ਅਸਾਮ: ਨਿਕਾਹ ਤੇ ਤਲਾਕ ਦੀ ਲਾਜ਼ਮੀ ਰਜਿਸਟਰੇਸ਼ਨ ਬਾਰੇ ਬਿੱਲ ਪਾਸ
ਗੁਹਾਟੀ, 29 ਅਗਸਤ
ਅਸਾਮ ਵਿਧਾਨ ਸਭਾ ਨੇ ਅੱਜ ਮੁਸਲਮਾਨਾਂ ਦੇ ਵਿਆਹ ਤੇ ਤਲਾਕ ਦੀ ਲਾਜ਼ਮੀ ਰਜਿਸਟਰੇਸ਼ਨ ਸਬੰਧੀ ਬਿੱਲ ਪਾਸ ਕੀਤਾ ਹੈ। ‘ਅਸਾਮ ਮੁਸਲਿਮ ਵਿਆਹ ਤੇ ਤਲਾਕ ਲਾਜ਼ਮੀ ਰਜਿਸਟਰੇਸ਼ਨ ਬਿੱਲ, 2024’ ਮਾਲ ਤੇ ਆਫ਼ਤ ਪ੍ਰਬੰਧਨ ਮੰਤਰੀ ਜੇ ਮੋਹਨ ਨੇ ਮੰਗਲਵਾਰ ਨੂੰ ਪੇਸ਼ ਕੀਤਾ ਸੀ।
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕਾਜ਼ੀਆਂ ਵੱਲੋਂ ਪਹਿਲਾ ਕੀਤੇ ਸਾਰੇ ਰਜਿਸਟਰੇਸ਼ਨ ਵੈਧ ਰਹਿਣਗੇ ਅਤੇ ਸਿਰਫ਼ ਨਵੇਂ ਵਿਆਹ ਹੀ ਕਾਨੂੰਨ ਦੇ ਦਾਇਰੇ ਵਿੱਚ ਆਉਣਗੇ। ਉਨ੍ਹਾਂ ਕਿਹਾ, ‘ਅਸੀਂ ਮੁਸਲਿਮ ਪਰਸਨਲ ਲਾਅ ਤਹਿਤ ਇਸਲਾਮੀ ਰੀਤੀ-ਰਿਵਾਜ਼ਾਂ ਨਾਲ ਹੋਣ ਵਾਲੇ ਵਿਆਹਾਂ ਵਿੱਚ ਬਿਲਕੁਲ ਦਖ਼ਲ ਨਹੀਂ ਦੇ ਰਹੇ ਹਾਂ। ਸਾਡੀ ਇੱਕਮਾਤਰ ਸ਼ਰਤ ਇਹ ਹੈ ਕਿ ਇਸਲਾਮ ਵੱਲੋਂ ਪਾਬੰਦੀਸ਼ੁਦਾ ਵਿਆਹਾਂ ਦੀ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ।’ ਸਰਮਾ ਨੇ ਕਿਹਾ ਕਿ ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਬਾਲ ਵਿਆਹ ਰਜਿਸਟਰੇਸ਼ਨ ’ਤੇ ਪੂਰੀ ਤਰ੍ਹਾਂ ਰੋਕ ਲੱਗ ਜਾਵੇਗੀ। ਇਹ ਬਿੱਲ ਬਾਲ ਵਿਆਹ ਅਤੇ ਦੋਵੇਂ ਧਿਰਾਂ ਦੀ ਸਹਿਮਤੀ ਤੋਂ ਬਿਨਾ ਹੋਏ ਵਿਆਹਾਂ ਦੀ ਰੋਕਥਾਮ ਲਈ ਤਜਵੀਜ਼ਤ ਕੀਤਾ ਗਿਆ ਹੈ।
ਮੋਹਨ ਨੇ ਕਿਹਾ ਕਿ ਇਸ ਬਿੱਲ ਨਾਲ ਬਹੁ-ਵਿਆਹ ’ਤੇ ਰੋਕ ਲਾਉਣ ਵਿੱਚ ਮਦਦ ਮਿਲੇਗੀ, ਵਿਆਹੀਆਂ ਹੋਈਆਂ ਔਰਤਾਂ ਨੂੰ ਸਹੁਰਿਆਂ ਦੇ ਘਰ ਰਹਿਣ ਅਤੇ ਗੁਜ਼ਾਰੇ ਭੱਤੇ ਦੇ ਅਧਿਕਾਰ ਦਾ ਦਾਅਵਾ ਪੇਸ਼ ਕਰਨ ਦੇ ਸਮਰਥ ਬਣਾਇਆ ਜਾ ਸਕੇਗਾ। -ਪੀਟੀਆਈ