ਵਿਧਾਨ ਚੋਣਾਂ: ਵੋਟਾਂ ਦੀ ਗਿਣਤੀ ਅੱਜ
ਪੱਤਰ ਪ੍ਰੇਰਕ
ਯਮੁਨਾਨਗਰ, 7 ਅਕਤੂਬਰ
ਹਰਿਆਣਾ ਵਿਧਾਨ ਸਭਾ ਆਮ ਚੋਣਾਂ 2024 ਤਹਿਤ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਭਲਕੇ 8 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਆਈਟੀਆਈ ਯਮੁਨਾਨਗਰ ਕੈਂਪਸ ’ਚ ਬਣਾਏ ਗਏ ਗਿਣਤੀ ਕੇਂਦਰਾਂ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ। ਵੋਟਾਂ ਦੀ ਗਿਣਤੀ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਕੈਪਟਨ ਮਨੋਜ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸਢੌਰਾ ਦੀਆਂ ਵੋਟਾਂ ਦੀ ਗਿਣਤੀ ਲਈ 14 ਮੇਜ਼ਾਂ ’ਤੇ 07-19 ਗੇੜ, 08-ਜਗਾਧਰੀ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ 14 ਮੇਜ਼ਾਂ ’ਤੇ 18 ਗੇੜ, ਯਮੁਨਾਨਗਰ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ 09-14 ਮੇਜ਼ਾਂ ’ਤੇ 18 ਗੇੜ ਅਤੇ 10-ਰਾਦੌਰ ਵਿਧਾਨ ਸਭਾ ਹਲਕੇ ਲਈ 14 ਮੇਜ਼ਾਂ ’ਤੇ 17 ਗੇੜਾਂ ਦੀ ਗਿਣਤੀ ਹੋਵੇਗੀ । ਉਨ੍ਹਾਂ ਦੱਸਿਆ ਕਿ ਹਰੇਕ ਵਿਧਾਨ ਸਭਾ ਵਿੱਚ ਪੋਸਟਲ ਬੈਲਟ ਲਈ ਵੱਖਰੇ ਟੇਬਲ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵਧੀਕ ਡਿਪਟੀ ਕਮਿਸ਼ਨਰ ਅਤੇ ਰਿਟਰਨਿੰਗ ਅਫ਼ਸਰ ਯਮੁਨਾਨਗਰ ਵਿਧਾਨ ਸਭਾ ਆਯੂਸ਼ ਸਿਨਹਾ, ਐੱਸਡੀਐੱਮ ਬਿਲਾਸਪੁਰ ਅਤੇ ਰਿਟਰਨਿੰਗ ਅਫ਼ਸਰ ਸਢੌਰਾ ਵਿਧਾਨ ਸਭਾ ਜਸਪਾਲ ਸਿੰਘ ਗਿੱਲ, ਐਸਡੀਐਮ ਰਾਦੌਰ ਅਤੇ ਰਿਟਰਨਿੰਗ ਅਫ਼ਸਰ ਰਾਦੌਰ ਵਿਧਾਨ ਸਭਾ ਜੈ ਪ੍ਰਕਾਸ਼, ਐਸਡੀਐਮ ਜਗਾਧਰੀ ਅਤੇ ਰਿਟਰਨਿੰਗ ਅਫ਼ਸਰ ਜਗਾਧਰੀ ਵਿਧਾਨ ਸਭਾ ਸੋਨੂੰ ਰਾਮ ਦੀ ਰਹਿਨੁਮਾਈ ਵਿੱਚ ਹੋਵੇਗੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਕਾਊਂਟਿੰਗ ਅਬਜ਼ਰਵਰ ਹਰੇਕ ਗਿਣਤੀ ਕੇਂਦਰ ’ਤੇ ਮੌਜੂਦ ਰਹਿਣਗੇ।
ਫਰੀਦਾਬਾਦ (ਕੁਲਵਿੰਦਰ ਕੌਰ): ਜ਼ਿਲ੍ਹਾ ਚੋਣ ਅਫ਼ਸਰ ਅਤੇ ਡੀਸੀ ਵਿਕਰਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੋਟਾਂ ਦੀ ਗਿਣਤੀ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ 85-ਪ੍ਰਿਥਲਾ ਹਲਕੇ ਦੇ 229 ਬੂਥਾਂ ਲਈ ਸੈਕਟਰ-16 ਸਥਿਤ ਪੰਜਾਬੀ ਭਵਨ ਦੇ ਹਾਲ ਵਿੱਚ 14 ਮੇਜ਼ਾਂ ’ਤੇ 16 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸੇ ਤਰ੍ਹਾਂ 86-ਐਨ.ਆਈ.ਟੀ. ਖੇਤਰ ਦੇ 288 ਬੂਥਾਂ ਲਈ ਐਨ.ਆਈ.ਟੀ.-2 ਲੱਖਾਨੀ ਧਰਮਸ਼ਾਲਾ ਦੇ ਹਾਲ ਵਿਖੇ 14 ਮੇਜ਼ਾਂ ’ਤੇ 21 ਗੇੜਾਂ ’ਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, 87-ਬੜਖਲ ਵਿਧਾਨ ਸਭਾ ਇਲਾਕੇ ਦੇ 283 ਬੂਥਾਂ ਲਈ 14 ਮੇਜ਼ਾਂ ’ਤੇ ਵੋਟਾਂ ਦੀ ਗਿਣਤੀ 21 ਗੇੜਾਂ ਵਿੱਚ ਐੱਨ.ਆਈ.ਟੀ.-1 ਸਥਿਤ ਖਾਨ ਦੌਲਤਰਾਮ ਧਰਮਸ਼ਾਲਾ ਦੇ ਹਾਲ ’ਚਕੀਤੀ ਜਾਵੇਗੀ, 88-ਬੱਲਭਗੜ੍ਹ ਹਲਕੇ ਦੇ 256 ਬੂਥਾਂ ’ਤੇ 14 ਮੇਜ਼ਾਂ ’ਤੇ, ਸ਼੍ਰੀਮਤੀ ਸਵਰਾਜ ਦੇ ਹਾਲ ’ਚ ਵੋਟਾਂ ਦੀ ਗਿਣਤੀ ਹੋਵੇਗੀ। 89- ਫਰੀਦਾਬਾਦ ਹਲਕੇ ਦੇ 249 ਬੂਥਾਂ ਲਈ 14 ਮੇਜ਼ਾਂ ’ਤੇ, ਡੀਏਵੀ ਪਬਲਿਕ ਸਕੂਲ ਦੇ ਮਹਾਤਮਾ ਹੰਸਰਾਜ ਆਡੀਟੋਰੀਅਮ ਦੇ ਹਾਲ ਵਿੱਚ 18 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। 90-ਤਿਗਾਵਾਂ ਹਲਕੇ ਦੀਆਂ ਵੋਟਾਂ ਦੀ ਸੈਕਟਰ-16 ਸਥਿਤ ਗੁਜਰ ਭਵਨ ਧਰਮਸ਼ਾਲਾ ਦੇ ਹਾਲ ਵਿੱਚ 20 ਮੇਜ਼ਾਂ ’ਤੇ 18 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਛੇ ਵਿਧਾਨ ਸਭਾਵਾਂ ਦੇ 1650 ਬੂਥਾਂ ਲਈ ਨਿਰਧਾਰਤ ਛੇ ਥਾਵਾਂ ’ਤੇ ਕੁੱਲ 90 ਮੇਜ਼ਾਂ ’ਤੇ 113 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ।