ਏਸ਼ਿਆਈ ਖੇਡਾਂ: ਚੀਨ ਵੱਲੋਂ ਅਰੁਣਾਚਲ ਦੀਆਂ ਤਿੰਨ ਖਿਡਾਰਨਾਂ ਨੂੰ ਦਾਖਲਾ ਦੇਣ ਤੋਂ ਨਾਂਹ
ਹਾਂਗਜ਼ੂ, 22 ਸਤੰਬਰ
ਚੀਨ ਨੇ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਲਈ ਤਿੰਨ ਭਾਰਤੀ ਵੁਸ਼ੂ ਖਿਡਾਰਨਾਂ ਨੇਮਾਨ ਵਾਂਗਸੂ, ਓਨਿਲੂ ਤੇਗਾ ਅਤੇ ਮੇਪੁੰਗ ਲਾਮਗੂ ਨੂੰ ਚੀਨ ਵਿੱਚ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਏਸ਼ਿਆਈ ਖੇਡਾਂ ਵਿੱਚ ਵੁਸ਼ੂ ਮੁਕਾਬਲੇ 24 ਸਤੰਬਰ ਤੋਂ ਸ਼ੁਰੂ ਹੋਣਗੇ। ਏਸ਼ਿਆਈ ਖੇਡਾਂ 2023 ਦੀ ਪ੍ਰਬੰਧਕੀ ਕਮੇਟੀ ਨੇ ਤਿੰਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਮਨਜ਼ੂਰੀ ਦੇ ਦਿੱਤੀ ਸੀ। ਇਨ੍ਹਾਂ ’ਚੋਂ ਦੋ ਖਿਡਾਰਨਾਂ ਆਪਣੇ ਮਾਨਤਾ ਕਾਰਡ ਡਾਊਨਲੋਡ ਨਹੀਂ ਕਰ ਸਕੀਆਂ। ਇਹ ਕਾਰਡ ਚੀਨ ਵਿੱਚ ਦਾਖਲ ਹੋਣ ਲਈ ਵੀਜ਼ੇ ਵਜੋਂ ਕੰਮ ਕਰਦੇ ਹਨ। ਅਰੁਣਾਚਲ ਪ੍ਰਦੇਸ਼ ਦੀ ਤੀਜੀ ਵੁਸ਼ੂ ਖਿਡਾਰਨ, ਜਿਸ ਨੂੰ ਮਾਨਤਾ ਕਾਰਡ ਮਿਲ ਗਿਆ ਸੀ, ਨੂੰ ਦੱਸਿਆ ਗਿਆ ਕਿ ਉਸ ਨੂੰ ਹਾਂਗਕਾਂਗ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਖੇਡਾਂ ਵਿੱਚ ਹਿੱਸਾ ਲੈਣ ਲਈ ਤਿੰਨਾਂ ਦਾ 24 ਸਤੰਬਰ ਤੱਕ ਹਾਂਗਜ਼ੂ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ ਪਰ ਵੀਜ਼ੇ ਵਿੱਚ ਦੇਰੀ ਕਾਰਨ ਉਹ ਏਸ਼ਿਆਈ ਖੇਡਾਂ ’ਚੋਂ ਬਾਹਰ ਹੋ ਗਈਆਂ ਹਨ। ਵੁਸ਼ੂ ਟੀਮ ਦੇ ਬਾਕੀ ਖਿਡਾਰੀ ਚੀਨ ਪੁਹੰਚ ਗਏ ਹਨ। ਅਰੁਣਾਚਲ ਪ੍ਰਦੇਸ਼ ਦੀਆਂ ਇਨ੍ਹਾਂ ਤਿੰਨ ਖਿਡਾਰਨਾਂ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸੀ। ਓਲੰਪਿਕ ਕੌਂਸਲ ਆਫ ਏਸ਼ੀਆ ਦੇ ਅੰਤ੍ਰਿਮ ਪ੍ਰਧਾਨ ਰਣਧੀਰ ਸਿੰਘ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਉਹ ਇਹ ਮਾਮਲਾ ਚੀਨ ਸਰਕਾਰ ਕੋਲ ਉਠਾ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਬੀਤੇ ਦਿਨ ਵਰਕਿੰਗ ਗਰੁੱਪ ਨਾਲ ਮੀਟਿੰਗ ਕੀਤੀ ਅਤੇ ਇਸ ਮੀਟਿੰਗ ਵਿੱਚ ਵੀ ਇਹ ਮੁੱਦਾ ਵਿਚਾਰਿਆ ਗਿਆ। ਉਹ ਇਹ ਮੁੱਦਾ ਚੀਨ ਦੀ ਸਰਕਾਰ ਕੋਲ ਉਠਾ ਰਹੇ ਹਨ ਅਤੇ ਅਸੀਂ ਵੀ ਇਸ ਬਾਰੇ ਚੀਨੀ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ। ਇਹ ਸਾਡੇ ਨਾਲ ਵਿਚਾਰ ਅਧੀਨ ਹੈ।’’ ਉਧਰ ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਉਪ ਪ੍ਰਧਾਨ ਵੇਈ ਜਿਜ਼ੋਂਗ ਨੇ ਦਾਅਵਾ ਕੀਤਾ ਕਿ ਚੀਨ ਪਹਿਲਾਂ ਹੀ ਭਾਰਤੀ ਖਿਡਾਰੀਆਂ ਨੂੰ ਵੀਜ਼ਾ ਜਾਰੀ ਕਰ ਚੁੱਕੀ ਹੈ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਇਹ ਓਸੀਏ ਨਾਲ ਜੁੜਿਆ ਮਾਮਲਾ ਨਹੀਂ ਹੈ ਕਿਉਂਕਿ ਚੀਨ ਨੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਯੋਗ ਖਿਡਾਰੀਆਂ ਨੂੰ ਆਪਣੇ ਮੁਲਕ ਆਉਣ ਦਾ ਸਮਝੌਤਾ ਕੀਤਾ ਹੈ।’’ -ਏਐੱਨਆਈ
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਹਾਂਗਜ਼ੂ ਦੌਰਾ ਰੱਦ ਕੀਤਾ
ਨਵੀਂ ਦਿੱਲੀ: ਭਾਰਤ ਨੇ ਹਾਂਗਜ਼ੂ ਵਿੱਚ ਏਸ਼ਿਆਈ ਖੇਡਾਂ ਵਿੱਚ ਅਰੁਣਾਚਲ ਪ੍ਰਦੇਸ਼ ਦੇ ਕੁੱਝ ਖਿਡਾਰੀਆਂ ਨੂੰ ਮਾਨਤਾ ਨਾ ਦਿੱਤੇ ਜਾਣ ਨੂੰ ਲੈ ਕੇ ਚੀਨ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਅਤੇ ਕਿਹਾ ਕਿ ਨਵੀਂ ਦਿੱਲੀ ਕੋਲ ਆਪਣੇ ਹਿੱਤਾਂ ਦੀ ਰਾਖੀ ਲਈ ‘ਢੁੱਕਵੇਂ ਕਦਮ’ ਚੁੱਕਣ ਦਾ ਅਧਿਕਾਰ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਚੀਨ ਦੇ ਪੱਖਪਾਤੀ ਰਵੱਈਏ ਖ਼ਿਲਾਫ਼ ਭਾਰਤ ਦੇ ਵਿਰੋਧ ਵਜੋਂ ਕੇਂਦਰੀ ਸੂਚਨਾ ਤੇ ਪ੍ਰਸਾਰਨ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਏਸ਼ਿਆਈ ਖੇਡਾਂ ਲਈ ਚੀਨ ਦਾ ਆਪਣਾ ਨਿਰਧਾਰਿਤ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਇਸ ਨੂੰ ਪਹਿਲਾਂ ਹੀ ਸੋਚ-ਸਮਝ ਕੇ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਕੁੱਝ ਖਿਡਾਰੀਆਂ ਨੂੰ ਜਾਣ-ਬੁੱਝ ਕੇ ਅਤੇ ਚੋਣਵੇਂ ਤਰੀਕੇ ਨਾਲ ਰੋਕਣ ਦੇ ਚੀਨ ਦੇ ਕਦਮ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ ਹੈ। ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਅਰੁਣਾਚਲ ਪ੍ਰਦੇਸ਼ ਦੇ ਸੰਸਦ ਮੈਂਬਰ ਕਿਰਨ ਰਿਜਿਜੂ ਨੇ ਚੀਨ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਐਕਸ ਤੇ ਕਿਹਾ, ‘‘ਮੈਂ ਹਾਂਗਜ਼ੂ ਵਿੱਚ 19ਵੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੀਆਂ ਅਰੁਣਾਚਲ ਪ੍ਰਦੇਸ਼ ਦੀਆਂ ਸਾਡੀਆਂ ਵੁਸ਼ੂ ਖਿਡਾਰਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਦੀ ਚੀਨੀ ਕਾਰਵਾਈ ਦੀ ਨਿਖੇਧੀ ਕਰਦਾ ਹਾਂ।’’ ਉਨ੍ਹਾਂ ਕਿਹਾ, ‘‘ਇਹ ਕਾਰਵਾਈ ਖੇਡ ਭਾਵਨਾ ਅਤੇ ਏਸ਼ਿਆਈ ਖੇਡਾਂ ਦੇ ਨਿਯਮਾਂ ਦੀ ਉਲੰਘਣਾ ਕਰਦੀ ਹੈ। -ਪੀਟੀਆਈ