ਹਮਾਸ ਮੁਖੀ ਦੀ ਹੱਤਿਆ
ਹਮਾਸ ਦੇ ਰਾਜਨੀਤਕ ਆਗੂ ਇਸਮਾਈਲ ਹਾਨੀਯੇਹ ਦੀ ਤਹਿਰਾਨ ਵਿੱਚ ਹੋਈ ਹੱਤਿਆ ਨੇ ਪਹਿਲਾਂ ਤੋਂ ਹੀ ਗੜਬੜਗ੍ਰਸਤ ਪੱਛਮੀ ਏਸ਼ੀਆ ’ਚ ਟਕਰਾਅ ਹੋਰ ਤਿੱਖਾ ਹੋਣ ਦਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਹਾਨੀਯੇਹ ਇਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜੇਸ਼ਕਿਆਨ ਦੇ ਹਲਫ਼ਦਾਰੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਤਹਿਰਾਨ ’ਚ ਸੀ ਤੇ ਉਸ ਨੂੰ ਹਵਾਈ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ। ਹੱਤਿਆ ਦਾ ਸਮਾਂ ਤੇ ਥਾਂ ਮਹਿਜ਼ ਸੰਯੋਗ ਨਹੀਂ ਹੈ ਬਲਕਿ ਤਹਿਰਾਨ ਨੂੰ ਸ਼ਰਮਿੰਦਾ ਕਰਨ ਅਤੇ ਖੇਤਰ ’ਚ ਹੋਰ ਹਲਚਲ ਪੈਦਾ ਕਰਨ ਵੱਲ ਸੇਧਿਤ ਹੈ। ਹਾਨੀਯੇਹ ਦੀ ਮੌਤ ਦੀ ਗੂੰਜ ਗਾਜ਼ਾ ਤੋਂ ਵੀ ਪਾਰ ਸੁਣੀ ਜਾ ਰਹੀ ਹੈ। ਗੋਲੀਬੰਦੀ ਲਈ ਹੋ ਰਹੀ ਵਾਰਤਾ ’ਚ ਉਹ ਮਹੱਤਵਪੂਰਨ ਸ਼ਖ਼ਸੀਅਤ ਸੀ ਤੇ ਉਸ ਦੀ ਗ਼ੈਰ-ਮੌਜੂਦਗੀ ਨੇ ਸ਼ਾਂਤੀ ਦੀ ਨਾਜ਼ੁਕ ਜਿਹੀ ਉਮੀਦ ਨੂੰ ਵੀ ਢਹਿ-ਢੇਰੀ ਕਰ ਦਿੱਤਾ ਹੈ। ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਦਾ ਇਹ ਸਵਾਲ ਚੁੱਕਣਾ ਬਿਲਕੁਲ ਸਹੀ ਹੈ ਕਿ ਜਦੋਂ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਅਹਿਮ ਵਾਰਤਾਕਾਰ ਨੂੰ ਹੀ ਖ਼ਤਮ ਕਰ ਦਿੱਤਾ ਜਾਵੇ, ਉਦੋਂ ਫਿਰ ਵਿਚੋਲਗੀ ਦੀ ਕੀ ਸੰਭਾਵਨਾ ਬਚਦੀ ਹੈ? ਇਸ ਕਤਲ ਨੇ ਨਾ ਸਿਰਫ਼ ਸਿਆਸੀ ਆਗੂ ਨੂੰ ਖ਼ਤਮ ਕੀਤਾ ਹੈ ਬਲਕਿ ਨਾਲ ਹੀ ਹਿੰਸਾ ਖ਼ਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੂਟਨੀਤਕ ਕੋਸ਼ਿਸ਼ਾਂ ਨੂੰ ਵੀ ਡੂੰਘੀ ਸੱਟ ਮਾਰੀ ਹੈ।
