For the best experience, open
https://m.punjabitribuneonline.com
on your mobile browser.
Advertisement

ਏਸ਼ਿਆਈ ਖੇਡਾਂ ਦਾ ਜੇਤੂ ਅਥਲੀਟ ਹਾਕਮ ਸਿੰਘ ਭੱਠਲ

09:05 AM Mar 02, 2024 IST
ਏਸ਼ਿਆਈ ਖੇਡਾਂ ਦਾ ਜੇਤੂ ਅਥਲੀਟ ਹਾਕਮ ਸਿੰਘ ਭੱਠਲ
ਹਾਕਮ ਸਿੰਘ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਪਾਟਿਲ ਕੋਲੋਂ ਧਿਆਨ ਚੰਦ ਲਾਈਫਟਾਈਮ ਅਚੀਵਮੈਂਟ ਐਵਾਰਡ ਪ੍ਰਾਪਤ ਕਰਦੇ ਹੋਏ
Advertisement

ਹਰਜੀਤ ਸਿੰਘ ਜੋਗਾ

Advertisement

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਖੇ ਹੋਈਆਂ 1978 ਦੀਆਂ 9ਵੀਆਂ ਏਸ਼ਿਆਈ ਖੇਡਾਂ ਤੇ 1979 ਵਿੱਚ ਜਪਾਨ ਦੀ ਰਾਜਧਾਨੀ ਟੋਕੀਓ ਵਿਚ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤਣ ਵਾਲਾ ਹਾਕਮ ਸਿੰਘ ਇੱਕ ਅਜਿਹਾ ਅਥਲੀਟ ਸੀ ਜਿਹੜਾ ਸੁਨਹਿਰੀ ਪ੍ਰਾਪਤੀਆਂ ਕਰਨ ਦੇ ਬਾਵਜੂਦ ਗੁੰਮਨਾਮੀ ਤੇ ਮਾੜੇ ਆਰਥਿਕ ਹਾਲਾਤ ਨਾਲ ਜੂਝਦਿਆਂ ਹੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਬਿਨਾਂ ਸ਼ੱਕ ਉਹ ਇੱਕ ਅਜਿਹਾ ਚੈਂਪੀਅਨ ਸੀ ਜਿਸ ਨੂੰ ਉਸ ਦੀਆਂ ਖੇਡ ਪ੍ਰਾਪਤੀਆਂ ਬਦਲੇ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਗਿਆ। ਜਿੰਨੀ ਛੇਤੀ ਉਹ ਏਸ਼ੀਆ ਦੇ ਖੇਡ ਨਕਸ਼ੇ ’ਤੇ ਉੱਭਰਿਆ ਸੀ, ਓਨੀ ਛੇਤੀ ਹੀ ਉਹ ਇੱਕ ਟੁੱਟੇ ਹੋਏ ਤਾਰੇ ਵਾਂਗ ਖੇਡ ਅੰਬਰ ’ਚੋਂ ਅਲੋਪ ਹੋ ਗਿਆ। ਜ਼ਿੰਦਗੀ ਦੇ ਆਖਰੀ ਪੜਾਅ ਤੱਕ ਉਸ ਨੂੰ ਇਸ ਗੱਲ ਦਾ ਝੋਰਾ ਵੱਢ-ਵੱਢ ਖਾਂਦਾ ਰਿਹਾ ਕਿ ਦੇਸ਼ ਵਾਸੀਆਂ, ਸਰਕਾਰਾਂ ਤੇ ਮੀਡੀਆ ਨੇ ਉਸ ਦੀਆਂ ਪ੍ਰਾਪਤੀਆਂ ਦਾ ਕੌਡੀ ਮੁੱਲ ਨਹੀਂ ਪਾਇਆ।
ਹਾਕਮ ਸਿੰਘ ਭੱਠਲ ਦਾ ਜਨਮ ਪਿਤਾ ਮੁਖਤਿਆਰ ਸਿੰਘ ਅਤੇ ਮਾਤਾ ਗੁਰਦੇਵ ਕੌਰ ਦੇ ਘਰ 18 ਅਗਸਤ 1954 ਨੂੰ ਪਿੰਡ ਭੱਠਲਾਂ ਜ਼ਿਲ੍ਹਾ ਬਰਨਾਲਾ (ਪੁਰਾਣਾ ਜ਼ਿਲ੍ਹਾ ਸੰਗਰੂਰ) ਵਿਖੇ ਇੱਕ ਸਾਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ। ਉਹ 8 ਭੈਣ-ਭਰਾ (ਦੋ ਭਰਾ ਤੇ 6 ਭੈਣਾਂ) ਸਨ। ਹਾਕਮ ਸਿੰਘ ਭੱਠਲ ਦੀ ਦਿੱਖ ਕਾਫ਼ੀ ਪ੍ਰਭਾਵਸ਼ਾਲੀ ਸੀ। ਉਹ ਆਪਣੀ ਦਾੜ੍ਹੀ ਤੇ ਮੁੱਛਾਂ ਨੂੰ ਚੰਗੀ ਤਰ੍ਹਾਂ ਕੁਤਰ ਕੇ ਇੱਕ ਖ਼ਾਸ ਆਕਾਰ ਵਿੱਚ ਰੱਖਦਾ ਸੀ। ਪੋਚਵੀਂ ਪੱਗ ਉਸ ਦੇ ਚਿਹਰੇ ’ਤੇ ਹੋਰ ਚਾਰ ਚੰਨ ਲਗਾਉਂਦੀ ਸੀ। ਖੇਡਣ ਸਮੇਂ ਉਸ ਦਾ ਭਾਰ ਲਗਭਗ 60 ਕਿਲੋਗ੍ਰਾਮ ਸੀ। ਉਹ ਬੜੇ ਦ੍ਰਿੜ ਇਰਾਦੇ ਵਾਲਾ ਸੀ। ਉਸ ਵਰਗੀ ਦ੍ਰਿੜਤਾ ਤੇ ਸਮਰੱਥਾ ਬੜੇ ਘੱਟ ਖਿਡਾਰੀਆਂ ਵਿੱਚ ਵੇਖਣ ਨੂੰ ਮਿਲਦੀ ਹੈ।
ਹਾਕਮ ਸਿੰਘ ਦੇ ਪਿਤਾ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ। ਇਸ ਲਈ ਉਹ ਚਾਹੁੰਦੇ ਸਨ ਕਿ ਹਾਕਮ ਵਧੀਆ ਪੜ੍ਹ ਲਿਖ ਕੇ ਪਰਿਵਾਰ ਦਾ ਸਹਾਰਾ ਬਣੇ ਪਰ ਹਾਕਮ ਸਿੰਘ ਸਕੂਲ ਜਾਣ ਤੋਂ ਕੰਨੀਂ ਕਤਰਾਉਣ ਲੱਗਿਆ ਤੇ ਛੇਵੀਂ ਜਮਾਤ ਤੋਂ ਬਾਅਦ ਹੀ ਉਸ ਨੇ ਪੜ੍ਹਾਈ ਛੱਡ ਖੇਤੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਲੱਗਦਾ ਸੀ ਕਿ ਸਕੂਲ ਵਿਚਲੇ ਘੁਟਣ ਭਰੇ ਮਾਹੌਲ ਤੋਂ ਖੇਤੀਬਾੜੀ ਦਾ ਕੰਮ ਕਰਨਾ ਸੌਖਾ ਹੈ। ਜਦੋਂ ਹਾਕਮ ਸਿੰਘ ਨੇ ਸਕੂਲ ਛੱਡਿਆ ਸੀ ਤਾਂ ਉਸ ਦੇ ਪਿਤਾ ਨੂੰ ਲਗਦਾ ਸੀ ਕਿ ਉਹ ਖੇਤੀ ਦਾ ਕਠਿਨ ਕੰਮ ਬਹੁਤਾ ਚਿਰ ਨਹੀਂ ਕਰ ਸਕੇਗਾ ਤੇ ਛੇਤੀ ਹੀ ਮੁੜ ਸਕੂਲ ਜਾਣਾ ਸ਼ੁਰੂ ਕਰ ਦੇਵੇਗਾ ਪਰ ਅਜਿਹਾ ਨਹੀਂ ਹੋਇਆ। ਉਸ ਨੂੰ ਸਕੂਲ ਜਾਣ ਨਾਲੋਂ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਣ ਦਾ ਕੰਮ ਘੱਟ ਔਖਾ ਲੱਗਿਆ।
ਉਹ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿੱਚ ਲਗਾਤਾਰ ਕੰਮ ਕਰਦਾ ਰਹਿੰਦਾ। ਗਰਮੀ ਤੇ ਹੁੰਮਸ ਭਰੇ ਦਿਨਾਂ ਵਿੱਚ ਉੱਚੀਆਂ-ਲੰਮੀਆਂ ਫ਼ਸਲਾਂ ਵਿੱਚ ਸਾਰਾ-ਸਾਰਾ ਦਿਨ ਬੈਠ ਕੇ ਨਦੀਨ ਕੱਢਦੇ ਰਹਿਣ ਕਾਰਨ ਉਸ ਦੀ ਚਮੜੀ ਛਿੱਲੀ ਜਾਂਦੀ। ਉਹ ਕੁਝ ਪਲ ਸਾਹ ਲੈਣ ਖੇਤ ਦੇ ਬੰਨ੍ਹੇ ਬੈਠ ਹਵਾ ਦੇ ਠੰਢੇ ਬੁੱਲੇ ਆਉਣ ਅਤੇ ਆਸਮਾਨ ਵਿੱਚ ਬੱਦਲਾਂ ਦੀ ਉਡੀਕ ਕਰਦਾ ਪਰ ਉਸ ਦੀ ਇਹ ਇੱਛਾ ਪੂਰੀ ਨਾ ਹੁੰਦੀ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਭਾਦੋਂ ਦੇ ਸਤਾਏ ਜੱਟ ਸਾਧ ਹੋ ਜਾਂਦੇ ਨੇ। ਹਾਕਮ ਸਿੰਘ ਨਾਲ ਵੀ ਬਿਲਕੁਲ ਇਸੇ ਤਰ੍ਹਾਂ ਹੋਇਆ। ਖੇਤੀ ਦੇ ਕੰਮ ਤੋਂ ਤੰਗ ਆ ਕੇ ਆਖਿਰ ਉਸ ਨੇ ਫ਼ੈਸਲਾ ਕਰ ਲਿਆ ਕਿ ਉਹ ਫ਼ੌਜ ਵਿੱਚ ਭਰਤੀ ਹੋਵੇਗਾ। ਉਸ ਦੇ ਪਿਤਾ ਨੇ ਉਸ ਨੂੰ ਫ਼ੌਜ ਦੀ ਨੌਕਰੀ ਦੀਆਂ ਮੁਸ਼ਕਿਲਾਂ ਦੱਸਦੇ ਹੋਏ ਇਸ ਤੋਂ ਵਰਜਣ ਦੀ ਕੋਸ਼ਿਸ਼ ਕੀਤੀ ਪਰ ਹਾਕਮ ਦਾ ਇਰਾਦਾ ਸਪੱਸ਼ਟ ਸੀ। 1972 ਵਿੱਚ ਉਹ 6 ਸਿੱਖ ਰੈਜੀਮੈਂਟ ਵਿੱਚ ਸਿਪਾਹੀ ਵਜੋਂ ਜਾ ਭਰਤੀ ਹੋਇਆ। ਮੇਰਠ ਵਿੱਚ ਸਿਖਲਾਈ ਦੌਰਾਨ ਉਸ ਨੂੰ ਫ਼ੌਜੀ ਅਧਿਕਾਰੀਆਂ ਦੀ ਰੈਗਿੰਗ ਤੇ ਜ਼ਲਾਲਤ ਵੀ ਸਹਿਣ ਕਰਨੀ ਪਈ। ਉਹ ਫ਼ੌਜ ਦੇ ਸਖ਼ਤ ਅਨੁਸ਼ਾਸਨ ਤੋਂ ਉਕਤਾ ਗਿਆ ਤੇ ਸਿਖਲਾਈ ਅਧਵਾਟੇ ਛੱਡ ਕੇ ਭੱਜ ਜਾਣਾ ਚਾਹੁੰਦਾ ਪਰ ਹੁਣ ਜਾ ਕਿੱਥੇ ਸਕਦਾ ਸੀ। ਜਿਹੜਾ ਖੇਤੀਬਾੜੀ ਦਾ ਕੰਮ ਛੱਡ ਕੇ ਉਹ ਫ਼ੌਜ ਵਿੱਚ ਭਰਤੀ ਹੋਣ ਆਇਆ ਸੀ ਉਹ ਇਸ ਫ਼ੌਜੀ ਸਿਖਲਾਈ ਤੋਂ ਵੀ ਔਖਾ ਸੀ। ਉਹ ਚਾਰ ਸਾਲ ਤੱਕ ਫ਼ੌਜੀ ਜੀਵਨ ਦੀਆਂ ਸਖ਼ਤੀਆਂ ਸਹਿਣ ਕਰਦਾ ਰਿਹਾ। ਫਿਰ ਉਸ ਨੂੰ ਮੇਰਠ ਤੋਂ ਮੱਧ ਪ੍ਰਦੇਸ਼ ਦੇ ਦਹਾਨਾ ਨਗਰ ਭੇਜ ਦਿੱਤਾ ਗਿਆ।
ਕਿਸੇ ਵੇਲੇ ਫ਼ੌਜੀ ਸਿਖਲਾਈ ਅਧਵਾਟੇ ਛੱਡ ਕੇ ਭੱਜਣ ਦੀ ਇੱਛਾ ਰੱਖਣ ਵਾਲੇ ਹਾਕਮ ਨੇ ਇੱਥੇ ਆ ਕੇ ‘ਭੱਜਣ’ ਨੂੰ ਹੀ ਆਪਣਾ ਕਰੀਅਰ ਬਣਾਉਣ ਦਾ ਫ਼ੈਸਲਾ ਕੀਤਾ। ਉਸ ਦਾ ਪੈਦਲ ਚਾਲ ਖੇਡ ਵੱਲ ਆਉਣ ਦਾ ਸਬੱਬ ਵੀ ਇੱਥੇ ਹੀ ਬਣਿਆ। ਇੱਥੇ ਉਸ ਦੀ ਮੁਲਾਕਾਤ ਫ਼ੌਜ ਦੇ ਮੈਰਾਥਨ ਵਾਕਰ ਬਲਦੇਵ ਸਿੰਘ ਨਾਲ ਹੋਈ। ਬਲਦੇਵ ਸਿੰਘ ਦੀ ਪ੍ਰੇਰਨਾ ਨਾਲ ਹਾਕਮ ਸਿੰਘ ਨੇ ਵੀ ਪੈਦਲ ਚਾਲਕ (ਵਾਕਰ) ਬਣਨ ਦਾ ਫ਼ੈਸਲਾ ਕੀਤਾ ਤੇ ਲਗਾਤਾਰ ਅਭਿਆਸ ਵਿੱਚ ਜੁਟ ਗਿਆ। ਕੋਚ ਗੁਰਦੀਪ ਸਿੰਘ ਬਰਾੜ ਨੇ ਉਸ ਨੂੰ ਇਸ ਖੇਡ ਦੇ ਮੁੱਢਲੇ ਗੁਰ ਸਿਖਾ ਪੈਦਲ ਚਾਲ ਮੁਕਾਬਲਿਆਂ ਲਈ ਤਿਆਰ ਕੀਤਾ। ਲਗਾਤਾਰ ਸਿਖਲਾਈ ਤੇ ਅਭਿਆਸ ਨਾਲ ਉਸ ਨੇ ਫ਼ੌਜ ਦੀਆਂ ਵੱਖ-ਵੱਖ ਰੈਜੀਮੈਂਟਾਂ ਦੇ ਕਰਵਾਏ ਜਾਂਦੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਗਯਾ (ਬਿਹਾਰ) ਵਿਖੇ ਹੋਏ 20 ਕਿਲੋਮੀਟਰ ਪੈਦਲ ਚਾਲ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਹੀ ਉਸ ਨੇ ਦੂਸਰਾ ਸਥਾਨ ਹਾਸਲ ਕਰ ਲਿਆ ਸੀ। ਬਰੇਲੀ ਵਿਖੇ ਹੋਏ ਦੂਸਰੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਉਹ ਆਪਣੀ ਰੈਜੀਮੈਂਟ ਦਾ ਚੈਂਪੀਅਨ ਬਣ ਗਿਆ ਸੀ। ਉਸ ਤੋਂ ਬਾਅਦ ਪੈਰ ਵਿੱਚ ਨੁਕਸ ਪੈਣ ਕਾਰਨ ਉਹ ਆਲ ਇੰਡੀਆ ਪੁਲੀਸ ਮਕਾਬਲਿਆਂ ਵਿੱਚ ਚੌਥੇ ਸਥਾਨ ’ਤੇ ਰਿਹਾ। ਮਈ 1978 ਵਿੱਚ ਜਲੰਧਰ ਵਿਖੇ ਹੋਈ ਆਲ ਇੰਡੀਆ ਓਪਨ ਅਥਲੈਟਿਕ ਮੀਟ ਵਿੱਚ ਹਾਕਮ ਸਿੰਘ ਨੇ ਪੂਰੇ ਭਾਰਤ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਸੀ।
