For the best experience, open
https://m.punjabitribuneonline.com
on your mobile browser.
Advertisement

ਅਸੈਂਬਲੀ ਬੰਬ ਕਾਂਡ ਦਿਵਸ: ਲੋਕ ਮੋਰਚੇ ਵੱਲੋਂ ਸ਼ਹਿਰ ’ਚ ਪ੍ਰਦਰਸ਼ਨ

08:48 AM Apr 09, 2024 IST
ਅਸੈਂਬਲੀ ਬੰਬ ਕਾਂਡ ਦਿਵਸ  ਲੋਕ ਮੋਰਚੇ ਵੱਲੋਂ ਸ਼ਹਿਰ ’ਚ ਪ੍ਰਦਰਸ਼ਨ
ਬਠਿੰਡਾ ’ਚ ਲੋਕ ਮੋਰਚਾ ਪੰਜਾਬ ਵੱਲੋਂ ਕੀਤੇ ਪ੍ਰਦਰਸ਼ਨ ’ਚ ਸ਼ਾਮਲ ਲੋਕ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਕਟਾਰੀਆ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 8 ਅਪਰੈਲ
ਲੋਕ ਮੋਰਚਾ ਪੰਜਾਬ ਵੱਲੋਂ ਅੱਜ ਅਸੈਂਬਲੀ ਬੰਬ ਕਾਂਡ ਦਿਹਾੜੇ ਮੌਕੇ ਸ਼ਹਿਰ ’ਚ ਪ੍ਰਦਰਸ਼ਨ ਕੀਤਾ ਗਿਆ। ਬਰਤਾਨਵੀ ਹਕੂਮਤ ਵੱਲੋਂ ਭਾਰਤ ਅੰਦਰ ਲਿਆਂਦੇ ਜਾ ਰਹੇ ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਬਿੱਲ ਵਰਗੇ ਜਾਬਰ ਕਾਨੂੰਨਾਂ ਖ਼ਿਲਾਫ਼ 8 ਅਪਰੈਲ 1929 ਨੂੰ ਸ਼ਹੀਦ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਵੱਲੋਂ ਅਸੈਂਬਲੀ ’ਚ ਕੀਤੇ ਬੰਬ ਧਮਾਕੇ ਦੇ ਇਸ ਦਿਹਾੜੇ ਮੌਕੇ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਵੱਡੀ ਗਿਣਤੀ ਕਿਸਾਨ, ਮਜ਼ਦੂਰ, ਨੌਜਵਾਨ, ਠੇਕਾ ਕਾਮੇ ਅਤੇ ਵੱਖ-ਵੱਖ ਵਿਭਾਗਾਂ ’ਚ ਕੰਮ ਕਰਦੇ ਮੁਲਾਜ਼ਮ ਇੱਥੇ ਟੀਚਰਜ਼ ਹੋਮ ਵਿੱਚ ਇਕੱਠੇ ਹੋਏ।
ਇੱਥੇ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਲੋਕਾਂ ਦੇ ਸਾਮਰਾਜ ਵਿਰੁੱਧ ਸੰਘਰਸ਼ ਦੇ ਇਤਿਹਾਸ ਅੰਦਰ 8 ਅਪਰੈਲ 1929 ਦਾ ਦਿਨ ਜਾਬਰ ਕਾਲੇ ਕਾਨੂੰਨਾਂ ਨੂੰ ਵੰਗਾਰਨ ਦੇ ਦਿਹਾੜੇ ਵਜੋਂ ਸੁਨਹਿਰੇ ਅੱਖਰਾਂ ਵਿੱਚ ਦਰਜ ਹੈ।
ਉਨ੍ਹਾਂ ਕਈ ਮਿਸਾਲਾਂ ਪੇਸ਼ ਕਰਦਿਆਂ ਕਿਹਾ ਕਿ ਭਾਰਤੀ ਲੋਕਾਂ ਨੂੰ ਸਦਾ ਵਾਸਤੇ ਗ਼ੁਲਾਮ ਬਣਾ ਕੇ ਰੱਖਣ ਵਾਲੇ ਜਾਬਰ ਕਾਨੂੰਨਾਂ ਦੀ ਸਾਮਰਾਜੀ ਵਿਰਾਸਤ ਨੂੰ ਮੁਲਕ ਦੀਆਂ ਸਭ ਸਰਕਾਰਾਂ ਨੇ ਵਧੇਰੇ ਤਿੱਖੇ ਕਰ ਕੇ ਵਰਤਣਾ ਹੁਣ ਵੀ ਜਾਰੀ ਰੱਖਿਆ ਹੋਇਆ ਹੈ।
ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਪਣੇ ਬੋਲਣ ਦੇ ਅਤੇ ਹੱਕੀ ਮੰਗਾਂ ਲਈ ਸੰਘਰਸ਼ ਕਰਨ ਦੇ ਬੁਨਿਆਦੀ ਹੱਕ ਨੂੰ ਬੁਲੰਦ ਰੱਖਣ ਹਿੱਤ ਇਨ੍ਹਾਂ ਕਾਨੂੰਨਾਂ ਦਾ ਡਟ ਕੇ ਵਿਰੋਧ ਕਰੋ। ਉਨ੍ਹਾਂ ਮੰਗ ਕੀਤੀ ਕਿ ਅਫ਼ਸਪਾ, ਐੱਨਐੱਸਏ, ਯੂਏਪੀਏ, ਦੇਸ਼ ਧਰੋਹ ਵਰਗੇ ਕਾਲੇ ਕਾਨੂੰਨ ਅਤੇ 295 ਤੇ 295-ਏ ਧਾਰਾ ਵਰਗੀਆਂ ਜਾਬਰ ਧਾਰਾਵਾਂ ਨੂੰ ਰੱਦ ਕੀਤਾ ਜਾਵੇ ਅਤੇ ਇਨ੍ਹਾਂ ਕਾਨੂੰਨਾਂ ਤਹਿਤ ਜੇਲ੍ਹਾਂ ਵਿੱਚ ਬੰਦ ਲੋਕਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਉਠਾਈ ਕਿ 13 ਦਸੰਬਰ 2023 ਨੂੰ ਸੰਸਦ ਦੇ ਅੰਦਰ ਤੇ ਬਾਹਰ ਬੇਰੁਜ਼ਗਾਰੀ ਅਤੇ ਹੋਰ ਹੱਕੀ ਮੁੱਦੇ ਉਠਾਉਣ ਵਾਲੇ ਜੇਲ੍ਹੀਂ ਡੱਕੇ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ।
ਇਸ ਦੌਰਾਨ ਨਿਰਮਲ ਸਿਵੀਆਂ ਅਤੇ ਬਿੰਦਰ ਬਠਿੰਡਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਅਖੀਰ ਵਿੱਚ ਗੁਰਮੁਖ ਸਿੰਘ ਨਥਾਣਾ ਵੱਲੋਂ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਆਏ ਲੋਕਾਂ ਦਾ ਧੰਨਵਾਦ ਕੀਤਾ ਗਿਆ।

Advertisement

Advertisement
Author Image

Advertisement
Advertisement
×