Coal Mine ਅਸਾਮ: ਉਮਰਾਂਗਸੋ ਕੋਲਾ ਖਾਣ ’ਚੋਂ ਤਿੰਨ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ, ਮੌਤਾਂ ਦੀ ਗਿਣਤੀ 4 ਹੋਈ
ਡੀਮਾ ਹਸਾਓ(ਅਸਾਮ), 11 ਜਨਵਰੀ
ਅਸਾਮ ਦੇ ਡੀਮਾ ਹਸਾਓ ਜ਼ਿਲ੍ਹੇ ਵਿਚ 3 ਕਿਲੋ ਉਮਰਾਂਗਸੋ ਇਲਾਕੇ ਦੀ ਕੋਲਾ ਖਾਣ ਵਿਚੋਂ ਅੱਜ ਤਿੰਨ ਹੋਰ ਲਾਸ਼ਾਂ ਮਿਲਣ ਨਾਲ ਮੌਤਾਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ। ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀ ਭਾਰਤੀ ਜਲਸੈਨਾ ਤੇ ਕੌਮੀ ਆਫ਼ਤ ਰਿਸਪੌਂਸ ਫੋਰਸ (ਐੱਨਡੀਆਰਐੱਫ) ਦੀ ਸ਼ਮੂਲੀਅਤ ਵਾਲੀ ਸਾਂਝੀ ਟੀਮ ਦੀਆਂ ਕੋਸ਼ਿਸ਼ਾਂ ਮਗਰੋਂ ਅੱਜ ਖਾਣ ਵਿਚੋਂ ਦੋ ਹੋਰ ਲਾਸ਼ਾਂ ਕੱਢੀਆਂ ਗਈਆਂ ਹਨ। ਪੰਪਾਂ ਨਾਲ ਖਾਣ ’ਚੋਂ ਪਾਣੀ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ ਤੇ ਪਾਣੀ ਦਾ ਪੱਧਰ ਛੇ ਮੀਟਰ ਤੱਕ ਘਟਿਆ ਹੈ।
ਐੱਨਡੀਆਰਐੱਫ ਦੀ ਪਹਿਲੀ ਬਟਾਲੀਅਨ ਦੇ ਕਮਾਂਡੈਂਟ ਐੱਚਪੀਐੱਸ ਕੰਡਾਰੀ ਨੇ ਕਿਹਾ, ‘‘ਜੇ ਖਾਣ ਵਿਚ ਭਰਿਆ ਸਾਰਾ ਪਾਣੀ ਨਿਕਲ ਜਾਵੇ ਤਾਂ ਅਸੀਂ ਆਸਾਨੀ ਨਾਲ ਅੰਦਰ ਜਾ ਕੇ ਸਰਚ ਅਪਰੇਸ਼ਨ ਚਲਾ ਸਕਦੇ ਹਾਂ। ਹੁਣ ਤੱਕ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ।’’ ਇਸ ਦੌਰਾਨ ਇਕ ਅਧਿਕਾਰੀ ਨੇ ਕਿਹਾ ਕਿ ਕੋਲ ਇੰਡੀਆ ਵੱਲੋਂ ਰਾਹਤ ਕਾਰਜਾਂ ਵਿਚ ਮਦਦ ਲਈ ਪੰਪ ਲਗਾਇਆ ਜਾਵੇਗਾ। ਕੋਲ ਇੰਡੀਆ ਕੋਲਕਾਤਾ ਦੇ ਜਨਰਲ ਮੈਨੇਜਰ ਸੰਜੈ ਕੁਮਾਰ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਨਾਗਪੁਰ ਤੋਂ ਨਵਾਂ ਪੰਪ ਲਿਆਂਦਾ ਹੈ। ਲੰਘੇ ਦਿਨ ਅਸੀਂ ਇਸ ਪੰਪ ਨੂੰ ਟੈਸਟ ਕੀਤਾ ਸੀ। ਇਲੈਕਟ੍ਰੀਕਲ ਪਾਵਰ ਜਨਰੇਟਰ ਤਿਆਰ ਹੈ। ਇਸ ਦੌਰਾਨ ਛੋਟੇ ਪੰਪ ਵੀ ਕੰਮ ਵਿਚ ਲੱਗੇ ਹਨ। ਪਾਣੀ ਹੌਲੀ ਹੌਲੀ ਘਟਣ ਲੱਗਾ ਹੈ। ਅੱਜ ਅਸੀਂ ਪਲੈਟਫਾਰਮ ਬਣਾਵਾਂਗੇ ਤੇ ਉਸ ਮਗਰੋਂ ਅਸੀਂ ਹੇਠਾਂ ਪਾਈਪ ਲਿਜਾਵਾਂਗੇ।’’ ਉਧਰ ਐੱਨਡੀਆਰਐੱਫ ਦੀ ਪਹਿਲੀ ਬਟਾਲੀਅਨ ਦੇ ਇੰਸਪੈਕਟਰ ਰੌਸ਼ਨ ਕੁਮਾਰ ਸਿੰਘ ਨੇ ਕਿਹਾ ਕਿ ਉਹ ਅੱਜ ਸਵੇਰੇ ਖਾਣ ਵਿਚ ਪਾਣੀ ਦਾ ਲੈਵਲ ਚੈੱਕ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਪਾਣੀ ਵਿਚ ਤੈਰਦੀ ਲਾਸ਼ ਮਿਲੀ। ਪਾਣੀ ਦਾ ਪੱਧਰ ਛੇ ਮੀਟਰ ਤੱਕ ਘਟਿਆ ਹੈ। ਪੰਜ ਪੰਪ ਦਿਨ ਰਾਤ ਕੰਮ ਕਰ ਰਹੇ ਹਨ। -ਪੀਟੀਆਈ