ਅਸਾਮ: ਕੋਲੇ ਦੀ ਖਾਣ ’ਚੋਂ ਤਿੰਨ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ
ਗੁਹਾਟੀ, 11 ਜਨਵਰੀ
ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਕੋਲੇ ਦੀ ਖਾਣ ’ਚ ਫਸੇ ਤਿੰਨ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਅੱਜ ਬਰਾਮਦ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਹੁਣ ਤੱਕ ਖਾਣ ’ਚੋਂ ਕੁੱਲ ਚਾਰ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਸੋਮਵਾਰ ਨੂੰ ਉਮਰਾਂਗਸੂ ਵਿੱਚ ਕੋਲੇ ਦੀ ਖਾਣ ’ਚ ਅਚਾਨਕ ਪਾਣੀ ਭਰਨ ਕਾਰਨ ਨੌਂ ਮਜ਼ਦੂਰ ਅੰਦਰ ਹੀ ਫਸ ਗਏ ਸਨ, ਜਿਨ੍ਹਾਂ ’ਚੋਂ ਚਾਰ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ। ਅਧਿਕਾਰੀ ਨੇ ਕਿਹਾ, ‘ਫਸੇ ਹੋਏ ਮਜ਼ਦੂਰਾਂ ਦੀ ਭਾਲ ਲਈ ਅੱਜ ਸਵੇਰੇ ਮੁੜ ਸ਼ੁਰੂ ਕੀਤੇ ਗਏ ਬਚਾਅ ਕਾਰਜਾਂ ਦੌਰਾਨ ਤਿੰਨ ਲਾਸ਼ਾਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਨੇਪਾਲ ਦੇ ਰਹਿਣ ਵਾਲੇ ਮਜ਼ਦੂਰ ਦੀ ਲਾਸ਼ 8 ਜਨਵਰੀ ਨੂੰ ਬਰਾਮਦ ਕੀਤੀ ਗਈ ਸੀ।’
ਉਨ੍ਹਾਂ ਦੱਸਿਆ ਕਿ ਅੱਜ ਬਰਾਮਦ ਹੋਈਆਂ ਤਿੰਨ ਲਾਸ਼ਾਂ ’ਚੋਂ ਇੱਕ ਦੀਮਾ ਹਸਾਓ ਦੇ ਕਲਾਮਤੀ ਦੇ ਰਹਿਣ ਵਾਲੇ 27 ਸਾਲਾ ਲਿਗੇਨ ਮਗਰ ਦੀ ਸੀ। ਬਾਕੀ ਦੋਵਾਂ ਦੀ ਹਾਲੇ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੌਜ ਅਤੇ ਐੱਨਡੀਆਰਐੱਫ ਦੇ ਗੋਤਾਖੋਰਾਂ ਨੂੰ ਮਗਰ ਦੀ ਲਾਸ਼ ਖਾਣ ’ਚ ਭਰੇ ਪਾਣੀ ’ਤੇ ਤੈਰਦੀ ਹੋਈ ਮਿਲੀ ਹੈ। ਇਸ ਦੌਰਾਨ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਅੱਜ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਬਚਾਅ ਕਾਰਜ ਜ਼ੋਰਾਂ ’ਤੇ ਜਾਰੀ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਇਹ ਖਾਣ 12 ਸਾਲ ਪਹਿਲਾਂ ਬੰਦ ਕਰ ਦਿੱਤੀ ਗਈ ਸੀ ਅਤੇ ਤਿੰਨ ਸਾਲ ਪਹਿਲਾਂ ਤੱਕ ਇਹ ਅਸਾਮ ਖਣਿਜ ਵਿਕਾਸ ਨਿਗਮ ਦੇ ਅਧੀਨ ਸੀ। -ਪੀਟੀਆਈ
ਗੌਰਵ ਗੋਗੋਈ ਵੱਲੋਂ ਮਾਮਲੇ ਦੀ ਜਾਂਚ ਸਿਟ ਤੋਂ ਕਰਵਾਉਣ ਦੀ ਮੰਗ
ਗੁਹਾਟੀ: ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਸਾਮ ਵਿੱਚ ਕੋਲੇ ਦੀ ਖਾਣ ’ਚ ਵਾਪਰੇ ਹਾਦਸੇ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉੱਤਰ-ਪੂਰਬੀ ਰਾਜ ਵਿੱਚ ਕਾਨੂੰਨ ਸਖ਼ਤੀ ਨਾਲ ਲਾਗੂ ਨਾ ਹੋਣ ਅਤੇ ਸਥਾਨਕ ਮਿਲੀਭੁਗਤ ਕਾਰਨ ਗੈਰ-ਕਾਨੂੰਨੀ ਮਾਈਨਿੰਗ ਬੇਰੋਕ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। -ਪੀਟੀਆਈ