ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਨੇ ਮਲੇਸ਼ੀਆ ਨੂੰ 5-0 ਨਾਲ ਹਰਾਇਆ
ਚੇਨੱਈ, 6 ਅਗਸਤ
ਇੱਥੇ ਅੱਜ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਦੇ ਮੈਚ ਵਿੱਚ ਮੇਜ਼ਬਾਨ ਭਾਰਤ ਨੇ ਜੇਤੂ ਢੰਗ ਨਾਲ ਵਾਪਸੀ ਕਰਦੇ ਹੋਏ ਵਿਰੋਧੀ ਟੀਮ ਮਲੇਸ਼ੀਆ ਨੂੰ 5-0 ਨਾਲ ਹਰਾ ਦਿੱਤਾ।
ਸ਼ਹਿਰ ਦੇ ਕਾਰਤੀ ਸੇਲਵਮ ਨੇ ਮੈਚ ਸ਼ੁਰੂ ਹੁੰਦੇ ਹੀ 15 ਮਿੰਟਾਂ ਵਿੱਚ ਹਰਮਨਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਪਾਸ ਨੂੰ ਫੀਲਡ ਗੋਲ ਵਿੱਚ ਤਬਦੀਲ ਕਰ ਦਿੱਤਾ। ਇਸ ਤਰ੍ਹਾਂ ਉਸ ਨੇ ਮੈਚ ਦੇ ਪਹਿਲੇ ਕੁਆਰਟਰ ਦੇ ਅਖੀਰ ਵਿੱਚ ਭਾਰਤ ਨੂੰ ਲੀਡ ਦਿਵਾਈ। ਉਸ ਤੋਂ ਬਾਅਦ ਤੀਜੇ ਕੁਆਰਟਰ (32ਵੇਂ ਮਿੰਟ) ਦੇ ਸ਼ੁਰੂ ਵਿੱਚ ਹੀ ਇਕ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਕੇ ਹਾਰਦਿਕ ਸਿੰਘ ਨੇ ਭਾਰਤ ਦੀ ਟੀਮ ਦੀ ਇਹ ਲੀਡ ਦੁੱਗਣੀ ਕਰ ਦਿੱਤੀ। ਇਸ ਨਾਲ ਮਲੇਸ਼ੀਆ ਦੀ ਟੀਮ ਕਾਫੀ ਦਬਾਅ ਹੇਠ ਆ ਗਈ। ਉਸ ਤੋਂ ਬਾਅਦ ਇਕ ਪੈਨਲਟੀ ਕਾਰਨਰ ਤੋਂ ਖੁੰਝਣ ਤੋਂ ਬਾਅਦ ਹਰਮਨਪ੍ਰੀਤ ਨੇ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਭਾਰਤ ਨੂੰ ਮਿਲੇ ਇਕ ਹੋਰ ਮੌਕੇ ਦਾ ਲਾਹਾ ਲਿਆ। ਭਾਰਤੀ ਸਕਿੱਪਰ ਨੇ 42ਵੇਂ ਮਿੰਟ ਵਿੱਚ ਇਕ ਹੋਰ ਗੋਲ ਕਰ ਕੇ ਮਲੇਸ਼ੀਆ ਦੀ ਹਾਲਤ ਹੋਰ ਤਰਸਯੋਗ ਬਣਾ ਦਿੱਤੀ। ਗੁਰਜੰਟ ਸਿੰਘ ਨੇ 53ਵੇਂ ਮਿੰਟ ਵਿੱਚ ਗੋਲ ਕਰ ਕੇ ਲੀਡ 4-0 ਕਰ ਦਿੱਤੀ ਜਦਕਿ ਅਗਲੇ ਹੀ ਮਿੰਟ ਵਿੱਚ ਜੁਗਰਾਜ ਸਿੰਘ ਨੇ ਇਕ ਹੋਰ ਗੋਲ ਕਰ ਕੇ ਇਹ ਲੀਡ 5-0 ਕਰ ਦਿੱਤੀ।
