For the best experience, open
https://m.punjabitribuneonline.com
on your mobile browser.
Advertisement

ਏਸ਼ੀਆ ਦਾ ਉਡਣਾ ਦੌੜਾਕ ਅਬਦੁੱਲ ਖ਼ਾਲਿਕ

04:04 AM Mar 08, 2025 IST
ਏਸ਼ੀਆ ਦਾ ਉਡਣਾ ਦੌੜਾਕ ਅਬਦੁੱਲ ਖ਼ਾਲਿਕ
Advertisement

Advertisement

ਪ੍ਰਿੰਸੀਪਲ ਸਰਵਣ ਸਿੰਘ

Advertisement

ਅਬਦੁੱਲ ਖ਼ਾਲਿਕ ਪਾਕਿਸਤਾਨ ਦਾ ਮਿਲਖਾ ਸਿੰਘ ਸੀ। ਦੋਹਾਂ ਦਾ ਜਨਮ ਅਣਵੰਡੇ ਪੰਜਾਬ ਵਿੱਚ ਹੋਇਆ ਸੀ। ਮਿਲਖਾ ਸਿੰਘ ਦਾ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੁਜੱਫਰਗੜ੍ਹ ਵਿੱਚ ਤੇ ਅਬਦੁੱਲ ਖ਼ਾਲਿਕ ਦਾ ਜ਼ਿਲ੍ਹਾ ਚਕਵਾਲ ’ਚ। 1947 ਵਿੱਚ ਦੇਸ਼ ਦੀ ਵੰਡ ਵੇਲੇ ਅਬਦੁੱਲ ਖ਼ਾਲਿਕ ਪਾਕਿਸਤਾਨ ਵਿੱਚ ਰਹਿ ਗਿਆ ਜਦਕਿ ਮਿਲਖਾ ਸਿੰਘ ਨੂੰ ਉੱਜੜ ਪੁੱਜੜ ਕੇ ਭਾਰਤ ਆਉਣਾ ਪਿਆ। ਜੁਆਨ ਹੋ ਕੇ ਦੋਵੇਂ ਭਾਰਤ-ਪਾਕਿ ਫੌਜਾਂ ਵਿੱਚ ਭਰਤੀ ਹੋਏ ਤੇ ਏਸ਼ੀਆ ਦੇ ਸਭ ਤੋਂ ਤੇਜ਼ਤਰਾਰ ਦੌੜਾਕ ਬਣੇ। ਦੋਹਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਦਰਜਨਾਂ ਮੈਡਲ ਜਿੱਤੇ ਤੇ ਦੋਹੇਂ ਏਸ਼ੀਆ ਦੇ ਬੈਸਟ ਅਥਲੀਟ ਰਹੇ। ਅਬਦੁੱਲ ਖ਼ਾਲਿਕ ਦਿੱਲੀ ’ਚ ਦੌੜਿਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਸ ਨੂੰ ‘ਫਲਾਈਂਗ ਬਰਡ ਆਫ ਏਸ਼ੀਆ’ ਕਹਿ ਕੇ ਵਡਿਆਇਆ। ਮਿਲਖਾ ਸਿੰਘ ਲਾਹੌਰ ’ਚ ਦੌੜਿਆ ਤਾਂ ਪਾਕਿਸਤਾਨ ਦੇ ਸਦਰ ਅਯੂਬ ਖਾਂ ਨੇ ਉਸ ਨੂੰ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦਿੱਤਾ।
ਅਬਦੁੱਲ ਖ਼ਾਲਿਕ ਪਾਕਿਸਤਾਨ ਦਾ ਪਹਿਲਾ ਅਥਲੀਟ ਸੀ ਜਿਸ ਨੇ ਪਾਕਿਸਤਾਨ ਦਾ ਨਾਂ ਏਸ਼ਿਆਈ ਖੇਡਾਂ ’ਚ ਚਮਕਾਇਆ। ਉਸ ਨੇ 1954 ਤੇ 1958 ਦੀਆਂ ਏਸ਼ਿਆਈ ਖੇਡਾਂ ’ਚੋਂ ਪੰਜ ਮੈਡਲ ਜਿੱਤੇ। 2 ਸੋਨੇ ਦੇ, 2 ਚਾਂਦੀ ਦੇ ਤੇ 1 ਕਾਂਸੀ ਦਾ। ਉਸ ਦੀ ਪ੍ਰਮੁੱਖ ਦੌੜ 100 ਮੀਟਰ ਸਪਾਟ ਦੌੜ ਸੀ। ਉਂਜ ਉਹ 200 ਮੀਟਰ ਦੌੜ ਦਾ ਵੀ ਨਾਮੀ ਦੌੜਾਕ ਸੀ। 1958 ਵਿੱਚ ਟੋਕੀਓ ਦੀਆਂ ਏਸ਼ਿਆਈ ਖੇਡਾਂ ਸਮੇਂ ਅਬਦੁੱਲ ਖ਼ਾਲਿਕ ਤੇ ਮਿਲਖਾ ਸਿੰਘ ਵਿਚਕਾਰ 200 ਮੀਟਰ ਦੀ ਦੌੜ ਬੇਹੱਦ ਚਰਚਾ ਦਾ ਵਿਸ਼ਾ ਬਣੀ ਸੀ। ਕੋਈ ਕਹਿੰਦਾ ਸੀ ਅਬਦੁੱਲ ਖ਼ਾਲਿਕ ਜਿੱਤੇਗਾ, ਕੋਈ ਮਿਲਖਾ ਸਿੰਘ। ਦਰਸ਼ਕਾਂ ਦੀਆਂ ਆਪਸ ਵਿੱਚ ਸ਼ਰਤਾਂ ਲੱਗ ਗਈਆਂ ਸਨ। 200 ਮੀਟਰ ਦੌੜ ਦੇ ਮੁਕਾਬਲੇ ਤੋਂ ਪਹਿਲਾਂ ਅਬਦੁੱਲ ਖ਼ਾਲਿਕ 100 ਮੀਟਰ ਦੀ ਦੌੜ ਜਿੱਤ ਚੁੱਕਾ ਸੀ ਤੇ ਮਿਲਖਾ ਸਿੰਘ 400 ਮੀਟਰ ਦੀ। ਉਨ੍ਹਾਂ ’ਚੋਂ ਜਿਹੜਾ ਵੀ 200 ਮੀਟਰ ਦੀ ਦੌੜ ਜਿੱਤਦਾ ਉਸੇ ਨੇ ਏਸ਼ੀਆਈ ਖੇਡਾਂ ਦਾ ਬੈਸਟ ਅਥਲੀਟ ਬਣਨਾ ਸੀ।
ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਬਦੁੱਲ ਖ਼ਾਲਿਕ ਤੇ ਮਿਲਖਾ ਸਿੰਘ ਮੀਡੀਆ ਦੇ ਫੋਕਸ ਵਿੱਚ ਸਨ। ਜਦੋਂ ਉਹ ਟੋਕੀਓ ਖੇਡ ਪਿੰਡ ’ਚ ਪਹੁੰਚੇ ਤਾਂ ਵਧੇਰੇ ਕੈਮਰੇ ਉਨ੍ਹਾਂ ਦੋਹਾਂ ਦੁਆਲੇ ਸਨ। ਅਬਦੁੱਲ ਖ਼ਾਲਿਕ ਤਜਰਬੇ ਪੱਖੋਂ ਪ੍ਰੌਢ ਸੀ। ਉਸ ਨੂੰ 100 ਮੀਟਰ ਦੌੜ ਜਿੱਤ ਲੈਣ ਪਿੱਛੋਂ 200 ਮੀਟਰ ਦੌੜ ਜਿੱਤ ਲੈਣ ਦਾ ਪੂਰਾ ਭਰੋਸਾ ਸੀ। ਉਸ ਨੇ ਖੇਡ ਪੱਤਰਕਾਰਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਸ ਬਚੂੰਗੜੇ ਨੇ ਮੇਰਾ ਮੁਕਾਬਲਾ ਕੀ ਕਰਨਾ? ਉੱਥੇ ਹੀ ਇੱਕ ਲੜਕੀ ਨੇ ਮਿਲਖਾ ਸਿੰਘ ਨੂੰ ਕਿਹਾ ਸੀ, “ਜੇ ਅੱਜ ਅਬਦੁੱਲ ਖ਼ਾਲਿਕ ਨੂੰ ਹਰਾ ਦੇਵੇਂ ਤਾਂ ਜੋ ਮੰਗੇਗਾਂ ਸੋ ਮਿਲੇਗਾ।”
