ਏਸ਼ਿਆਈ ਖੇਡਾਂ ਦੇ ਸੋਨ ਤਮਗ਼ਾ ਜੇਤੂ ਪੰਜਾਬੀ ਖਿਡਾਰੀ
ਨਵਦੀਪ ਸਿੰਘ ਗਿੱਲ
19ਵੀਆਂ ਏਸ਼ਿਆਈ ਖੇਡਾਂ ਚੀਨ ਦੇ ਸ਼ਹਿਰ ਹਾਂਗਜ਼ੂ ਵਿਖੇ 23 ਸਤੰਬਰ ਤੋਂ 8 ਅਕਤੂਬਰ, 2023 ਤੱਕ ਕਰਵਾਈਆਂ ਜਾ ਰਹੀਆਂ ਹਨ। ਏਸ਼ਿਆਈ ਖੇਡਾਂ ਦੀ ਸ਼ੁਰੂਆਤ 1951 ਵਿੱਚ ਹੋਈ ਸੀ ਜਦੋਂ ਨਵੀਂ ਦਿੱਲੀ ਵਿਖੇ ਪਹਿਲੀਆਂ ਏਸ਼ਿਆਈ ਖੇਡਾਂ ਕਰਵਾਈਆਂ ਗਈਆਂ। ਏਸ਼ਿਆਈ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰੀਏ ਤਾਂ ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਦੇ ਵਿਅਕਤੀਗਤ ਤੇ ਟੀਮ ਈਵੈਂਟਾਂ ਵਿੱਚ ਕੁਲ 60 ਸੋਨੇ ਦੇ ਤਮਗ਼ੇ ਜਿੱਤੇ ਹਨ। ਸਭ ਤੋਂ ਵੱਧ ਸੋਨ ਤਮਗ਼ੇ 43 ਇਕੱਲੇ ਅਥਲੈਟਿਕਸ ਖੇਡ ਵਿੱਚ ਜਿੱਤੇ ਹਨ। ਕੋਈ ਵੇਲਾ ਸੀ ਜਦੋਂ ਤਮਗ਼ਾ ਜਿੱਤਣ ਵਾਲੀ ਭਾਰਤੀ ਅਥਲੈਟਿਕਸ ਟੀਮ ਵਿੱਚ ਕਰੀਬ ਸਾਰੇ ਖਿਡਾਰੀ ਪੰਜਾਬ ਦੇ ਹੀ ਹੁੰਦੇ ਸਨ। ਅਥਲੈਟਿਕਸ ਤੋਂ ਬਾਅਦ ਹਾਕੀ ਵਿੱਚ ਭਾਰਤ ਨੇ ਚਾਰ ਸੋਨ ਤਮਗ਼ੇ ਜਿੱਤੇ ਹਨ ਜਿਨ੍ਹਾਂ ਵਿੱਚ ਤਿੰਨ ਪੁਰਸ਼ ਤੇ ਇੱਕ ਮਹਿਲਾ ਟੀਮ ਨੇ ਜਿੱਤਿਆ ਹੈ। ਇਨ੍ਹਾਂ ਟੀਮਾਂ ਵਿੱਚ ਵੀ ਪੰਜਾਬ ਦੇ ਖਿਡਾਰੀਆਂ ਦਾ ਵੱਡਾ ਯੋਗਦਾਨ ਸੀ।
ਅਥਲੈਟਿਕਸ ਤੇ ਹਾਕੀ ਤੋਂ ਬਾਅਦ ਪੰਜਾਬ ਦੇ ਏਸ਼ੀਅਨ ਚੈਂਪੀਅਨ ਖਿਡਾਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਸੱਤ ਖੇਡਾਂ ਵਿੱਚ 13 ਸੋਨ ਤਮਗ਼ੇ ਜਿੱਤੇ ਹਨ। ਪਹਿਲਵਾਨ ਕਰਤਾਰ ਸਿੰਘ ਇਕਲੌਤਾ ਖਿਡਾਰੀ ਹੈ ਜਿਸ ਨੇ ਅਥਲੈਟਿਕਸ ਤੋਂ ਬਿਨਾਂ ਹੋਰ ਕਿਸੇ ਵੀ ਖੇਡ ਦੇ ਵਿਅਕਤੀਗਤ ਵਰਗ ਵਿੱਚ ਦੋ ਵਾਰ ਸੋਨੇ ਦਾ ਤਮਗ਼ਾ ਜਿੱਤਿਆ ਹੈ ਜਦੋਂ ਕਿ ਕਬੱਡੀ ਖਿਡਾਰੀ ਹਰਦੀਪ ਸਿੰਘ ਤੇ ਮਨਪ੍ਰੀਤ ਸਿੰਘ ਮਾਨਾ ਨੇ ਟੀਮ ਖੇਡ ਵਿੱਚ ਦੋ-ਦੋ ਵਾਰ ਸੋਨੇ ਦਾ ਤਮਗ਼ਾ ਜਿੱਤਿਆ ਹੈ। ਅਥਲੈਟਿਕਸ ਤੋਂ ਬਾਅਦ ਨਿਸ਼ਾਨੇਬਾਜ਼ੀ ਵਿੱਚ ਰਾਜਾ ਰਣਧੀਰ ਸਿੰਘ ਪਹਿਲਾ ਖਿਡਾਰੀ ਹੈ ਜਿਸ ਨੇ ਸੋਨੇ ਦਾ ਤਮਗ਼ਾ ਜਿੱਤਿਆ ਹੈ ਜਦੋਂ ਕਿ ਟੀਮ ਖੇਡਾਂ ਵਿੱਚ ਫੁਟਬਾਲਰ ਜਰਨੈਲ ਸਿੰਘ ਪਹਿਲਾ ਖਿਡਾਰੀ ਹੈ ਜਿਸ ਨੇ ਸੋਨ ਤਮਗ਼ਾ ਜਿੱਤਿਆ।
ਟੀਮ ਖੇਡਾਂ ਦੀ ਗੱਲ ਕਰੀਏ ਤਾਂ ਕਬੱਡੀ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਪੰਜ ਸੋਨ ਤਮਗ਼ੇ ਜਿੱਤੇ ਹਨ। 1990 ਵਿੱਚ ਬੀਜਿੰਗ ਤੇ 1994 ਵਿੱਚ ਹੀਰੋਸ਼ੀਮਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗ਼ਾ ਜੇਤੂ ਭਾਰਤੀ ਕਬੱਡੀ ਟੀਮ ਵਿੱਚ ਹਰਦੀਪ ਸਿੰਘ ਟੀਮ ਦਾ ਅਹਿਮ ਮੈਂਬਰ ਸੀ। ਇਸੇ ਤਰ੍ਹਾਂ 2002 ਵਿੱਚ ਬੁਸਾਨ ਤੇ 2006 ਵਿੱਚ ਦੋਹਾ ਵਿਖੇ ਸੋਨ ਤਮਗ਼ਾ ਜੇਤੂ ਭਾਰਤੀ ਟੀਮ ਵਿੱਚ ਮਨਪ੍ਰੀਤ ਸਿੰਘ ਮਾਨਾ ਮੈਂਬਰ ਸੀ। 2014 ਵਿੱਚ ਸੋਨ ਤਮਗ਼ਾ ਜੇਤੂ ਕਬੱਡੀ ਟੀਮ ਵਿੱਚ ਪੰਜਾਬ ਦਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ। ਫੁੱਟਬਾਲ ਖੇਡ ਵਿੱਚ ਭਾਰਤ ਨੇ ਸਿਰਫ਼ ਦੋ ਸੋਨ ਤਮਗ਼ੇ ਜਿੱਤੇ ਹਨ ਅਤੇ 1962 ਵਿੱਚ ਜਕਾਰਤਾ ਵਿਖੇ ਦੂਜੀ ਤੇ ਹੁਣ ਤੱਕ ਆਖਰੀ ਸੋਨ ਤਮਗ਼ਾ ਜਿੱਤਿਆ ਸੀ ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਦੇ ਮਹਾਨ ਫੁੱਟਬਾਲਰ ਜਰਨੈਲ ਸਿੰਘ ਦਾ ਸੀ।
1978 ਵਿੱਚ ਬੈਂਕਾਕ ਵਿਖੇ ਰਾਜਾ ਰਣਧੀਰ ਸਿੰਘ ਨੇ ਟਰੈਪ ਸ਼ੂਟਿੰਗ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਅਤੇ ਇਹ ਪੰਜਾਬ ਦੇ ਕਿਸੇ ਖਿਡਾਰੀ ਵੱਲੋਂ ਅਥਲੈਟਿਕਸ ਤੋਂ ਬਾਅਦ ਪਹਿਲੀ ਵਾਰ ਜਿੱਤਿਆ ਸੋਨ ਤਮਗ਼ਾ ਸੀ। ਇਸ ਤੋਂ ਇਲਾਵਾ ਸ਼ੂਟਿੰਗ ਖੇਡ ਵਿੱਚ ਵੀ ਇਹ ਭਾਰਤ ਦਾ ਪਹਿਲਾ ਏਸ਼ੀਅਨ ਸੋਨ ਤਮਗ਼ਾ ਸੀ। ਰਾਜਾ ਰਣਧੀਰ ਸਿੰਘ ਨੇ 1982 ਵਿੱਚ ਇੱਕ ਚਾਂਦੀ ਤੇ ਇੱਕ ਕਾਂਸੀ ਅਤੇ 1986 ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਪਹਿਲਵਾਨ ਕਰਤਾਰ ਸਿੰਘ ਨੇ 1978 ਵਿੱਚ ਬੈਂਕਾਕ ਵਿੱਚ 90 ਕਿਲੋ ਭਾਰ ਵਰਗ ਤੇ 1986 ਵਿੱਚ ਸਿਓਲ ਵਿੱਚ 100 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 1986 ਵਿੱਚ ਭਾਰਤ ਨੇ ਪੰਜ ਸੋਨ ਤਮਗ਼ੇ ਜਿੱਤੇ ਸਨ, ਚਾਰ ਇਕੱਲੀ ਪੀ.ਟੀ.ਊਸ਼ਾ ਅਤੇ ਇੱਕ ਕਰਤਾਰ ਸਿੰਘ ਵੱਲੋਂ ਜਿੱਤਿਆ ਗਿਆ। 1982 ਵਿੱਚ ਨਵੀਂ ਦਿੱਲੀ ਵਿਖੇ ਕਰਤਾਰ ਸਿੰਘ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਸੀ। 1982 ਵਿੱਚ ਮੁੱਕੇਬਾਜ਼ ਕੌਰ ਸਿੰਘ ਨੇ ਹੈਵੀਵੇਟ ਵਰਗ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਮੁੱਕੇਬਾਜ਼ੀ ਵਿੱਚ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਨ ਵਾਲ ਉਹ ਇਕਲੌਤਾ ਪੰਜਾਬੀ ਮੁੱਕੇਬਾਜ਼ ਹੈ। ਆਰ.ਪੀ.ਐੱਸ. ਬਰਾੜ ਨੇ ਭਾਰਤੀ ਘੋੜਸਵਾਰੀ ਟੀਮ ਵੱਲੋਂ ਸੋਨੇ ਦਾ ਤਮਗ਼ਾ ਜਿੱਤਿਆ। 2010 ਵਿੱਚ ਗੁਆਂਗਜ਼ੂ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਰੰਜਨ ਸੋਢੀ ਨੇ ਡਬਲ ਟਰੈਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਰੰਜਨ ਸੋਢੀ ਨੇ 2010 ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। 