For the best experience, open
https://m.punjabitribuneonline.com
on your mobile browser.
Advertisement

ਆਸਿਫ ਅਲੀ ਜ਼ਰਦਾਰੀ ਬਣੇ ਪਾਕਿਸਤਾਨ ਦੇ ਰਾਸ਼ਟਰਪਤੀ

07:34 AM Mar 10, 2024 IST
ਆਸਿਫ ਅਲੀ ਜ਼ਰਦਾਰੀ ਬਣੇ ਪਾਕਿਸਤਾਨ ਦੇ ਰਾਸ਼ਟਰਪਤੀ
Advertisement

ਇਸਲਾਮਾਬਾਦ/ਲਾਹੌਰ, 9 ਮਾਰਚ
ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਪਰਸਨ ਆਸਿਫ ਅਲੀ ਜ਼ਰਦਾਰੀ ਅੱਜ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ। ਉਹ ਦੂਜੀ ਵਾਰ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਹਨ। ਜ਼ਰਦਾਰੀ (68) ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸਾਂਝੇ ਉਮੀਦਵਾਰ ਸਨ ਜਦਕਿ ਉਨ੍ਹਾਂ ਦੇ ਵਿਰੋਧੀ ਮਹਿਮੂਦ ਖਾਨ ਅਚਕਜ਼ਈ (75) ਸੁੰਨੀ ਇਤੇਹਾਦ ਕੌਂਸਲ (ਐੱਸਆਈਸੀ) ਦੇ ਉਮੀਦਵਾਰ ਸਨ। ਸੰਵਿਧਾਨ ਦੇ ਪ੍ਰਬੰਧਾਂ ਮੁਤਾਬਕ ਸੰਸਦ ਦੇ ਦੋਵੇਂ ਸਦਨਾਂ ਵਿੱਚ ਜ਼ਰਦਾਰੀ ਨੂੰ 255 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਅਚਕਜ਼ਈ ਨੂੰ 119 ਵੋਟਾਂ ਮਿਲੀਆਂ। ਨਵੇਂ ਰਾਸ਼ਟਰਪਤੀ ਦੀ ਚੋਣ ਕੌਮੀ ਅਸੈਂਬਲੀ ਅਤੇ ਚਾਰ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਦੇ ਨਵੇਂ ਚੁਣੇ ਗਏ ਮੈਂਬਰਾਂ ਦੇ ਇਲੈਕਟੋਰਲ ਕਾਲਜ ਨੇ ਕੀਤੀ। ਸਿੰਧ ਪ੍ਰਾਂਤ ਜਿੱਥੇ ਕਿ ਜ਼ਰਦਾਰੀ ਦੀ ਪੀਪੀਪੀ ਦਾ ਕੰਟਰੋਲ ਹੈ, ਵਿੱਚ ਉਨ੍ਹਾਂ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ ਜਦਕਿ ਬਲੋਚਿਸਤਾਨ ਵਿਧਾਨ ਸਭਾ ਵਿੱਚ ਵੀ ਉਹ ਸਾਰੀਆਂ ਵੋਟਾਂ ਹਾਸਲ ਕਰਨ ਵਿੱਚ ਸਫ਼ਲ ਰਹੇ। ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਵੀ ਅਚਕਜ਼ਈ ਨੂੰ ਹਰਾਇਆ ਹੈ। ਖੈਬਰ ਪਖਤੂਨਖਵਾ ਵਿਧਾਨ ਸਭਾ ਜਿੱਥੇ ਕਿ ਐੱਸਆਈਸੀ ਤੇ ਪੀਟੀਆਈ ਦੀ ਸਰਕਾਰ ਹੈ, ਵਿੱਚ ਅਚਕਜ਼ਈ ਨੂੰ ਜ਼ਰਦਾਰੀ ਖ਼ਿਲਾਫ਼ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਕਾਰੋਬਾਰੀ ਤੋਂ ਸਿਆਸਤਦਾਨ ਬਣੇ ਜ਼ਰਦਾਰੀ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ਰੀ ਭੁੱਟੋ ਦੇ ਪਤੀ ਹਨ। ਜ਼ਰਦਾਰੀ ਪਿਛਲੇ ਸਾਲ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਕਰ ਚੁੱਕੇ ਡਾ. ਆਰਿਫ਼ ਅਲਵੀ ਦੀ ਜਗ੍ਹਾ ਲੈਣਗੇ। ਹਾਲਾਂਕਿ, ਨਵਾਂ ਇਲੈਕਟੋਰਲ ਕਾਲਜ ਨਾ ਬਣਨ ਤੱਕ ਉਹ ਅਹੁਦੇ ’ਤੇ ਬਿਰਾਜਮਾਨ ਰਹੇ ਸਨ। 2008 ਤੋਂ 2013 ਤੱਕ ਰਾਸ਼ਟਰਪਤੀ ਵਜੋਂ ਪਹਿਲਾਂ ਸੇਵਾ ਨਿਭਾਅ ਚੁੱਕੇ ਜ਼ਰਦਾਰੀ ਪਹਿਲੇ ਅਜਿਹੇ ਆਮ ਸਿਆਸਤਦਾਨ ਹੋਣਗੇ ਜਿਹੜੇ ਕਿ ਦੂਜੀ ਵਾਰ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਵੱਲੋਂ ਐਤਵਾਰ ਨੂੰ ਅਹੁਦੇ ਦੀ ਸਹੁੰ ਚੁੱਕੇ ਜਾਣ ਦੀ ਆਸ ਹੈ।
ਅਚਕਜ਼ਈ ਆਪਣੀ ਪਸ਼ਤੂਨਖਵਾ ਮਿਲੀ ਆਵਾਮੀ ਪਾਰਟੀ (ਪੀਕੇਐੱਮਏਪੀ) ਦੇ ਮੁਖੀ ਹਨ ਅਤੇ ਸੁੰਨੀ ਇਤੇਹਾਦ ਕੌਂਸਲ ਦੇ ਮੰਚ ਤੋਂ ਚੋਣ ਲੜੇ ਸਨ। ਅਚਕਜ਼ਈ ਨੂੰ ਉਸ ਵੇਲੇ ਪ੍ਰਮੁੱਖਤਾ ਹਾਸਲ ਹੋਈ ਜਦੋਂ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਉਨ੍ਹਾਂ ਦੀ ਪਿੱਠ ’ਤੇ ਆ ਗਏ ਸਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×