ਮਿਲਖਾ ਸਿੰਘ ਦੇ ਦੱਸਣ ਮੂਜਬ ਟੋਕੀਓ ’ਚ ਖ਼ਾਲਿਕ ਕੋਲ ਥੱਲਵੀਂ ਲੇਨ ਸੀ ਤੇ ਮੇਰੇ ਕੋਲ ਉਤਲੀ। ਕਰਵ ’ਤੇ ਪਤਾ ਨਹੀਂ ਸੀ ਲੱਗਦਾ ਕਿਹੜਾ ਅੱਗੇ ਸੀ ਤੇ ਕਿਹੜਾ ਪਿੱਛੇ। ਸਟਰੇਟ ’ਤੇ ਅਸੀਂ ਬਰਾਬਰ ਹੋ ਗਏ। ਸਟੇਡੀਅਮ ’ਚ ਹੱਲਾਸ਼ੇਰੀ ਗੂੰਜ ਰਹੀ ਸੀ। ਫਿਨਿਸ਼ ਲਾਈਨ ਤੋਂ ਤਿੰਨ ਚਾਰ ਗਜ਼ ਪਿੱਛੇ ਮੇਰੀ ਸੱਜੀ ਲੱਤ ਦਾ ਮਸਲ ਖਿੱਚਿਆ ਗਿਆ ਜਿਸ ਨਾਲ ਮੇਰੀ ਸੱਜੀ ਲੱਤ ਖੱਬੀ ’ਚ ਫਸ ਗਈ ਤੇ ਮੈਂ ਭੁੜਕ ਕੇ ਫਿਨਿਸ਼ ਲਾਈਨ ਉੱਤੇ ਜਾ ਡਿੱਗਾ। ਅਬਦੁੱਲ ਖ਼ਾਲਿਕ ਵੀ ਉਸੇ ਵਕਤ ਟੇਪ ਨੂੰ ਛੋਹਿਆ। ਨੰਗੀ ਅੱਖ ਨੂੰ ਪਤਾ ਨਹੀਂ ਸੀ ਲੱਗਾ ਕਿ ਦੌੜ ’ਚ ਫਸਟ ਕੌਣ ਤੇ ਸੈਕੰਡ ਕੌਣ? ਖ਼ਾਲਿਕ ਜੇਤੂ ਅੰਦਾਜ਼ ’ਚ ਛਾਲਾਂ ਮਾਰਦਾ ਫਿਰਦਾ ਸੀ ਜਿਵੇਂ ਉਹ ਅੱਵਲ ਆਇਆ ਹੋਵੇ, ਪਰ ਕੈਮਰਿਆਂ ਦੇ ਫੋਟੋ ਪਰਖ ਕੇ ਅੱਧੇ ਘੰਟੇ ਪਿੱਛੋਂ ਐਲਾਨ ਹੋਇਆ ਕਿ ਮਿਲਖਾ ਸਿੰਘ ਅੱਵਲ ਆਇਆ ਤੇ ਅਬਦੁੱਲ ਖ਼ਾਲਿਕ ਦੋਇਮ। ਐਲਾਨ ਸੁਣਨ ਸਾਰ ਖ਼ਾਲਿਕ ਦੀਆਂ ਅੱਖਾਂ ’ਚ ਹੰਝੂ ਭਰ ਆਏ। ਉਸ ਨੂੰ ਉੱਕਾ ਉਮੀਦ ਨਹੀਂ ਸੀ ਕਿ ਉਹ ਮੈਥੋਂ ਹਾਰ ਜਾਵੇਗਾ। ਮੈਂ ਸੋਨੇ ਦਾ ਦੂਜਾ ਤਗ਼ਮਾ ਜਿੱਤ ਕੇ ਏਸ਼ੀਆ ਦਾ ਬੈਸਟ ਅਥਲੀਟ ਬਣ ਗਿਆ।
ਅਬਦੁੱਲ ਖ਼ਾਲਿਕ ਦਾ ਜਨਮ 23 ਮਾਰਚ 1933 ਨੂੰ ਪਿੰਡ ਜੰਡ ਅਵਾਨ ਜ਼ਿਲ੍ਹਾ ਚਕਵਾਲ ’ਚ ਸਜਾਵਲ ਖਾਂ ਦੇ ਘਰ ਹੋਇਆ ਤੇ ਮੌਤ 10 ਮਾਰਚ 1988 ਨੂੰ ਰਾਵਲਪਿੰਡੀ ਵਿੱਚ ਹੋਈ। ਖ਼ਾਲਿਕ ਛੋਟਾ ਹੁੰਦਾ ਹੀ ਪਿੰਡਾਂ ਦੀ ਖੇਡ ਕਬੱਡੀ ਖੇਡਣ ਲੱਗ ਪਿਆ ਸੀ। ਉਹ ਧਾਵੇ ਵੀ ਬੋਲਦਾ ਤੇ ਜੱਫੇ ਵੀ ਲਾਉਂਦਾ। ਉਹ ਪੰਦਰਾਂ ਕੁ ਸਾਲਾਂ ਦਾ ਸੀ ਜਦੋਂ ਪਿੰਡ ਪੰਜਾਲ ਨੇੜੇ ਕਬੱਡੀ ਟੂਰਨਾਮੈਂਟ ’ਚ ਖੇਡਦਾ ਪਾਕਿਸਤਾਨ ਦੀ ਫੌਜ ਦੇ ਬ੍ਰਿਗੇਡੀਅਰ ਸੀ.ਐੱਚ.ਐੱਮ. ਰੋਡ੍ਹਮ ਦੀ ਨਜ਼ਰੇ ਚੜ੍ਹ ਗਿਆ। ਉਹ ਪਾਕਿਸਤਾਨ ਆਰਮੀ ਸਪੋਰਟਸ ਕੰਟਰੋਲ ਬੋਰਡ ਦਾ ਮੁਖੀ ਸੀ। ਉਸ ਨੇ ਅਬਦੁੱਲ ਖ਼ਾਲਿਕ ਨੂੰ 1948 ਵਿੱਚ ਬੱਚਾ ਕੰਪਨੀ ’ਚ ਭਰਤੀ ਕਰ ਲਿਆ। ਫੌਜ ਵਿੱਚ ਭਰਤੀ ਹੋ ਕੇ ਉਹ ਦੌੜਾਂ ਦੀ ਕੋਚਿੰਗ ਲੈਣ ਲੱਗ ਪਿਆ। ਭਾਰਤ ਵਿੱਚ ਮਿਲਖਾ ਸਿੰਘ ਵੀ ਫੌਜ ਵਿੱਚ ਭਰਤੀ ਹੋ ਕੇ ਦੌੜਾਕ ਬਣਿਆ ਸੀ। ਉਦੋਂ ਮਿਲਖਾ ਸਿੰਘ ਨੂੰ ਪਤਾ ਵੀ ਨਹੀਂ ਸੀ ਕਿ 400 ਮੀਟਰ ਦੌੜ ਟਰੈਕ ਦੇ ਕਿੰਨੇ ਚੱਕਰ ਹੁੰਦੀ ਹੈ! ਜਦੋਂ ਉਸ ਨੂੰ ਦੱਸਿਆ ਗਿਆ ਕਿ 400 ਮੀਟਰ ਦੌੜ ਟਰੈਕ ਦਾ ਇੱਕੋ ਚੱਕਰ ਹੁੰਦਾ ਹੈ ਤਾਂ ਉਸ ਨੇ ਕਿਹਾ ਸੀ ਕਿ ਮੈਂ ਤਾਂ ਇੱਕ ਚੱਕਰ ਦੀ ਥਾਂ ਦਸ ਚੱਕਰ ਦੌੜ ਸਕਦਾਂ। ਉਹਦੇ ਉਸਤਾਦ ਨੇ ਸਮਝਾਇਆ ਸੀ ਕਿ ਦਸਾਂ ਚੱਕਰਾਂ ਜਿੰਨਾ ਜ਼ੋਰ ਇੱਕੋ ਚੱਕਰ ’ਚ ਲਾਉਣਾ ਹੁੰਦੈ। ਖ਼ਾਲਿਕ ਵੀ ਕੁਝ ਇਸੇ ਤਰ੍ਹਾਂ ਦੌੜਾਕ ਬਣਿਆ ਸੀ। ਦੌੜਾਂ ਦਾ ਉਸ ਨੂੰ ਵੀ ਕੋਈ ਗਿਆਨ ਨਹੀਂ ਸੀ। ਜਿਵੇਂ ਮਿਲਖਾ ਸਿੰਘ ਨੇ 82 ਦੌੜਾਂ ਵਿੱਚੋਂ 79 ਮੈਡਲ ਜਿੱਤੇ, ਉਵੇਂ ਅਬਦੁੱਲ ਖ਼ਾਲਿਕ ਨੇ ਅੰਤਰਰਾਸ਼ਟਰੀ ਪੱਧਰ ਦੇ 36 ਗੋਲਡ, 15 ਸਿਲਵਰ ਤੇ 12 ਕਾਂਸੀ ਦੇ ਮੈਡਲ ਜੋੜ ਕੇ 63 ਮੈਡਲ ਜਿੱਤੇ।
ਅਬਦੁੱਲ ਖ਼ਾਲਿਕ ਨੇ ਆਪਣੀ ਪੜ੍ਹਾਈ ਲਾਗਲੇ ਪਿੰਡ ਹੰਸੋਲਾ ਦੇ ਮਿਡਲ ਸਕੂਲ ਤੋਂ ਕੀਤੀ। ਉਹ ਤਿੰਨ ਮੀਲ ਦੂਰ ਦੌੜ ਕੇ ਪੜ੍ਹਨ ਜਾਂਦਾ ਤੇ ਦੌੜਦਾ ਹੀ ਮੁੜਦਾ। ਉਸ ਦਾ ਦਮ ਪੱਕ ਗਿਆ ਸੀ। ਬਾਕੀ ਦਾ ਰੰਗਰੂਟੀ ਨੇ ਪਕਾਅ ਦਿੱਤਾ ਸੀ। ਬੱਚਾ ਕੰਪਨੀ ਦੇ ਮੁਕਾਬਲੇ ਜਿੱਤਦਾ-ਜਿੱਤਦਾ ਉਹ ਦੇਸ਼ ਦੀ ਫੌਜ ਦੇ ਮੁਕਾਬਲੇ ਜਿੱਤਣ ਲੱਗਾ। ਨੈਸ਼ਨਲ ਖੇਡਾਂ ’ਚ ਉਹ ਫੌਜ ਵੱਲੋਂ ਜਾਂਦਾ ਤੇ ਅੰਤਰਰਾਸ਼ਟਰੀ ਖੇਡਾਂ ’ਚ ਪਾਕਿਸਤਾਨ ਦੀ ਨੁਮਾਇੰਦਗੀ ਕਰਦਾ।
1954 ਦੀਆਂ ਦੂਜੀਆਂ ਏਸ਼ਿਆਈ ਖੇਡਾਂ ਇੰਡੋਨੇਸ਼ੀਆ ਦੇ ਸ਼ਹਿਰ ਮਨੀਲਾ ਵਿੱਚ ਹੋਣੀਆਂ ਸਨ। ਖ਼ਾਲਿਕ ਪਹਿਲੀ ਵਾਰ ਪਾਕਿਸਤਾਨ ਵੱਲੋਂ ਭਾਗ ਲੈਣ ਗਿਆ। ਉਸ ਨੇ 100 ਮੀਟਰ ਦੌੜ 10.6 ਸੈਕੰਡ ’ਚ ਲਾ ਕੇ ਏਸ਼ੀਆ ਦਾ ਨਵਾਂ ਰਿਕਾਰਡ ਸਥਾਪਿਤ ਕੀਤਾ। 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ’ਚ ਭਾਰਤ ਦਾ ਲੇਵੀ ਪਿੰਟੋ 100 ਮੀਟਰ ਦੌੜ 10.8 ਸੈਕੰਡ ’ਚ ਲਾ ਕੇ ਜਿੱਤਿਆ ਸੀ। ਮਨੀਲਾ ਤੋਂ ਅਬਦੁੱਲ ਖ਼ਾਲਿਕ 1 ਗੋਲਡ ਮੈਡਲ ਜਿੱਤਿਆ ਤੇ 4+100 ਮੀਟਰ ਰਿਲੇਅ ਦੌੜ ’ਚ 1 ਸਿਲਵਰ ਮੈਡਲ ਹਾਸਲ ਕੀਤਾ। ਉੱਥੇ ਭਗਤੇ ਦੇ ਪ੍ਰਦੁੱਮਣ ਸਿੰਘ ਦੀ ਚੜ੍ਹ ਮੱਚੀ ਜਿਸ ਨੇ ਗੋਲਾ ਤੇ ਡਿਸਕਸ ਸੁੱਟਣ ’ਚ 2 ਗੋਲਡ ਮੈਡਲ ਜਿੱਤੇ।