2018 ਵਿੱਚ ਜਕਾਰਤਾ ਵਿਖੇ ਹੋਈਆਂ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਰੋਇੰਗ ਖੇਡ ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸਵਰਨ ਸਿੰਘ ਵਿਰਕ ਤੇ ਸੁਖਮੀਤ ਸਿੰਘ ਨੇ ਪੁਰਸ਼ਾਂ ਦੀ ਕੁਆਡਰੱਪਲ ਸਕੱਲਜ਼ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਸਵਰਨ ਸਿੰਘ ਵਿਰਕ ਨੇ 2014 ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ।
ਉਕਤ ਖਿਡਾਰੀਆਂ ਨੂੰ ਛੱਡ ਕੇ ਪੰਜਾਬ ਦੇ ਕਈ ਖਿਡਾਰੀਆਂ ਨੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਤੇ ਕਾਂਸੀ ਦੇ ਤਮਗ਼ੇ ਜਿੱਤੇ ਹਨ। ਅਥਲੈਟਿਕਸ ਤੇ ਹਾਕੀ ਤੋਂ ਬਿਨਾਂ ਹੋਰ ਖੇਡਾਂ ਵਿੱਚ ਜਿੱਤੇ ਚਾਂਦੀ ਤੇ ਕਾਂਸੀ ਦੇ ਤਮਗ਼ਿਆਂ ਦੀ ਗੱਲ ਕਰੀਏ ਤਾਂ ਕੁਸ਼ਤੀ ਵਿੱਚ ਮਾਲਵਾ ਸਿੰਘ ਨੇ 1962 ਵਿੱਚ ਕਾਂਸੀ, 1974 ਵਿੱਚ ਸੁਖਚੈਨ ਸਿੰਘ ਚੀਮਾ ਨੇ ਕੁਸ਼ਤੀ ਵਿੱਚ ਦੋ ਕਾਂਸੀ ਦੇ ਤਮਗ਼ੇ, ਦਿਨੇਸ਼ ਖੰਨਾ ਨੇ ਬੈਡਮਿੰਟਨ ਵਿੱਚ ਕਾਂਸੀ, 1982 ਵਿੱਚ ਗੁਰਬੀਰ ਸਿੰਘ ਸੰਧੂ ਨੇ ਟਰੈਪ ਸ਼ੂਟਿੰਗ ਵਿੱਚ ਚਾਂਦੀ, ਸੁਸ਼ੀਲ ਕੋਹਲੀ ਨੇ ਵਾਟਰ ਪੋਲੋ ਵਿੱਚ ਕਾਂਸੀ, ਤਾਰਾ ਸਿੰਘ ਨੇ ਵੇਟਲਿਫਟਿੰਗ ਵਿੱਚ ਕਾਂਸੀ, 1986 ਵਿੱਚ ਗੁਰਬੀਰ ਸਿੰਘ ਸੰਧੂ ਨੇ ਸ਼ੂਟਿੰਗ ਵਿੱਚ ਚਾਂਦੀ, ਜੈਪਾਲ ਸਿੰਘ ਨੇ ਮੁੱਕੇਬਾਜ਼ੀ ਵਿੱਚ ਚਾਂਦੀ, ਸੰਦੀਪ ਨੇ ਜੂਡੋ ਵਿੱਚ ਕਾਂਸੀ, ਸੁਖਪਾਲ ਸਿੰਘ ਪਾਲੀ ਨੇ ਵਾਲੀਬਾਲ ਵਿੱਚ ਕਾਂਸੀ ਤੇ ਗੁਰਮੁੱਖ ਸਿੰਘ ਨੇ ਕੁਸ਼ਤੀ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। 1994 ਵਿੱਚ ਗੁਰਮੀਤ ਸਿੰਘ ਨੇ ਮੁੱਕੇਬਾਜ਼ੀ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।
