ਕੁੱਟਮਾਰ ਮਾਮਲਾ: ਪੀੜਤ ਖ਼ਿਲਾਫ਼ ਪਰਚਾ ਦਰਜ ਕਰਨ ਦਾ ਵਿਰੋਧ
ਬਰਨਾਲਾ (ਖੇਤਰੀ ਪ੍ਰਤੀਨਿਧ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਹੇਠ ਇੱਥੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਲੰਘੀ 14 ਜੂਨ ਨੂੰ ਜਥੇਬੰਦੀ ਦੇ ਸਰਗਰਮ ਕਾਰਕੁਨ ਅਰੁਣ ਕੁਮਾਰ ਉਰਫ਼ ਵਾਹਿਗੁਰੂ ਸਿੰਘ ਵਾਸੀ ਆਸਥਾ ਕਲੋਨੀ, ਦੀ ਨਗਰ ਕੌਂਸਲ ਬਰਨਾਲਾ ਦੇ ਜੇ.ਈ. ਸਲੀਮ ਮੁਹੰਮਦ ਤੇ ਹੋਰਾਂ ਵੱਲੋਂ ਕੀਤੀ ਕਥਿਤ ਕੁੱਟਮਾਰ ਤੇ ਧਾਰਮਿਕ ਬੇਹੁਰਮਤੀ ਮਾਮਲੇ ‘ਤੇ ਚਰਚਾ ਉਪਰੰਤ ਅਗਲੇਰੀ ਸੰਘਰਸ਼ੀ ਵਿਉਂਤਬੰਦੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਾਵੇਂ ਜਥੇਬੰਦੀ ਦੇ ਰੋਹ ਸਦਕਾ ਸਥਾਨਕ ਪੁਲੀਸ ਨੇ ਜੇ.ਈ. ਤੇ ਇੱਕ ਕਲਰਕ ਖਿਲਾਫ਼ ਪਰਚਾ ਦਰਜ ਕਰ ਦਿੱਤਾ ਸੀ। ਪਰ ਪੱਖਪਾਤ ਕਰਦਿਆਂ ਕਮਜ਼ੋਰ ਧਾਰਾਵਾਂ ਲਗਾਈਆਂ ਤੇ ਮੁੱਖ ਸਾਜਿਸ਼ਘਾੜੇ ਇੱਕ ਕਲੋਨਾਇਜ਼ਰ ਨੂੰ ਬਾਹਰ ਰੱਖ ਕੇ ਪੱਖ ਪੂਰਿਆ ਗਿਆ। ਇਸ ਤੋਂ ਵੀ ਅੱਗੇ ਜਾਦਿਆਂ ਉਲਟਾ ਪੀੜਤ ਵਿਅਕਤੀ ਵਾਹਿਗੁਰੂ ਸਿੰਘ ਖ਼ਿਲਾਫ਼ ਵੀ ਥਾਣਾ ਸਿਟੀ ਬਰਨਾਲਾ ਵਿੱਚ ਪਰਚਾ ਦਰਜ ਕਰ ਦਿੱਤਾ। ਸੂਬਾ ਆਗੂ ਬਲਵੰਤ ਸਿੰਘ ਉੱਪਲੀ ਨੇ ਕਿਹਾ ਇਸ ਨਾਲ ਕਥਿਤ ਪੁਲੀਸ ਤੇ ਸਿਆਸੀ ਗੱਠਜੋੜ ਨੰਗਾ ਹੋਇਆ ਹੈ ਅਤੇ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਨਾਪਾਕ ਗੱਠਜੋੜ ਦੀਆਂ ਹਫ਼ਤਾ ਭਰ ਜ਼ਿਲ੍ਹੇ ‘ਚ ਪਿੰਡ-ਪਿੰਡ ਅਰਥੀਆਂ ਸਾੜਨ ਦਾ ਫੈਸਲਾ ਕੀਤਾ ਗਿਆ।