1954 ਵਿੱਚ ਹੀ ਖ਼ਾਲਿਕ ਨੇ ਕਾਮਨਵੈਲਥ ਤੇ ਬ੍ਰਿਟਿਸ਼ ਅੰਪਾਇਰ ਖੇਡਾਂ ’ਚ ਭਾਗ ਲਿਆ। ਉੱਥੇ ਉਹ 100 ਗਜ਼ ਸਪਾਟ ਦੌੜ ਦੇ ਸੈਮੀ ਫਾਈਨਲ ਅਤੇ 4+110 ਗਜ਼ ਦੌੜ ਦੇ ਫਾਈਨਲ ਵਿੱਚ ਪੁੱਜਾ। 1955 ’ਚ ਉਸ ਨੇ ਏਥਨਜ਼ ਵਿਖੇ ਹੋਈਆਂ ਵਰਲਡ ਮਿਲਟਰੀ ਗੇਮਜ਼ ਵਿੱਚ ਭਾਗ ਲਿਆ। 1956 ’ਚ ਵਰਲਡ ਮਿਲਟਰੀ ਗੇਮਜ਼ ਬਰਲਿਨ ਵਿਖੇ ਉਸ ਨੇ 100 ਮੀਟਰ 10.4 ਸੈਕੰਡ ਵਿੱਚ ਲਾ ਕੇ ਕਾਂਸੀ ਦਾ ਮੈਡਲ ਜਿੱਤਿਆ। ਉਸ ਨੇ 200 ਮੀਟਰ ਸਪਾਟ ਤੇ 4+100 ਮੀਟਰ ਰਿਲੇਅ ਦੌੜਾਂ ’ਚ ਵੀ ਕਾਂਸੀ ਦੇ ਤਗ਼ਮੇ ਜਿੱਤੇ। 1956 ’ਚ ਉਹ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਦੀਆਂ ਓਲੰਪਿਕ ਖੇਡਾਂ ਲਈ ਪਾਕਿਸਤਾਨ ਦੀ ਟੀਮ ’ਚ ਚੁਣਿਆ ਗਿਆ। ਉੱਥੇ ਉਸ ਨੇ ਕੋਈ ਮੈਡਲ ਤਾਂ ਨਾ ਜਿੱਤਿਆ, ਪਰ ਓਲੰਪਿਕ ਖੇਡਾਂ ਦਾ ਚੰਗਾ ਤਜਰਬਾ ਹਾਸਲ ਕੀਤਾ।
ਉਸ ਨੂੰ ਪਾਕਿਸਤਾਨ ਅਥਲੈਟਿਕਸ ਟ੍ਰੇਨਿੰਗ ਪ੍ਰੋਗਰਾਮ ਅਧੀਨ ਇੰਗਲੈਂਡ ਭੇਜਿਆ ਗਿਆ ਜਿੱਥੇ ਉਹ ਯੂਰਪੀਨ ਦੌੜਾਕਾਂ ਨਾਲ ਦੌੜਿਆ। ਉਸ ਨੇ 15 ਮੁਲਕਾਂ ਦੇ ਸਪਰਿੰਟਰਾਂ ਵਿਰੁੱਧ ਦੌੜਾਂ ਲਾਈਆਂ ਜਿਸ ਨਾਲ ਚੋਖਾ ਤਜਰਬਾ ਹਾਸਲ ਕੀਤਾ। ਓਲੰਪਿਕ ਪਾਰਕ ਵਿੱਚ 100 ਮੀਟਰ ਦੌੜ, ਫਿਰ 10.4 ਸੈਕੰਡ ’ਚ ਲਾਈ ਜੋ ਓਲੰਪਿਕ ਚੈਂਪੀਅਨ ਬੌਬੀ ਮਾਰੋ ਦੇ 10.3 ਸੈਕੰਡ ਦੇ ਨੇੜ ਸੀ। ਪਾਕਿਸਤਾਨੀਆਂ ਨੂੰ ਜਾਪਣ ਲੱਗ ਪਿਆ ਕਿ ਓਲੰਪਿਕ ਖੇਡਾਂ ’ਚ ਉਹ ਕੋਈ ਮੈਡਲ ਜਿੱਤ ਸਕਦਾ ਹੈ। 1956 ਦੀਆਂ ਓਲੰਪਿਕ ਖੇਡਾਂ ’ਚ ਉਹ 100 ਮੀਟਰ ਤੇ 200 ਮੀਟਰ ਦੌੜਾਂ ਦੇ ਸੈਮੀ ਫਾਈਨਲ ’ਚ ਪੁੱਜ ਗਿਆ। ਉਸ ਦਾ ਟਾਈਮ ਵਿਸ਼ਵ ’ਚ ਸੱਤਵੇਂ ਥਾਂ ਗਿਣਿਆ ਗਿਆ।
1956 ’ਚ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਪਹਿਲੀ ਇੰਡੋ/ਪਾਕਿ ਮੀਟ ਹੋਈ। ਉਸ ਨੇ 100 ਤੇ 200 ਮੀਟਰ ਦੌੜਾਂ ਦੇ ਨਵੇਂ ਏਸ਼ਿਆਈ ਰਿਕਾਰਡ ਰੱਖੇ। 100 ਮੀਟਰ ਦਾ 10.4 ਸੈਕੰਡ ਤੇ 200 ਮੀਟਰ ਦਾ 21.4 ਸੈਕੰਡ। ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਬਦੁੱਲ ਖ਼ਾਲਿਕ ਨੂੰ ‘ਫਲਾਈਂਗ ਬਰਡ ਆਫ ਏਸ਼ੀਆ’ ਦਾ ਖ਼ਿਤਾਬ ਦਿੱਤਾ। 1957 ਵਿੱਚ ਖ਼ਾਲਿਕ ਨੇ ਇੰਗਲੈਂਡ, ਇਰਾਨ, ਯੂਨਾਨ ਤੇ ਸਕਾਟਲੈਂਡ ਦੀਆਂ ਅਥਲੈਟਿਕਸ ਮੀਟਾਂ ’ਚੋਂ 1 ਸਿਲਵਰ ਤੇ 11 ਗੋਲਡ ਮੈਡਲ ਜਿੱਤੇ। 1958 ਦੀਆਂ ਏਸ਼ਿਆਈ ਖੇਡਾਂ ’ਚੋਂ ਉਸ ਨੇ 100 ਮੀਟਰ ਦੌੜ ਦਾ ਗੋਲਡ, 200 ਮੀਟਰ ਦੌੜ ਦਾ ਸਿਲਵਰ ਤੇ 4+100 ਮੀਟਰ ਰਿਲੇਅ ਦੌੜ ਦਾ ਕਾਂਸੀ ਦਾ ਮੈਡਲ ਜਿੱਤ ਕੇ ਧੰਨ ਧੰਨ ਕਰਾਈ। ਉਸ ਦੀਆਂ ਜਿੱਤਾਂ ਸਦਕਾ ਏਸ਼ਿਆਈ ਖੇਡ ਦੀ ਤਗ਼ਮਾ ਸੂਚੀ ’ਚ ਪਾਕਿਸਤਾਨ ਛੇਵੇਂ ਥਾਂ ਆਇਆ। 1958 ’ਚ ਹੀ ਖ਼ਾਲਿਕ ਨੇ ਜਪਾਨ, ਚੀਨ ਤੇ ਸਕਾਟਲੈਂਡ ’ਚ ਦੌੜਦਿਆਂ 3 ਹੋਰ ਮੈਡਲ ਜਿੱਤੇ। 1958 ਵਿੱਚ ਕਾਰਡਿਫ ਦੀਆਂ ਕਾਮਨਵੈਲਥ ਖੇਡਾਂ ਦੇ ਸੈਮੀ ਫਾਈਨਲ ’ਚ ਉਸ ਨੇ 100 ਗਜ਼ ਦੀ ਦੌੜ 9.8 ਸੈਕੰਡ ’ਚ ਲਾਈ। 1959 ’ਚ ਯੂਕੇ, ਸਵੀਡਨ ਤੇ ਆਇਰਲੈਂਡ ਦੀਆਂ ਇੰਟਰਨੈਸ਼ਨਲ ਮੀਟਾਂ ’ਚੋਂ ਉਸ ਨੇ 9 ਗੋਲਡ, 7 ਸਿਲਵਰ ਤੇ 4 ਕਾਂਸੀ ਦੇ ਮੈਡਲ ਜਿੱਤੇ।
1960 ’ਚ ਹੋਈਆਂ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਮਿਲਖਾ ਸਿੰਘ ਪੂਰੀ ਤਿਆਰੀ ਵਿੱਚ ਸੀ ਜਦਕਿ ਅਬਦੁੱਲ ਖ਼ਾਲਿਕ ਓਨਾ ਆਸਵੰਦ ਨਹੀਂ ਸੀ। ਮਿਲਖਾ ਸਿੰਘ 400 ਮੀਟਰ ਦੌੜ ’ਚ ਚੌਥੇ ਸਥਾਨ ’ਤੇ ਆ ਗਿਆ, ਪਰ ਖ਼ਾਲਿਕ ਨਾ 100 ਮੀਟਰ ਦੀ ਦੌੜ ਵਿੱਚ ਤੇ ਨਾ 4+100 ਮੀਟਰ ਦੀ ਰਿਲੇਅ ਰੇਸ ’ਚ ਕੋਈ ਜਲਵਾ ਵਿਖਾ ਸਕਿਆ। 