ਸ਼ੱਕ ਦੀ ਸੂਈ ਇਜ਼ਰਾਈਲ ਵੱਲ ਘੁੰਮੀ ਹੈ, ਭਾਵੇਂ ਅਧਿਕਾਰਤ ਤੌਰ ’ਤੇ ਇਸ ਦੀ ਜਿ਼ੰਮੇਵਾਰੀ ਅਜੇ ਨਹੀਂ ਲਈ ਗਈ। ਸਮੁੱਚਾ ਪ੍ਰਸੰਗ ਇਰਾਨ ਦਾ ਥਾਪੜਾ ਪ੍ਰਾਪਤ ਅਤਿਵਾਦੀ ਸਮੂਹਾਂ ਨੂੰ ਕਮਜ਼ੋਰ ਕਰਨ ਦੀ ਵਿਆਪਕ ਰਣਨੀਤੀ ਵੱਲ ਸੰਕੇਤ ਕਰਦਾ ਹੈ। ਇਹ ਕਾਰਵਾਈ ਬੈਰੂਤ ’ਚ ਹੋਏ ਇੱਕ ਹੋਰ ਹਮਲੇ ਦੇ ਆਸ-ਪਾਸ ਹੀ ਹੋਈ ਹੈ ਜਿਸ ’ਚ ਹਿਜ਼ਬੁੱਲ੍ਹਾ ਦੇ ਸੀਨੀਅਰ ਕਮਾਂਡਰ ਫੁਆਦ ਸ਼ਕਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਕਾਰਵਾਈਆਂ ਦੱਸਦੀਆਂ ਹਨ ਕਿ ਸੰਭਾਵੀ ਖ਼ਤਰਿਆਂ ਨੂੰ ਮਿਟਾਉਣ ਲਈ ਪੂਰੀ ਯੋਜਨਾਬੰਦੀ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਫਿਰ ਵੀ ਇਨ੍ਹਾਂ ਤੋਂ ਵਿਆਪਕ ਟਕਰਾਅ ਭੜਕਣ ਦਾ ਜੋਖਿ਼ਮ ਹੈ ਜਿਸ ’ਚ ਕਈ ਮੁਲਕ ਤੇ ਹੋਰ ਧਿਰਾਂ ਸ਼ਾਮਿਲ ਹੋ ਸਕਦੀਆਂ ਹਨ। ਇਰਾਨ ਦੀ ਪ੍ਰਤੀਕਿਰਿਆ ਅਨੁਮਾਨਾਂ ਮੁਤਾਬਿਕ ਤਿੱਖੀ ਹੀ ਹੈ, ਇਸ ਦੇ ਸੁਪਰੀਮ ਲੀਡਰ ਆਇਤੁੱਲ੍ਹਾ ਅਲੀ ਖਾਮੇਨੀ ਨੇ ਬਦਲੇ ਵਜੋਂ ਸਖ਼ਤ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਇਸ ਹੱਤਿਆ ਨੇ ਨਾਜ਼ੁਕ ਸੰਤੁਲਨ ਵਿਗਾੜ ਦਿੱਤਾ ਹੈ, ਸਿੱਟੇ ਵਜੋਂ ਇਰਾਨ ਸੰਭਾਵੀ ਤੌਰ ’ਤੇ ਇਜ਼ਰਾਈਲ ਨਾਲ ਸਿੱਧੇ ਟਕਰਾਅ ਵਿੱਚ ਪੈ ਸਕਦਾ ਹੈ। ਅਮਰੀਕਾ ਨੇ ਭਾਵੇਂ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ, ਫਿਰ ਵੀ ਉਹ ਇਸ ਭੂ-ਰਾਜਨੀਤਕ ਸ਼ਤਰੰਜ ਵਿੱਚ ਅਹਿਮ ਖਿਡਾਰੀ ਬਣਿਆ ਹੋਇਆ ਹੈ ਜਿੱਥੇ ਇਸ ਦੀ ਇਜ਼ਰਾਈਲ ਨੂੰ ਤਕੜੀ ਹਮਾਇਤ ਸ਼ਾਂਤੀ ਯਤਨਾਂ ਨੂੰ ਹੋਰ ਗੁੰਝਲਦਾਰ ਬਣਾ ਰਹੀ ਹੈ।
ਗਾਜ਼ਾ ਅਤੇ ਹੋਰ ਫਲਸਤੀਨੀ ਖੇਤਰਾਂ ਵਿੱਚ ਹਾਨੀਯੇਹ ਨੂੰ ਵਿਹਾਰਿਕ ਆਗੂ ਵਜੋਂ ਦੇਖਿਆ ਜਾਂਦਾ ਹੈ। ਉਸ ਦੀ ਮੌਤ ਨਾਲ ਹਮਾਸ ਅੰਦਰ ਹੋਰ ਕੱਟੜਵਾਦੀ ਧਿਰਾਂ ਖੜ੍ਹੀਆਂ ਹੋ ਸਕਦੀਆਂ ਹਨ ਜਿਸ ਨਾਲ ਹਿੰਸਾ ਵਧੇਗੀ ਤੇ ਕੂਟਨੀਤਕ ਹੱਲ ਦੇ ਮੌਕੇ ਘਟਦੇ ਜਾਣਗੇ। ਹਾਲਾਤ ਦੀ ਮੰਗ ਹੈ ਕਿ ਤਣਾਅ ਘਟਾਉਣ ਲਈ ਆਲਮੀ ਪੱਧਰ ’ਤੇ ਸਾਂਝੇ ਯਤਨ ਕੀਤੇ ਜਾਣ। ਨਹੀਂ ਤਾਂ ਪੱਛਮੀ ਏਸ਼ੀਆ ’ਚ ਮੁਕੰਮਲ ਜੰਗ ਦਾ ਖ਼ਤਰਾ ਬਣ ਸਕਦਾ ਹੈ ਜੋ ਖੇਤਰੀ ਤੇ ਕੌਮਾਂਤਰੀ ਸਥਿਰਤਾ ਲਈ ਤਬਾਹਕੁਨ ਹੋਵੇਗਾ।