1978 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਲਈ ਜਾਣ ਵਾਲੀ ਭਾਰਤੀ ਅਥਲੈਟਿਕ ਟੀਮ ਦਾ ਕੈਂਪ ਐੱਨ.ਆਈ.ਐੱਸ. ਪਟਿਆਲਾ ਵਿਖੇ ਲੱਗਣਾ ਸੀ। ਹਾਕਮ ਨੂੰ ਵੀ ਕੈਂਪ ਲਈ ਚੁਣਿਆ ਗਿਆ। ਉਸ ਨੇ ਕੈਂਪ ਵਿੱਚ ਖੂਬ ਪਸੀਨਾ ਵਹਾਇਆ। ਏਸ਼ਿਆਈ ਖੇਡਾਂ ਦੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਲਈ ਸਟੈਂਡਰਡ ਟਾਈਮ 1 ਘੰਟਾ, 44 ਮਿੰਟ ਤੇ 17 ਸੈਕਿੰਡ ਦਾ ਸੀ। ਉਸ ਨੇ 1 ਘੰਟਾ, 40 ਮਿੰਟ ਤੇ 41 ਸੈਕਿੰਡ ਦਾ ਸਮਾਂ ਕੱਢ ਕੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕੀਤਾ ਸੀ। ਬੈਂਕਾਕ ਏਸ਼ਿਆਈ ਖੇਡਾਂ ਵਿੱਚ ਹੋਏ ਮੁਕਾਬਲੇ ਵਿੱਚ ਜਦੋਂ ਉਸ ਨੇ 1 ਘੰਟਾ, 31 ਮਿੰਟ 54.9 ਸੈਕਿੰਡ ਦਾ ਸਮਾਂ ਕੱਢ ਕੇ ਸੋਨ ਤਗ਼ਮਾ ਜਿੱਤਿਆ ਤਾਂ ਖੇਡ ਮਾਹਿਰ ਹੈਰਾਨ ਰਹਿ ਗਏ ਕਿ ਉਸ ਨੇ ਆਪਣੇ ਕੁਆਲੀਫਾਈ ਸਮੇਂ ਤੋਂ 9 ਮਿੰਟ ਘੱਟ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ ਹੈ ਤੇ ਉਹ ਵੀ ਸਿਰਫ਼ ਇੱਕ ਮਹੀਨੇ ਦੇ ਅਭਿਆਸ ਨਾਲ। ਉਸ ਸਮੇਂ ਇਸ ਮੁਕਾਬਲੇ ਦਾ ਵਿਸ਼ਵ ਰਿਕਾਰਡ 1 ਘੰਟਾ, 24 ਮਿੰਟ ਤੇ 40.6 ਸੈਕਿੰਡ ਦਾ ਸੀ। ਖੇਡ ਮਾਹਿਰਾਂ ਵਿੱਚ ਚਰਚਾ ਸੀ ਕਿ ਉਹ ਵਿਸ਼ਵ ਰਿਕਾਰਡ ਵੀ ਬਣਾ ਸਕਦਾ ਸੀ ਪਰ ਹਾਕਮ ਸਿੰਘ ਨੂੰ ਉਸ ਸਮੇਂ ਨਾ ਤਾਂ ਇਸ ਮੁਕਾਬਲੇ ਦੇ ਏਸ਼ਿਆਈ ਰਿਕਾਰਡ ਧਾਰਕ ਬਾਰੇ ਕੋਈ ਜਾਣਕਾਰੀ ਸੀ ਤੇ ਨਾ ਹੀ ਵਿਸ਼ਵ ਰਿਕਾਰਡ ਬਣਾਉਣ ਵਾਲੇ ਬਾਰੇ ਕੋਈ ਗਿਆਨ। ਇੰਨਾ ਹੀ ਨਹੀਂ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਇੱਕ ਪੰਜਾਬੀ ਵਾਕਰ ਜ਼ੋਰਾ ਸਿੰਘ ਨੇ 1960 ਵਿੱਚ 50 ਕਿਲੋਮੀਟਰ ਪੈਦਲ ਚਾਲ ਵਿੱਚ ਵਿਸ਼ਵ ਰਿਕਾਰਡ ਬਣਾਇਆ ਸੀ।
ਹਾਕਮ ਸਿੰਘ ਦੇ ਬੈਂਕਾਕ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਨ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਜਦੋਂ 20 ਕਿਲੋਮੀਟਰ ਪੈਦਲ ਚਾਲ ਦਾ ਮੁਕਾਬਲਾ ਆਰੰਭ ਹੋਇਆ ਤਾਂ ਮਲੇਸ਼ੀਆ ਦਾ ਖਿਡਾਰੀ ਸੁਬਰਾਮਨੀਅਮ ਵੇਲਾਸਾਮੀ ਉਸ ਤੋਂ ਅੱਗੇ ਨਿਕਲ ਗਿਆ। ਤਾਂ ਉਸ ਨੇ ਵੀ ਜੋਸ਼ ਤੇ ਤੇਜ਼ ਰਫ਼ਤਾਰ ਨਾਲ ਚੱਲਦਿਆਂ ਆਪਣੇ ਵਿਰੋਧੀ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਕਦੇ ਹਾਕਮ ਅੱਗੇ ਤੇ ਕਦੇ ਵੇਲਾਸਾਮੀ। ਬਾਕੀ ਖਿਡਾਰੀ ਬਹੁਤ ਪਿੱਛੇ ਰਹਿ ਗਏ ਸਨ। ਮਲੇਸ਼ੀਆ ਦੇ ਖਿਡਾਰੀ ਨੇ ਜਿੱਤਣ ਲਈ ਪੂਰਾ ਤਾਣ ਲਾ ਰੱਖਿਆ ਸੀ ਤੇ ਸੋਨ ਤਗ਼ਮਾ ਉਸ ਨੂੰ ਆਪਣੀ ਮੁੱਠੀ ਵਿੱਚ ਹੀ ਜਾਪ ਰਿਹਾ ਸੀ। ਜਦੋਂ ਆਖਰੀ 200 ਮੀਟਰ ਚਾਲ ਬਾਕੀ ਸੀ ਤਾਂ ਮਲੇਸ਼ੀਆ ਦਾ ਖਿਡਾਰੀ ਹਾਕਮ ਸਿੰਘ ਤੋਂ 10 ਮੀਟਰ ਅੱਗੇ ਚੱਲ ਰਿਹਾ ਸੀ। ਹਾਕਮ ਸਿੰਘ ਦੇ ਜ਼ਿਆਦਾ ਜ਼ੋਰ ਲਗਾਉਣ ਕਾਰਨ ਉਸ ਦੀ ਹਾਲਤ ਖ਼ਰਾਬ ਹੋ ਰਹੀ ਸੀ, ਉਸ ਨੂੰ ਉਲਟੀਆਂ ਆ ਰਹੀਆਂ ਸਨ ਤੇ ਲੱਗ ਰਿਹਾ ਸੀ ਕਿ ਉਹ ਆਪਣੀ ਦੌੜ ਪੂਰੀ ਨਹੀਂ ਕਰ ਸਕੇਗਾ। ਆਖਰੀ ਸੌ ਮੀਟਰ ਦੌੜ ਅਜੇ ਬਾਕੀ ਸੀ। ਹਾਕਮ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਭਾਵੇਂ ਕੁਝ ਵੀ ਹੋ ਜਾਵੇ ਪਰ ਸੋਨ ਤਗ਼ਮਾ ਹੱਥੋਂ ਨਹੀਂ ਜਾਣ ਦੇਣਾ। ਉਸ ਨੇ ਆਪਣੇ ਦਰਦਾਂ ਨੂੰ ਭੁਲਾ ਕੇ ਪੂਰੀ ਤਾਕਤ ਤੇ ਦ੍ਰਿੜਤਾ ਨਾਲ ਅੱਗੇ ਵਧਣਾ ਸ਼ੁਰੂ ਕੀਤਾ। ਆਖਰੀ ਦਸ ਮੀਟਰ ਚਾਲ ਬਾਕੀ ਰਹਿੰਦੇ ਤੱਕ ਹਾਕਮ ਨੇ ਆਪਣੇ ਵਿਰੋਧੀ ਖਿਡਾਰੀ ਦੇ ਬਰਾਬਰ ਚਲਣਾ ਸ਼ੁਰੂ ਕਰ ਦਿੱਤਾ। ਹਾਕਮ ਨੇ ਆਪਣਾ ਆਖਰੀ ਦਮ ਮਾਰਦਿਆਂ ਮੁਕਾਬਲੇ ਦੇ ਅਖੀਰਲੇ ਪੜਾਅ ’ਤੇ ਵੇਲਾਸਾਮੀ ਤੋਂ ਅੱਗੇ ਵਧ ਕੇ ਸਭ ਤੋਂ ਪਹਿਲਾਂ ਫਿਨਿਸ਼ ਲਾਈਨ ਨੂੰ ਪਾਰ ਕਰ ਲਿਆ। ਪੂਰਾ ਸਟੇਡੀਅਮ ਤਾੜੀਆਂ ਤੇ ਕਿਲਕਾਰੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਇਸ ਰੌਲੇ-ਰੱਪੇ ਵਿੱਚ ਹਾਕਮ ਸਿੰਘ ਬੇਹੋਸ਼ ਹੋ ਕੇ ਟਰੈਕ ’ਤੇ ਹੀ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਉਸ ਨੂੰ ਅਜੇ ਤੱਕ ਇਹ ਨਹੀਂ ਸੀ ਪਤਾ ਕਿ ਮੁਕਾਬਲੇ ਦਾ ਨਤੀਜਾ ਕੀ ਨਿਕਲਿਆ ਹੈ। ਵੀਹ-ਪੱਚੀ ਮਿੰਟਾਂ ਬਾਅਦ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਹਸਪਤਾਲ ਦੇ ਬੈੱਡ ’ਤੇ ਲੇਟਿਆ ਹੋਇਆ ਹੈ। ਹੋਸ਼ ਆਉਣ ’ਤੇ ਸਭ ਤੋਂ ਪਹਿਲਾਂ ਨਰਸਾਂ ਨੇ ਉਸ ਨੂੰ ਵਧਾਈ ਦਿੱਤੀ ਤਾਂ ਜਾ ਕੇ ਉਸ ਨੂੰ ਪਤਾ ਲੱਗਿਆ ਕਿ ਉਸ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਉਸ ਤੋਂ ਬਾਅਦ ਹਾਕਮ ਸਿੰਘ ਦੇ ਸਾਥੀਆਂ ਨੇ ਉਸ ਨੂੰ ਮੋਢਿਆਂ ’ਤੇ ਚੁੱਕ ਕੇ ਜਸ਼ਨ ਮਨਾਏ। ਇਸ ਤਰ੍ਹਾਂ ਭੱਠਲਾਂ ਪਿੰਡ ਦਾ ਇਹ ਸਿਰੜੀ ਨੌਜਵਾਨ ਸੋਨ ਤਗ਼ਮਾ ਜਿੱਤ ਕੇ ਏਸ਼ਿਆਈ ਖੇਡਾਂ ’ਚ 20 ਕਿਲੋਮੀਟਰ ਪੈਦਲ ਚਾਲ ਦਾ ਚੈਂਪੀਅਨ ਬਣ ਗਿਆ। ਇਸ ਮੁਕਾਬਲੇ ਵਿੱਚ ਮਲੇਸ਼ੀਆ ਦੇ ਸੁਬਰਾਮਨੀਅਮ ਵੇਲਾਸਾਮੀ ਨੇ ਦੂਜਾ ਤੇ ਮਲੇਸ਼ੀਆ ਦੇ ਹੀ ਚੇਂਗ ਵੇਂਗ ਨੇ ਤੀਜਾ ਸਥਾਨ ਹਾਸਲ ਕੀਤਾ ਸੀ।