ਇਸ ਤਰ੍ਹਾਂ ਤਿੰਨ ਵਾਰ ਦਾ ਚੈਂਪੀਅਨ ਭਾਰਤ ਇਸ ਟੂਰਨਾਮੈਂਟ ਵਿੱਚ ਵੀ ਅਜੇਤੂ ਹੀ ਰਿਹਾ। ਉਸ ਨੇ ਪਹਿਲੇ ਮੈਚ ਵਿੱਚ ਚੀਨ ਨੂੰ 7-2 ਨਾਲ ਹਰਾਇਆ ਸੀ। ਉਸ ਤੋਂ ਬਾਅਦ ਜਪਾਨ ਨਾਲ ਉਸ ਦਾ ਮੈਚ 1-1 ਨਾਲ ਡਰਾਅ ਰਿਹਾ ਸੀ। ਮਲੇਸ਼ੀਆ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਅਤੇ ਫਿਰ ਦੂਜੇ ਗੇੜ ਵਿੱਚ ਚੀਨ ਨੂੰ 5-1 ਨਾਲ ਮਾਤ ਦੇ ਕੇ ਇਸ ਮੈਚ ਤੱਕ ਪਹੁੰਚਿਆ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਤੇ ਜਪਾਨ ਨੇ ਅੱਜ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਰਾਊਂਡ ਰੌਬਿਨ ਮੈਚ ਵਿੱਚ 3-3 ਨਾਲ ਡਰਾਅ ਖੇਡਿਆ। ਇਸ ਨਾਲ ਦੋਵੇਂ ਟੀਮਾਂ ਸੈਮੀ ਫਾਈਨਲ ਦੀ ਦੌੜ ’ਚ ਬਰਕਰਾਰ ਹਨ। ਪਾਕਿਸਤਾਨ ਪੰਜਵੇਂ ਅਤੇ ਜਪਾਨ ਚੌਥੇ ਸਥਾਨ ’ਤੇ ਹੈ। ਪਾਕਿਸਤਾਨ ਲਈ ਮੁਹੰਮਦ ਖਾਨ ਨੇ ਦੋ ਅਤੇ ਅਬਦੁਲ ਰਾਣਾ ਨੇ ਇੱਕ ਗੋਲ ਕੀਤਾ। ਇਸੇ ਤਰ੍ਹਾਂ ਜਪਾਨ ਲਈ ਸੇਰੇਨ, ਯੋਸੇਈ ਕਾਟੋ ਅਤੇ ਕਪਤਾਨ ਮਾਸਾਕੀ ਓਹਾਸ਼ੀ ਨੇ ਇੱਕ-ਇੱਕ ਗੋਲ ਕੀਤਾ। ਸੋਮਵਾਰ ਨੂੰ ਪਾਕਿਸਤਾਨ ਦਾ ਮੁਕਾਬਲਾ ਚੀਨ ਨਾਲ ਅਤੇ ਜਪਾਨ ਦਾ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ। ਉੱਧਰ, ਚੀਨ ਅਤੇ ਦੱਖਣੀ ਕੋਰੀਆ ਵਿਚਾਲੇ ਖੇਡਿਆ ਗਿਆ ਮੈਚ ਇੱਕ-ਇੱਕ ਗੋਲ ਨਾਲ ਬਰਾਬਰ ਰਿਹਾ। ਚੀਨ ਦਾ ਅਗਲਾ ਮੁਕਾਬਲਾ ਪਾਕਿਸਤਾਨ ਨਾਲ ਅਤੇ ਕੋਰੀਆ ਦਾ ਮੁਕਾਬਲਾ ਮੇਜ਼ਬਾਨ ਭਾਰਤ ਨਾਲ ਹੋਵੇਗਾ। -ਪੀਟੀਆਈ