For the best experience, open
https://m.punjabitribuneonline.com
on your mobile browser.
Advertisement

ਬਾਬਾ ਸਿੱਦੀਕੀ ਦੀ ਹੱਤਿਆ

08:13 AM Oct 14, 2024 IST
ਬਾਬਾ ਸਿੱਦੀਕੀ ਦੀ ਹੱਤਿਆ
Advertisement

ਨੈਸ਼ਨਲਿਸਟ ਕਾਂਗਰਸ ਪਾਰਟੀ (ਅਜੀਤ ਪਵਾਰ ਧੜਾ) ਦੇ ਨੇਤਾ ਅਤੇ ਮੁੰਬਈ ਦੇ ਉੱਘੇ ਸਿਆਸਤਦਾਨ ਬਾਬਾ ਸਿੱਦੀਕੀ ਦੀ ਹੱਤਿਆ ਨਾਲ ਮਹਾਰਾਸ਼ਟਰ ਦੀ ਸਿਆਸਤ ’ਚ ਭੂਚਾਲ ਆ ਗਿਆ ਹੈ। ਇਸ ਤੋਂ ਪਹਿਲਾਂ ਕਈ ਦਹਾਕਿਆਂ ਤੱਕ ਉਹ ਕਾਂਗਰਸ ਨਾਲ ਜੁੜੇ ਰਹੇ ਤੇ ਕੁਝ ਮਹੀਨੇ ਪਹਿਲਾਂ ਹੀ ਅਜੀਤ ਪਵਾਰ ਦੇ ਧੜੇ ਵਿਚ ਸ਼ਾਮਲ ਹੋਏ ਸਨ ਜੋ ਸੂਬੇ ਦੇ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ। ਬਾਬਾ ਸਿੱਦੀਕੀ ਦੀ ਸ਼ਨਿਚਰਵਾਰ ਰਾਤ ਦਸਹਿਰੇ ਵਾਲੇ ਦਿਨ ਉਨ੍ਹਾਂ ਦੇ ਪੁੱਤਰ ਦੇ ਦਫ਼ਤਰ ਦੇ ਬਾਹਰ ਹੀ ਤਿੰਨ ਮੁਲਜ਼ਮਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੱਦੀਕੀ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਇਸ ਤਰ੍ਹਾਂ ਮੁੰਬਈ ਦੇ ਪੌਸ਼ ਇਲਾਕੇ ਬਾਂਦਰਾ (ਈਸਟ) ’ਚ ਹੋਈ ਹੱਤਿਆ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਸੁਰੱਖਿਆ ਵੀ ਉਨ੍ਹਾਂ ਨੂੰ ਕਰੀਬ 15 ਦਿਨ ਪਹਿਲਾਂ ਹੀ ਮਿਲੀ ਸੀ ਜਦ ਉਨ੍ਹਾਂ ਇਹ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਲਗਾਤਾਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਪਰ ਬਾਬਾ ਸਿੱਦੀਕੀ ਹੱਤਿਆ ਕਾਂਡ ਤੋਂ ਬਾਅਦ ਹੁਣ ਤੱਕ ਇਸ ਅਹਿਮ ਸਵਾਲ ਦਾ ਜਵਾਬ ਨਹੀਂ ਮਿਲ ਸਕਿਆ ਹੈ ਕਿ ਹੱਤਿਆ ਵੇਲੇ ਉਨ੍ਹਾਂ ਨੂੰ ਮਿਲੀ ‘ਵਾਈ’ ਸਕਿਉਰਿਟੀ ਕੀ ਕਰ ਰਹੀ ਸੀ?
ਮੁੰਬਈ ਪੁਲੀਸ ਮੁਤਾਬਿਕ, ਮਾਮਲੇ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹਨ। ਇਸ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਦਾਅਵਾ ਵੀ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਵਿਚੋਂ ਇਕ ਹਰਿਆਣਾ ਤੇ ਦੂਜਾ ਯੂਪੀ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ; ਤੀਜਾ ਮੁਲਜ਼ਮ ਅਜੇ ਫ਼ਰਾਰ ਹੈ। ਉਨ੍ਹਾਂ ਦੀ ਸੁਰੱਖਿਆ ’ਚ ਗੰਭੀਰ ਕੁਤਾਹੀ ਤੋਂ ਬਾਅਦ ਵਿਰੋਧੀ ਧਿਰ ਰਾਜ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਅਸਤੀਫ਼ਾ ਮੰਗ ਰਹੀ ਹੈ। ਇਹ ਸਵਾਲ ਵੀ ਉੱਠ ਰਹੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਵਿਚ ਲੱਗੇ ਜਵਾਨਾਂ ਨੇ ਹਮਲਾ ਹੋਣ ’ਤੇ ਫੌਰੀ ਕਾਰਵਾਈ ਵਜੋਂ ਕੀ ਕਦਮ ਚੁੱਕਿਆ? ‘ਵਾਈ’ ਵਰਗ ਦੀ ਸੁਰੱਖਿਆ ਵਿਚ ਆਮ ਤੌਰ ’ਤੇ ਕੇਂਦਰੀ ਪੁਲੀਸ ਬਲ ਦੇ ਜਵਾਨ ਤਾਇਨਾਤ ਕੀਤੇ ਜਾਂਦੇ ਹਨ। ਬਾਂਦਰਾ (ਈਸਟ) ਇਲਾਕਾ ਸਿੱਦੀਕੀ ਪਰਿਵਾਰ ਦਾ ਗੜ੍ਹ ਹੈ ਤੇ ਇਸ ਨੂੰ ਉਨ੍ਹਾਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ। ਪੁਲੀਸ ਰਿਪੋਰਟ ਮੁਤਾਬਿਕ, ਮੁਲਜ਼ਮ ਕਰੀਬ ਦੋ ਮਹੀਨੇ ਤੋਂ ਸਿੱਦੀਕੀ ਦੀ ਰੇਕੀ ਕਰ ਰਹੇ ਸਨ। ਫਿਲਹਾਲ ਮੁੰਬਈ ਪੁਲੀਸ ਸੁਰੱਖਿਆ ’ਚ ਕੁਤਾਹੀ ਦੇ ਪੱਖ ਤੋਂ ਜਾਂਚ ਕਰ ਰਹੀ ਹੈ।
ਸਿੱਦੀਕੀ ’ਤੇ ਹਮਲੇ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਵੱਲੋਂ ਲਏ ਜਾਣ ’ਤੇ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ਜੋ ਵੱਖ-ਵੱਖ ਰਾਜਾਂ ਵਿਚ ਇਸ ਮਾਮਲੇ ਦੇ ਤਾਰ ਜੋੜਨ ਵਿਚ ਲੱਗ ਪਈਆਂ ਹਨ। ਸਿੱਦੀਕੀ ਸਲਮਾਨ ਖਾਨ ਦੇ ਵੀ ਕਰੀਬੀ ਦੋਸਤ ਸਨ ਜਿਸ ਨੂੰ ਬਿਸ਼ਨੋਈ ਗੈਂਗ ਕਈ ਵਾਰ ਧਮਕੀ ਦੇ ਚੁੱਕਾ ਹੈ। ਅੱਸੀ ਦੇ ਦਹਾਕੇ ਵਿਚ ਮੁੰਬਈ ’ਚ ਇਸ ਤਰ੍ਹਾਂ ਦੀਆਂ ਹੱਤਿਆ ਦੀਆਂ ਘਟਨਾਵਾਂ ਆਮ ਵਾਪਰਦੀਆਂ ਸਨ, ਤੇ ਸ਼ਾਂਤੀ ਕਾਇਮ ਕਰਨ ਲਈ ਮਹਾਰਾਸ਼ਟਰ ਲੰਮਾ ਸਮਾਂ ਸੰਘਰਸ਼ ਕਰਦਾ ਰਿਹਾ। ਹੁਣ ਦਿਨ-ਦਿਹਾੜੇ ਅਤਿ ਮਹੱਤਵਪੂਰਨ ਸ਼ਖ਼ਸ ਦੀ ਮੁੰਬਈ ਦੇ ਮੰਨੇ-ਪ੍ਰਮੰਨੇ ਇਲਾਕੇ ’ਚ ਹੱਤਿਆ ਨੇ ਉਹੀ ਸਮਾਂ ਚੇਤੇ ਕਰਾ ਦਿੱਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਵੇ ਅਤੇ ਕੁਤਾਹੀ ਵਰਤਣ ਵਾਲਿਆਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇ, ਨਹੀਂ ਤਾਂ ਆਮ ਲੋਕਾਂ ’ਚ ਫਿਰ ਤੋਂ ਖੌਫ਼ ਪਸਰੇਗਾ ਤੇ ਕਾਨੂੰਨ-ਵਿਵਸਥਾ ਤੋਂ ਉਨ੍ਹਾਂ ਦਾ ਭਰੋਸਾ ਉੱਠੇਗਾ।

Advertisement

Advertisement
Advertisement
Author Image

sukhwinder singh

View all posts

Advertisement