ਬਾਬਾ ਸਿੱਦੀਕੀ ਦੀ ਹੱਤਿਆ: ਗੁਰਮੇਲ ਦਾ ਕੈਥਲ ਤੋਂ ਮੁੰਬਈ ਤਕ ਦਾ ਖੌਫਨਾਕ ਸਫਰ
ਕੈਥਲ, 13 ਅਕਤੂਬਰ
Baba Siddiqui Murder: ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ’ਚ ਗੁਰਮੇਲ ਬਲਜੀਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਉਹ ਕੈਥਲ ਦੇ ਨਰੜ ਪਿੰਡ ਦਾ ਨਿਵਾਸੀ ਹੈ। ਇਸ ਵੇਲੇ ਮੁੰਬਈ ਵਿਚ ਇਸ ਪਿੰਡ ਦਾ ਨਾਂ ਵੱਜ ਰਿਹਾ ਹੈ। ਇਹ ਪਹਿਲਾਂ ਸਿੱਧਾ ਸਾਦਾ ਨੌਜਵਾਨ ਸੀ ਜੋ ਬਾਅਦ ਵਿਚ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜ ਗਿਆ। ਉਸ ਦਾ ਨਾਂ ਸਾਲ 2019 ਵਿਚ ਉਸ ਵੇਲੇ ਸੁਰਖੀਆਂ ਵਿਚ ਆਇਆ ਸੀ ਜਦੋਂ ਉਸ ਨੇ ਆਪਣੇ ਪਿੰਡ ਦੇ ਇਕ ਨੌਜਵਾਨ ਸੁਨੀਲ ਦੀ ਹੱਤਿਆ ਕਰ ਦਿੱਤੀ ਸੀ।ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ 11 ਸਾਲ ਪਹਿਲਾਂ ਉਨ੍ਹਾਂ ਗੁਰਮੇਲ ਸਿੰਘ ਨੂੰ ਘਰੋਂ ਕੱਢ ਦਿੱਤਾ ਸੀ। ਕੈਥਲ ਦੇ ਐੱਸਪੀ ਰਾਜੇਸ਼ ਕਾਲੀਆ ਨੇ ਦੱਸਿਆ ਕਿ ਗੁਰਮੇਲ ਸਿੰਘ 2019 ’ਚ ਹੱਤਿਆ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ’ਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਸਾਲ 2022 ’ਚ ਜੇਲ੍ਹ ਅੰਦਰੋਂ ਉਸ ਕੋਲੋਂ ਇਕ ਮੋਬਾਈਲ ਫੋਨ ਮਿਲਣ ਮਗਰੋਂ ਇਕ ਹੋਰ ਕੇਸ ਦਰਜ ਕੀਤਾ ਗਿਆ ਸੀ। ਉਸ ’ਤੇ ਇਕ ਨੌਜਵਾਨ ਨੂੰ ਕੁੱਟਣ ਦਾ ਕੇਸ ਵੀ ਦਰਜ ਹੈ। ਗੁਰਮੇਲ ਦੀ ਦਾਦੀ ਫੂਲੀ ਦੇਵੀ ਨੇ ਕਿਹਾ ਕਿ ਉਸ ਦੇ ਮਾਪਿਆਂ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਅਤੇ ਪਰਿਵਾਰ ਨੇ ਉਸ ਨਾਲੋਂ 11 ਸਾਲ ਪਹਿਲਾਂ ਨਾਤਾ ਤੋੜ ਲਿਆ ਸੀ। ਉਹ ਉਨ੍ਹਾਂ ਲਈ ਹੁਣ ਕੁਝ ਵੀ ਨਹੀਂ ਹੈ। ਉਸ ਨੂੰ ਕਾਨੂੰਨ ਮੁਤਾਬਕ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। -ਪੀਟੀਆਈ