1960 ’ਚ ਲਾਹੌਰ ਵਿਖੇ ਪਾਕਿਸਤਾਨ, ਭਾਰਤ ਤੇ ਇਰਾਨ ਦੀ ਅਥਲੈਟਿਕਸ ਮੀਟ ਹੋਈ। ਮਿਲਖਾ ਸਿੰਘ ਅਣਮੰਨੇ ਮਨ ਨਾਲ ਪਾਕਿਸਤਾਨ ਗਿਆ ਕਿਉਂਕਿ 1947 ’ਚ ਮਾਰੇ ਗਏ ਉਹਦੇ ਮਾਂ-ਬਾਪ ਤੇ ਘਰ ਦੇ ਜੀਅ ਯਾਦ ਆ ਰਹੇ ਸਨ, ਪਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਇੱਛਾ ਮੁਤਾਬਿਕ ਉਸ ਨੂੰ ਲਾਹੌਰ ਜਾਣਾ ਪਿਆ। ਉਹ ਸਟੇਡੀਅਮ ’ਚ ਦਾਖਲ ਹੋਇਆ ਤਾਂ ਔਰਤਾਂ ਨੇ ਬੁਰਕੇ ਹਟਾ ਕੇ ਮਿਲਖਾ ਸਿੰਘ ਦੇ ਦਰਸ਼ਨ ਕੀਤੇ। ਉੱਥੇ ਵੀ ਟੋਕੀਓ ਵਾਲੇ ਹੀ ਨਤੀਜੇ ਨਿਕਲੇ। 100 ਮੀਟਰ ਦੀ ਦੌੜ ਅਬਦੁੱਲ ਖ਼ਾਲਿਕ ਨੇ ਜਿੱਤੀ ਤੇ 400 ਮੀਟਰ ਦੀ ਦੌੜ ਮਿਲਖਾ ਸਿੰਘ ਨੇ। 200 ਮੀਟਰ ਦੌੜ ਦਾ ਮੁਕਾਬਲਾ ਦੋਹਾਂ ਦੌੜਾਕਾਂ ਤੇ ਦੋਹਾਂ ਦੇਸ਼ਾਂ ਵਿਚਕਾਰ ਮੁੱਛ ਦਾ ਸਵਾਲ ਸੀ।
ਮਿਲਖਾ ਸਿੰਘ ਉਸ ਦੌੜ ਨੂੰ ਆਪਣੀ ਸਿਰੇ ਦੀ ਦੌੜ ਮੰਨਦਾ ਸੀ ਜੋ ‘ਭਾਗ ਮਿਲਖਾ ਭਾਗ’ ਫਿਲਮ ਵਿੱਚ ਫਿਲਮਾਈ ਗਈ। ਅਬਦੁੱਲ ਖ਼ਾਲਿਕ ਆਪਣੇ ਦੇਸ਼ ਵਿੱਚ ਲੱਗ ਰਹੀ ਇਸ ਦੌੜ ਨੂੰ ਹਰ ਹੀਲੇ ਜਿੱਤਣਾ ਚਾਹੁੰਦਾ ਸੀ, ਪਰ ਮਿਲਖਾ ਸਿੰਘ ਨੇ ਇਹ ਦੌੜ ਏਨੇ ਜੋਸ਼ ਨਾਲ ਲਾਈ ਕਿ ਅਬਦੁੱਲ ਖ਼ਾਲਿਕ ਨੂੰ ਦਸ ਮੀਟਰ ਪਿੱਛੇ ਛੱਡ ਗਿਆ। ਅਨਾਊਂਸਰ ਨੇ ਕਿਹਾ ਕਿ ਮਿਲਖਾ ਸਿੰਘ ਨੇ ਇਹ ਦੌੜ, ਦੌੜ ਕੇ ਨਹੀਂ ਉੁੱਡ ਕੇ ਲਾਈ ਹੈ। ਪਾਕਿਸਤਾਨ ਦਾ ਸਦਰ ਜਨਰਲ ਅਯੂਬ ਖਾਂ ਵੀ ਉਸ ਵੇਲੇ ਸਟੇਡੀਅਮ ’ਚ ਹਾਜ਼ਰ ਸੀ। ਉਸ ਨੇ ਮਿਲਖਾ ਸਿੰਘ ਨੂੰ ਮੈਡਲ ਪਹਿਨਾਉਂਦਿਆਂ ਉਸ ਨੂੰ ‘ਫਲਾਈਂਗ ਸਿੱਖ’ ਕਿਹਾ ਜੋ ਹਮੇਸ਼ਾਂ ਲਈ ਮਿਲਖਾ ਸਿੰਘ ਦੇ ਨਾਂ ਨਾਲ ਜੁੜ ਗਿਆ।