ਏਸ਼ਿਆਈ ਚੈਂਪੀਅਨ ਬਣਨ ਤੋਂ ਪਹਿਲਾਂ ਹਾਕਮ ਸਿੰਘ ਦੀ ਦੁਨੀਆ ਆਪਣੇ ਪਿੰਡ ਭੱਠਲਾਂ ਦੀ ਜੂਹ, ਫ਼ੌਜ ਦੀਆਂ ਬੈਰਕਾਂ, ਸਿਖਲਾਈ ਕੈਂਪਾਂ ਤੇ ਟਰੈਕ ਤੱਕ ਹੀ ਸੀਮਤ ਸੀ। ਉਸ ਦਾ ਬਾਕੀ ਦੁਨੀਆ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਏਸ਼ਿਆਈ ਚੈਂਪੀਅਨ ਬਣਨ ਤੋਂ ਬਾਅਦ ਉਸ ਨੂੰ ਤਰੱਕੀ ਦੇ ਕੇ ਸਿਪਾਹੀ ਤੋਂ ਹੌਲਦਾਰ ਬਣਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਉਸ ਦਾ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਨਾਲ ਸਨਮਾਨ ਕਰਦਿਆਂ 5100 ਰੁਪਏ ਦੀ ਨਕਦ ਰਾਸ਼ੀ ਦਿੱਤੀ। ਇਸ ਮਾਣ ਸਨਮਾਨ ਨਾਲ ਉਸ ਦਾ ਹੌਸਲਾ ਹੋਰ ਵੀ ਵਧ ਗਿਆ ਤੇ ਉਸ ਨੇ ਹੋਰ ਸਖ਼ਤ ਮਿਹਨਤ ਨਾਲ ਅਭਿਆਸ ਕਰਨਾ ਜਾਰੀ ਰੱਖਿਆ। 1979 ਵਿੱਚ ਟੋਕੀਓ ਵਿਖੇ ਹੋਣ ਵਾਲੀ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਹਾਕਮ ਸਿੰਘ ਦੀ ਵੀ ਚੋਣ ਹੋਈ। ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਅਥਲੀਟਾਂ ਨੇ ਸਿਰਫ਼ 2 ਸੋਨ ਤਗ਼ਮੇ ਜਿੱਤੇ ਸਨ, ਜਿਸ ਵਿੱਚੋਂ ਇੱਕ ਸੋਨ ਤਗ਼ਮਾ ਹਾਕਮ ਸਿੰਘ ਦੇ ਹਿੱਸੇ ਆਇਆ ਸੀ। ਉਸ ਨੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ 1 ਘੰਟਾ, 35 ਮਿੰਟ ਤੇ 40 ਸੈਕਿੰਡ ਦਾ ਸਮਾਂ ਕੱਢ ਕੇ ਸੋਨ ਤਗ਼ਮਾ ਜਿੱਤਿਆ ਸੀ। ਇਸ ਮੁਕਾਬਲੇ ਵਿੱਚ ਚੀਨ ਦਾ ਅਥਲੀਟ ਵਾਂਗ ਕੁਆਂਗ ਦੂਜੇ ਤੇ ਮਲੇਸ਼ੀਆ ਦਾ ਸੁਬਰਾਮਨੀਅਮ ਵੇਲਾਸਾਮੀ ਤੀਜੇ ਸਥਾਨ ’ਤੇ ਰਿਹਾ ਸੀ।
ਟੋਕੀਓ ਤੋਂ ਵਾਪਸੀ ਸਮੇਂ ਹਾਕਮ ਸਿੰਘ ਸੋਨ ਤਗ਼ਮਾ ਪਹਿਨ ਕੇ ਬੜੇ ਉਤਸ਼ਾਹ ਨਾਲ ਹਵਾਈ ਜਹਾਜ਼ ਵਿੱਚੋਂ ਉਤਰਿਆ। ਉਸ ਨੂੰ ਉਮੀਦ ਸੀ ਕਿ ਜਦੋਂ ਉਹ ਜਹਾਜ਼ ਵਿੱਚੋਂ ਉਤਰੇਗਾ ਤਾਂ ਲੋਕ ਬੈਂਡ ਵਾਜਾ ਲੈ ਕੇ ਉਸ ਦਾ ਸਵਾਗਤ ਕਰਨ ਲਈ ਖੜ੍ਹੇ ਹੋਣਗੇ। ਪੱਤਰਕਾਰ ਉਸ ਦੀਆਂ ਫੋਟੋਆਂ ਖਿੱਚਣਗੇ ਅਤੇ ਉਸ ਨੂੰ ਹਰ ਅਖ਼ਬਾਰ ਤੇ ਮੈਗਜ਼ੀਨ ਵਿੱਚ ਵਿਸ਼ੇਸ਼ ਥਾਂ ਮਿਲੇਗੀ ਕਿਉਂਕਿ ਉਹ ਏਸ਼ੀਆ ਦੇ 250 ਕਰੋੜ ਲੋਕਾਂ ਵਿੱਚੋਂ ਪਹਿਲੇ ਨੰਬਰ ’ਤੇ ਰਿਹਾ ਸੀ ਪਰ ਇਸ ਤਰ੍ਹਾਂ ਦਾ ਕੁਝ ਨਾ ਵਾਪਰਿਆ। ਹਾਕਮ ਸਿੰਘ ਦੀ ਇਸ ਦੂਸਰੀ ਜਿੱਤ ਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਨਾ ਲਿਆ। ਨਾ ਹੀ ਦੇਸ਼ ਦੇ ‘ਹਾਕਮਾਂ’ ਨੇ ਤੇ ਨਾ ਹੀ ਲੋਕਾਂ ਤੇ ਮੀਡੀਆ ਨੇ ਉਸ ਦੀ ਇਸ ਪ੍ਰਾਪਤੀ ਨੂੰ ਤਵੱਜੋ ਦਿੱਤੀ। ਸਾਡੇ ਦੇਸ਼ ਵਿੱਚ ਕਿਸੇ ਕ੍ਰਿਕਟ ਖਿਡਾਰੀ ਜਾਂ ਫਿਲਮ ਸਟਾਰ ਨੂੰ ਮਾਮੂਲੀ ਜਿਹਾ ਜ਼ੁਕਾਮ ਵੀ ਕਿਉਂ ਨਾ ਹੋਇਆ ਹੋਵੇ ਤਾਂ ਉਸ ਨੂੰ ਦੇਸ਼ ਦਾ ਮੀਡੀਆ ਬ੍ਰੇਕਿੰਗ ਨਿਊਜ਼ ਬਣਾ ਕੇ ਪੇਸ਼ ਕਰਦਾ ਹੈ ਪਰ ਹਾਕਮ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਨੂੰ ਅਖ਼ਬਾਰਾਂ ਜਾਂ ਟੀ.ਵੀ. ਚੈਨਲਾਂ ਦੇ ਕਿਸੇ ਵੀ ਕੋਨੇ ਵਿੱਚ ਵੀ ਥਾਂ ਨਾ ਮਿਲੀ। ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ। ਹਾਕਮ ਸਿੰਘ ਆਪਣੇ ਦਰਦ ਨੂੰ ਦਿਲ ਵਿੱਚ ਛੁਪਾ ਕੇ ਘਰ ਪਹੁੰਚਿਆ। 1981 ਵਿੱਚ ਹੋਈ ਇੱਕ ਦੁਰਘਟਨਾ ਨੇ ਹਾਕਮ ਸਿੰਘ ਦੇ ਖੇਡ ਕਰੀਅਰ ’ਤੇ ਬਰੇਕ ਲਗਾ ਦਿੱਤੀ। ਓਲੰਪਿਕ ਵਿੱਚੋਂ ਮੈਡਲ ਜਿੱਤਣ ਦੀ ਉਸ ਦੀ ਇੱਛਾ ਮਨ ਵਿੱਚ ਹੀ ਰਹਿ ਗਈ। ਉਸ ਦਾ ਘੰਟਿਆਂ ਬੱਧੀ ਅਭਿਆਸ ਕਰਨਾ ਬੰਦ ਹੋ ਗਿਆ।
1987 ਵਿੱਚ ਫ਼ੌਜ ਵਿੱਚੋਂ ਸੇਵਾਮੁਕਤ ਹੋਣ ਤੋਂ ਲੈ ਕੇ 2003 ਤੱਕ ਹਾਕਮ ਸਿੰਘ ਨੇ ਆਰਥਿਕ ਤੌਰ ’ਤੇ ਕਾਫ਼ੀ ਸੰਕਟਮਈ ਸਮਾਂ ਗੁਜ਼ਾਰਿਆ ਕਿਉਂਕਿ ਰਿਟਾਇਰਮੈਂਟ ਹੋਣ ’ਤੇ ਉਸ ਨੂੰ ਫ਼ੌਜ ਦੀ ਪੈਨਸ਼ਨ ਵੀ ਨਹੀਂ ਲੱਗੀ ਸੀ। ਇਸ ਤੋਂ ਬਾਅਦ ਉਹ 2003 ਵਿੱਚ ਪੰਜਾਬ ਪੁਲੀਸ ਵਿੱਚ ਭਰਤੀ ਹੋ ਗਿਆ ਅਤੇ ਪੀ.ਏ.ਪੀ. ਜਲੰਧਰ ਵਿਖੇ ਬਤੌਰ ਅਥਲੈਟਿਕ ਕੋਚ ਸੇਵਾਵਾਂ ਨਿਭਾਉਣ ਲੱਗਾ। 2014 ਵਿੱਚ ਉਹ ਪੰਜਾਬ ਪੁਲੀਸ ਵਿੱਚੋਂ ਬਤੌਰ ਸਿਪਾਹੀ ਰਿਟਾਇਰ ਹੋਇਆ। 2008 ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਪ੍ਰਤਿਭਾ ਦੇਵੀ ਪਾਟਿਲ ਵੱਲੋਂ ਹਾਕਮ ਸਿੰਘ ਨੂੰ ਉਸ ਦੀਆਂ ਖੇਡ ਪ੍ਰਾਪਤੀਆਂ ਬਦਲੇ ਧਿਆਨ ਚੰਦ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ।
ਹਾਕਮ ਸਿੰਘ ਨੂੰ ਗੁਰਦੇ ਅਤੇ ਲਿਵਰ ਦੀਆਂ ਸਮੱਸਿਆਵਾਂ ਨੇ ਘੇਰ ਰੱਖਿਆ ਸੀ। ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਕਾਫ਼ੀ ਇਲਾਜ ਕਰਵਾਇਆ ਗਿਆ ਪਰ ਮਾੜੇ ਆਰਥਿਕ ਹਾਲਾਤ ਕਾਰਨ ਸਹੀ ਸਮੇਂ ’ਤੇ ਯੋਗ ਇਲਾਜ ਨਾ ਕਰਵਾ ਸਕਣ ਕਾਰਨ ਉਸ ਦੀ ਬਿਮਾਰੀ ਨੇ ਘਾਤਕ ਰੂਪ ਧਾਰਨ ਕਰ ਲਿਆ ਸੀ। ਉਸ ਨੂੰ ਸੰਗਰੂਰ ਵਿਖੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਆਪਣੀ ਮੌਤ ਤੋਂ ਪਹਿਲਾਂ ਉਹ ਪਰਿਵਾਰ ਨਾਲ ਗੱਲਾਂ ਕਰਦਾ ਬੜੇ ਭਰੇ ਮਨ ਨਾਲ ਕਹਿੰਦਾ ਸੀ ‘‘ਏਸ਼ੀਆ ’ਚੋਂ ਦੋ ਸੋਨ ਤਗ਼ਮੇ ਜਿੱਤਣ ’ਤੇ ਵੀ ਕਿਸੇ ਨੇ ਮੇਰੀ ਬਾਤ ਨ੍ਹੀਂ ਪੁੱਛੀ। ਇਕੱਲੀ ਖੇਡ ਢਿੱਡ ਦੀ ਅੱਗ ਨਹੀਂ ਬੁਝਾ ਸਕਦੀ, ਪਰਿਵਾਰ ਚਲਾਉਣ ਲਈ ਕਮਾਈ ਦਾ ਕੋਈ ਚੰਗਾ ਵਸੀਲਾ ਹੋਣਾ ਬਹੁਤ ਜ਼ਰੂਰੀ ਹੈ।’’ ਮੀਡੀਆ ਵਿੱਚ ਖ਼ਬਰਾਂ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ 5 ਲੱਖ ਰੁਪਏ ਅਤੇ ਕੇਂਦਰੀ ਖੇਡ ਮੰਤਰੀ ਰਾਜ ਵਰਧਨ ਸਿੰਘ ਰਾਠੌੜ ਨੇ 10 ਲੱਖ ਰੁਪਏ ਦੀ ਰਾਸ਼ੀ ਇਲਾਜ ਲਈ ਜਾਰੀ ਕੀਤੀ ਸੀ ਪਰ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਸੀ। ਅਖੀਰ ਸੋਨ ਤਗਮਾ ਜੇਤੂ ਇਸ ਖਿਡਾਰੀ ਨੂੰ ਬਿਮਾਰੀ ਹੱਥੋਂ ਹਾਰਨਾ ਪਿਆ ਤੇ ਸਿਰਫ਼ 64 ਸਾਲ ਦੀ ਉਮਰ ਵਿੱਚ ਹੀ 14 ਅਗਸਤ 2018 ਨੂੰ ਇਹ ਅਣਗੌਲਿਆ ਹੀਰਾ ਸਦਾ ਦੀ ਨੀਂਦ ਸੌਂ ਗਿਆ।
ਹਾਕਮ ਸਿੰਘ ਦੇ ਪਰਿਵਾਰ ਨੂੰ ਸਮੇਂ ਦੀਆਂ ਸਰਕਾਰਾਂ ਤੇ ਮੀਡੀਆ ’ਤੇ ਗਿਲਾ ਹੈ ਕਿ ਜੇਕਰ ਸਹੀ ਸਮੇਂ ’ਤੇ ਹਾਕਮ ਸਿੰਘ ਦੀਆਂ ਖੇਡ ਪ੍ਰਾਪਤੀਆਂ ਦਾ ਮੁੱਲ ਪਾਇਆ ਗਿਆ ਹੁੰਦਾ ਤਾਂ ਉਸ ਨੇ ਦੇਸ਼ ਲਈ ਹੋਰ ਵੀ ਅਨੇਕਾਂ ਤਗ਼ਮੇ ਜਿੱਤਣੇ ਸਨ ਅਤੇ ਆਪਣੇ ਵਰਗੇ ਹੋਰ ਅਨੇਕਾਂ ਖਿਡਾਰੀ ਤਿਆਰ ਕਰਨੇ ਸਨ। ਆਪਣੀਆਂ ਖੇਡ ਪ੍ਰਾਪਤੀਆਂ ਦਾ ਮੁੱਲ ਨਾ ਪੈਂਦਾ ਵੇਖ ਕੇ ਹੀ ਉਸ ਨੇ ਆਪਣੇ ਪੁੱਤਰਾਂ ਨੂੰ ਖੇਡਾਂ ਦੇ ਖੇਤਰ ਵਿੱਚ ਜਾਣ ਲਈ ਉਤਸ਼ਾਹਿਤ ਨਹੀਂ ਸੀ ਕੀਤਾ। ਉਸ ਦੀ ਮੌਤ ’ਤੇ ਘਰ ਅਫ਼ਸੋਸ ਕਰਨ ਆਉਂਦੇ ਲੀਡਰਾਂ ਨੇ ਪ੍ਰਾਈਵੇਟ ਨੌਕਰੀ ਕਰਕੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਉਸ ਦੀ ਪਤਨੀ ਬੇਅੰਤ ਕੌਰ, ਪੁੱਤਰਾਂ ਸੁਖਜੀਤ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਸਰਕਾਰੀ ਨੌਕਰੀ ਤੇ ਆਰਥਿਕ ਸਹਾਇਤਾ ਦੇਣ ਦੇ ਵਾਅਦੇ ਤਾਂ ਜ਼ਰੂਰ ਕੀਤੇ ਸਨ ਪਰ ਉਸ ਦਾ ਭੋਗ ਪੈਣ ਤੋਂ ਬਾਅਦ ਅੱਜ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਇਸ ਤੋਂ ਵੱਡੇ ਸਿਤਮ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਜਿਊਂਦੇ ਜੀ ਹਾਕਮ ਸਿੰਘ ਨੂੰ ਫ਼ੌਜ ਦੀ ਪੈਨਸ਼ਨ ਵੀ ਨਸੀਬ ਨਹੀਂ ਹੋਈ।
ਸੰਪਰਕ: 94178-30981

Advertisement

Advertisement
Author Image

joginder kumar

View all posts

Advertisement