1998 ਵਿੱਚ ਮੁੱਕੇਬਾਜ਼ ਗੁਰਚਰਨ ਸਿੰਘ ਨੇ ਕਾਂਸੀ, ਮਾਨਵਜੀਤ ਸਿੰਘ ਸੰਧੂ ਨੇ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਤੇ ਜਗਜੀਤ ਸਿੰਘ ਨੇ ਰੋਇੰਗ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਪਲਵਿੰਦਰ ਸਿੰਘ ਚੀਮਾ ਨੇ 2002 ਤੇ 2006 ਵਿੱਚ ਕਾਂਸੀ ਦੇ ਤਮਗ਼ੇ ਜਿੱਤੇ। 2006 ਵਿੱਚ ਨਿਸ਼ਾਨੇਬਾਜ਼ੀ ਵਿੱਚ ਮਾਨਵਜੀਤ ਸਿੰਘ ਸੰਧੂ ਨੇ ਦੋ ਚਾਂਦੀ ਦੇ ਤਮਗ਼ੇ, ਹਰਵੀਨ ਸਰਾਓ ਨੇ ਚਾਂਦੀ ਤੇ ਅਵਨੀਤ ਕੌਰ ਸਿੱਧੂ ਨੇ ਕਾਂਸੀ ਦਾ ਤਮਗ਼ਾ ਜਿੱਤਿਆ। 2010 ਵਿੱਚ ਮਨਪ੍ਰੀਤ ਸਿੰਘ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਤਮਗ਼ਾ, ਨਿਸ਼ਾਨੇਬਾਜ਼ੀ ਵਿੱਚ ਅਭਿਨਵ ਬਿੰਦਰਾ ਨੇ ਚਾਂਦੀ ਤੇ ਮਾਨਵਜੀਤ ਸਿੰਘ ਸੰਧੂ ਨੇ ਕਾਂਸੀ ਦਾ ਤਮਗ਼ਾ ਜਿੱਤਿਆ। 2014 ਵਿੱਚ ਨਿਸ਼ਾਨੇਬਾਜ਼ੀ ਵਿੱਚ ਅਭਿਨਵ ਬਿੰਦਰਾ ਤੇ ਹਿਨਾ ਸਿੱਧੂ ਨੇ ਕਾਂਸੀ ਦੇ ਤਮਗ਼ੇ ਜਿੱਤੇ। 2018 ਵਿੱਚ ਭਗਵਾਨ ਸਿੰਘ ਨੇ ਰੋਇੰਗ ਅਤੇ ਹਿਨਾ ਸਿੱਧੂ ਨੇ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।
ਹੁਣ ਦੇਖਦੇ ਹਾਂ ਕਿ ਹਾਂਗਜ਼ੂ ਵਿਖੇ ਪੰਜਾਬੀ ਖਿਡਾਰੀ ਕਿੰਨੇ ਤਮਗ਼ੇ ਜਿੱਤਦੇ ਹਨ। ਹਾਲਾਂਕਿ ਪੂਰੇ ਭਾਰਤੀ ਖੇਡ ਦਲ ਦਾ ਐਲਾਨ ਨਹੀਂ ਹੋਇਆ, ਪਰ ਸੰਭਵ ਹੈ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਖਿਡਾਰੀ ਭਾਰਤੀ ਖੇਡ ਦਲ ਦਾ ਹਿੱਸਾ ਹੋਣਗੇ ਅਤੇ ਪੰਜਾਬ ਦੇ ਖਿਡਾਰੀ ਹਾਕੀ, ਅਥਲੈਟਿਕਸ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਬੈਡਮਿੰਟਨ, ਕ੍ਰਿਕਟ, ਰੋਇੰਗ, ਤਲਵਾਰਬਾਜ਼ੀ ਆਦਿ ਖੇਡਾਂ ਵਿੱਚ ਆਪਣਾ ਮਜ਼ਬੂਤ ਦਾਅਵਾ ਪੇਸ਼ ਕਰਨਗੇ।
ਸੰਪਰਕ: 97800-36216