ਅਬਦੁੱਲ ਖ਼ਾਲਿਕ ਨੇ 1948 ਤੋਂ 1978 ਤੱਕ ਪਾਕਿਸਤਾਨ ਦੀ ਫੌਜ ’ਚ ਨੌਕਰੀ ਕੀਤੀ ਤੇ ਸੂਬੇਦਾਰ ਬਣ ਕੇ ਰਿਟਾਇਰ ਹੋਇਆ। ਉਹ 1965-68 ਤੇ 1970-1971 ਦੌਰਾਨ ਪਾਕਿਸਤਾਨ ਦੀ ਫੌਜ ਅਤੇ ਪੰਜਾਬ ਦੇ ਖੇਡ ਮਹਿਕਮੇ ਵਿੱਚ ਕੋਚਿੰਗ ਦਿੰਦਾ ਰਿਹਾ। 1974 ਤੋਂ 1978 ਤੱਕ ਉਹ ਨੈਸ਼ਨਲ ਕੋਚ ਰਿਹਾ। ਉਸ ਨੇ ਪਾਕਿਸਤਾਨ ਦੀ ਫੌਜ ਵੱਲੋਂ 1965 ਤੇ 1971 ਦੀਆਂ ਜੰਗਾਂ ਲੜੀਆਂ। ਬੰਗਲਾ ਦੇਸ਼ ਦੀ ਲੜਾਈ ਵਿੱਚ ਉਹ ਭਾਰਤ ਦਾ ਜੰਗੀ ਕੈਦੀ ਬਣਿਆ। ਪਹਿਲਾਂ ਗਵਾਲੀਅਰ ਦੀ ਜੇਲ੍ਹ ’ਚ ਰਿਹਾ, ਫਿਰ ਮੇਰਠ ਦੀ ਜੇਲ੍ਹ ਵਿੱਚ। ਭਾਰਤ ਸਰਕਾਰ ਨੇ ਉਸ ਦੀਆਂ ਖੇਡ ਪ੍ਰਾਪਤੀਆਂ ਕਰਕੇ ਰਿਹਾਅ ਕਰਨਾ ਚਾਹਿਆ, ਪਰ ਅਬਦੁੱਲ ਖ਼ਾਲਿਕ ਨੇ ਕਿਹਾ ਕਿ ਉਹ ਬਾਕੀ ਕੈਦੀਆਂ ਨਾਲ ਹੀ ਰਿਹਾ ਹੋਵੇਗਾ। ਉਸ ਨੇ ਮਿਲਖਾ ਸਿੰਘ, ਪ੍ਰਦੁੱਮਣ ਸਿੰਘ ਤੇ ਗੁਰਬਚਨ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਮਿਲਖਾ ਸਿੰਘ ਤੇ ਗੁਰਬਚਨ ਸਿੰਘ ਤਾਂ ਮਿਲ ਗਏ, ਪਰ ਪ੍ਰਦੁੱਮਣ ਸਿੰਘ ਫੌਜ ਵਿੱਚ ਹੋਣ ਕਾਰਨ ਖ਼ਾਲਿਕ ਨੂੰ ਮਿਲ ਨਾ ਸਕਿਆ ਜਿਸ ਦਾ ਉਸ ਨੂੰ ਮਰਦੇ ਦਮ ਤੱਕ ਮਲਾਲ ਰਿਹਾ।
ਅਬਦੁੱਲ ਖ਼ਾਲਿਕ ਦਾ ਛੋਟਾ ਭਰਾ ਅਬਦੁੱਲ ਮਲਿਕ ਵੀ ਨਾਮੀ ਅਥਲੀਟ ਰਿਹਾ। ਖ਼ਾਲਿਕ ਦੇ ਚਾਰ ਪੁੱਤਰ ਹੋਏ। ਵੱਡਾ ਗੁਲਾਮ ਅੱਬਾਸ ਤੇ ਉਸ ਤੋਂ ਛੋਟਾ ਮੁਹੰਮਦ ਅਸ਼ਫਾਕ ਪਾਕਿਸਤਾਨ ਦੀ ਫੌਜ ’ਚ ਨੌਕਰੀ ਕਰਦੇ ਰਹੇ। ਤੀਜਾ ਪੁੱਤਰ ਮੁਹੰਮਦ ਏਜਾਜ਼ ਪਾਕਿਸਤਾਨ ਸਪੋਰਟਸ ਬੋਰਡ ਵਿੱਚ ਕੋਚ ਰਿਹਾ ਤੇ ਸਭ ਤੋਂ ਛੋਟਾ ਪਿੰਡ ਦੇ ਸਕੂਲ ਵਿੱਚ ਪੀਟੀ ਮਾਸਟਰ ਰਿਹਾ। ਅਬਦੁੱਲ ਖ਼ਾਲਿਕ 10 ਮਾਰਚ 1988 ਨੂੰ ਰਾਵਲਪਿੰਡੀ ਵਿੱਚ ਫੌਤ ਹੋਇਆ। ਪਾਕਿਸਤਾਨ ਦੇ ਇਸ ਮਹਾਨ ਅਥਲੀਟ ਨੂੰ ‘ਪ੍ਰਾਈਡ ਆਫ ਪਾਕਿਸਤਾਨ’ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ ਅਤੇ ਉਸ ਦਾ ਸਟੈਚੂ ਰਾਵਲਪਿੰਡੀ ਦੇ ਅਯੂਬ ਪਾਰਕ ਵਿੱਚ ਸਥਾਪਿਤ ਕੀਤਾ ਗਿਆ।
ਈ-ਮੇਲ: principalsarwansingh@gmail.com

Advertisement
Author Image

Balwinder Kaur

View all posts

Advertisement