚ ਕਰਨ ਵਾਲੀ’ ਭਾਜਪਾ ਦੀ ਥਾਂ ‘ਆਪ’ ਨੂੰ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਦਿੱਲੀ ਲਈ ਕੁਝ ਨਹੀਂ ਕੀਤਾ ਅਤੇ ਕੌਮੀ ਰਾਜਧਾਨੀ ਦੇ ਲੋਕਾਂ ਲਈ ਉਨ੍ਹਾਂ ਕੋਲ ਕੋਈ ਦ੍ਰਿਸ਼ਟੀਕੋਣ ਨਹੀਂ ਹੈ। ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਕੇਜਰੀਵਾਲ ਨੇ ਕਨਾਟ ਪਲੇਸ ਵਿੱਚ ਮਹਾਰਿਸ਼ੀ ਵਾਲਮੀਕਿ ਮੰਦਰ ਅਤੇ ਪ੍ਰਾਚੀਣ ਹਨੂੰਮਾਨ ਮੰਦਰ ’ਚ ਮੱਥਾ ਟੇਕਿਆ। ਮੰਦਰਾਂ ਦੇ ਦਰਸ਼ਨ ਮਗਰੋਂ ਉਹ ਪਾਰਟੀ ਦਫ਼ਤਰ ਗਏ ਤੇ ਫਿਰ ਨਾਮਜ਼ਦਗੀ ਦਾਖਲ ਕਰਨ ਲਈ ਅੱਗੇ ਵਧੇ। ਕੇਜਰੀਵਾਲ ਨਵੀਂ ਦਿੱਲੀ ਹਲਕੇ ਤੋਂ ਭਾਜਪਾ ਦੇ ਪਰਵੇਸ਼ ਵਰਮਾ ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਦੇ ਵਿਰੁੱਧ ਚੋਣ ਲੜ ਰਹੇ ਹਨ। ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਬਾਰੇ ਕੇਜਰੀਵਾਲ ਨੇ ਕਿਹਾ, ‘ਭਗਵਾਨ ਮੇਰੇ ਨਾਲ ਹੈ। ਜਿੰਨਾ ਚਿਰ ਮੇਰੀ ਜੀਵਨ ਰੇਖਾ ਹੈ, ਮੈਂ ਜ਼ਿੰਦਾ ਰਹਾਂਗਾ। ਮੈਂ ਇਸ ਜੀਵਨ ਰੇਖਾ ਦੇ ਖਤਮ ਹੋਣ ਨਾਲ ਹੀ ਮਰਾਂਗਾ।’
ਕੇਂਦਰ ਵੱਲੋਂ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਉਨ੍ਹਾਂ ਤੇ ਮਨੀਸ਼ ਸਿਸੋਦੀਆ ਵਿਰੁੱਧ ਮੁਕੱਦਮਾ ਚਲਾਉਣ ਲਈ ਈਡੀ ਨੂੰ ਮਨਜ਼ੂਰੀ ਦੇਣ ਬਾਰੇ ਕੇਜਰੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਉਹ (ਭਾਜਪਾ) ਦਿੱਲੀ ਵਿਧਾਨ ਸਭਾ ਚੋਣਾਂ ਲੜ ਰਹੇ ਹਨ।