ਅਸਾਮ: ਕੋਲਾ ਖਾਣ ’ਚ ਪਾਣੀ ਭਰਿਆ, ਤਿੰਨ ਮਜ਼ਦੂਰਾਂ ਦੀ ਮੌਤ ਦਾ ਖਦਸ਼ਾ
ਗੁਹਾਟੀ, 7 ਜਨਵਰੀ
ਭਾਰਤ ਦੇ ਉੱਤਰ-ਪੂਰਬੀ ਸੂਬੇ ਅਸਾਮ ਦੇ ਦੂਰ-ਦੁਰਾਡੇ ਜ਼ਿਲ੍ਹੇ ’ਚ ਇੱਕ ਕੋਲੇ ਦੀ ਖਾਣ ਵਿੱਚ ਪਾਣੀ ਭਰਨ ਕਾਰਨ ਤਿੰਨ ਮਜ਼ਦੂਰ ਮਰਨ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਹਤ ਕਰਮੀਆਂ ਨੇ ਸਾਰੀ ਰਾਤ ਕੋਲੇ ਦੀ ਖਾਣ ਵਿੱਚ ਫਸੇ ਨੌਂ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਸਥਾਨਕ ਸਰਕਾਰ ਨੇ ਕਿਹਾ ਕਿ ਰਾਹਤ ਕਰਮੀਆਂ ਨੇ ਤਿੰਨ ਲਾਸ਼ਾਂ ਦੇਖੀਆਂ ਹਨ ਪਰ ਇਨ੍ਹਾਂ ਨੂੰ ਹਾਲੇ ਬਰਾਮਦ ਨਹੀਂ ਕੀਤਾ ਗਿਆ। ਫੌਜ ਨੇ ਕਿਹਾ ਕਿ ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ’ਚ ਸੋਮਵਾਰ ਤੋਂ ਖਾਣ ’ਚ ਫਸੇ 9 ਮਜ਼ਦੂਰਾਂ ਨੂੰ ਬਚਾਉਣ ਲਈ ਗੋਤਾਖੋਰਾਂ, ਹੈਲੀਕਾਪਟਰਾਂ ਅਤੇ ਇੰਜਨੀਅਰਾਂ ਦੀ ਮਦਦ ਲਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਖਾਣ ਵਿੱਚ ਪਾਣੀ ਭਰ ਗਿਆ ਸੀ। ਦੀਮਾ ਹਸਾਓ ਦੇ ਜ਼ਿਲ੍ਹਾ ਪੁਲੀਸ ਮੁਖੀ ਮਯੰਕ ਕੁਮਾਰ ਨੇ ਦੱਸਿਆ ਕਿ ਕੰਮ ਕਰਦਿਆਂ ਸ਼ਾਇਦ ਮਜ਼ਦੂਰਾਂ ਕੋਲੋਂ ਕੋਈ ਪਾਣੀ ਦੀ ਪਾਈਪ ਲੀਕ ਹੋ ਗਈ, ਜਿਸ ਕਾਰਨ ਉਥੇ ਪਾਣੀ ਭਰ ਗਿਆ। ਉਨ੍ਹਾਂ ਦੱਸਿਆ ਕਿ ਫੌਜ, ਕੌਮੀ ਅਤੇ ਸੂਬੇ ਦੀਆਂ ਰਾਹਤ ਟੀਮਾਂ ਖਾਣ ਵਿੱਚ ਫਸੇ ਮਜ਼ਦੂਰਾਂ ਤੱਕ ਪਹੁੰਚਣ ਲਈ ਕੰਮ ਕਰ ਰਹੀਆਂ ਹਨ। ਫੌਜ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚ ਬਚਾਅ ਕਰਮੀ ਰੱਸੀਆਂ, ਕਰੇਨਾਂ ਅਤੇ ਹੋਰ ਸਾਜ਼ੋ-ਸਾਮਾਨ ਰਾਹੀਂ ਰਾਹਤ ਕਾਰਜਾਂ ਵਿੱਚ ਜੁਟੇ ਨਜ਼ਰ ਆ ਰਹੇ ਹਨ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਪਾਣੀ ਕੱਢਣ ਲਈ ਦੋ ਵਾਟਰ ਪੰਪਿੰਗ ਮਸ਼ੀਨਾਂ ਦੀ ਵਰਤੋਂ ਵੀ ਕੀਤੀ ਗਈ ਹੈ। -ਰਾਇਟਰਜ਼/ਪੀਟੀਆਈ
ਮੁੱਖ ਮੰਤਰੀ ਨੇ ਕੋਲਾ ਖਾਣ ਨੂੰ ਗੈਰ-ਕਾਨੂੰਨੀ ਦੱਸਿਆ
ਗੁਹਾਟੀ: ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਇਹ ਕੋਲੇ ਦੀ ਖਾਨ ਗੈਰ-ਕਾਨੂੰਨੀ ਜਾਪ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਲੀਸ ਨੇ ਕੇਸ ਵੀ ਦਰਜ ਕਰ ਲਿਆ ਹੈ। ਮੁੱਖ ਮੰਤਰੀ ਨੇ ਰਾਹਤ ਕਾਰਜਾਂ ਵਿੱਚ ਮਦਦ ਲਈ ਫ਼ੌਜ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਐਕਸ ’ਤੇ ਕਿਹਾ, ‘ਇੰਨੀ ਜਲਦੀ ਕਾਰਵਾਈ ਕਰਨ ਲਈ ਬਹੁਤ ਧੰਨਵਾਦ। ਅਸੀਂ ਆਪਣੇ ਮਾਈਨਰਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।’ -ਪੀਟੀਆਈ