ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਹਾਕੀ ਅੱਜ ਤੋਂ, ਭਾਰਤ ਦੀ ਟੱਕਰ ਚੀਨ ਨਾਲ
ਹੁਲੁਨਬੂਈਰ
ਲਗਾਤਾਰ ਦੂਜੇ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਉਤਸ਼ਾਹ ਨਾਲ ਭਰੀ ਭਾਰਤੀ ਪੁਰਸ਼ ਹਾਕੀ ਟੀਮ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਵਿੱਚ ਐਤਵਾਰ ਨੂੰ ਇੱਥੇ ਜਦੋਂ ਮੇਜ਼ਬਾਨ ਚੀਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਤਾਂ ਉਸ ਦਾ ਪਹਿਲਾ ਉਦੇਸ਼ ਆਪਣੇ ਖਿਤਾਬ ਦਾ ਬਚਾਅ ਕਰਨਾ ਹੋਵੇਗਾ। ਭਾਰਤ ਇਸ ਟੂਰਨਾਮੈਂਟ ਵਿੱਚ ਚੈਂਪੀਅਨ ਬਣਨ ਦੇ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ, ਜਿੱਥੇ ਉਸ ਦਾ ਸਾਹਮਣਾ ਚੀਨ, ਜਾਪਾਨ, ਪਾਕਿਸਤਾਨ, ਕੋਰੀਆ ਅਤੇ ਮਲੇਸ਼ੀਆ ਵਰਗੀਆਂ ਏਸ਼ੀਆ ਦੀਆਂ ਸਿਖਰਲੀਆਂ ਟੀਮਾਂ ਨਾਲ ਹੋਵੇਗਾ। ਭਾਰਤ ਨੇ ਪਿਛਲੇ ਸਾਲ ਘਰੇਲੂ ਮੈਦਾਨ ’ਤੇ ਖਿਤਾਬ ਜਿੱਤਿਆ ਸੀ, ਜਿਸ ਨਾਲ ਉਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਚਾਰ ਖਿਤਾਬ ਜਿੱਤਣ ਵਾਲੀ ਇਕਲੌਤੀ ਟੀਮ ਬਣ ਗਈ। ਪੈਰਿਸ ਓਲੰਪਿਕ ਮਗਰੋਂ ਕੁੱਝ ਆਰਾਮ ਕਰਨ ਵਾਲੇ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਮਹਾਂਦੀਪੀ ਚੈਂਪੀਅਨਸ਼ਿਪ ਵਿੱਚ ਆਪਣਾ ਦਬਦਬਾ ਜਾਰੀ ਰੱਖਣਾ ਚਾਹੁੰਦੇ ਹਨ। ਹਰਮਨਪ੍ਰੀਤ ਨੇ ਕਿਹਾ, ‘ਇਸ ਵਾਰ ਅਸੀਂ ਇਹ ਟੂਰਨਾਮੈਂਟ ਜਿੱਤ ਕੇ ਨਵੇਂ ਓਲੰਪਿਕ ਚੱਕਰ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਾਂ।’ ਚੀਨ ਮਗਰੋਂ ਭਾਰਤ ਆਪਣੇ ਦੂਜੇ ਮੈਚ ਵਿੱਚ ਨੌਂ ਸਤੰਬਰ ਨੂੰ ਪਿਛਲੇ ਸਾਲ ਦੇ ਉਪ ਜੇਤੂ ਮਲੇਸ਼ੀਆ, 12 ਸਤੰਬਰ ਨੂੰ ਕੋਰੀਆ ਅਤੇ 14 ਸਤੰਬਰ ਨੂੰ ਪਾਕਿਸਤਾਨ ਦਾ ਮੁਕਾਬਲਾ ਕਰੇਗਾ। ਸੈਮੀਫਾਈਨਲ ਅਤੇ ਫਾਈਨਲ 16 ਅਤੇ 17 ਸਤੰਬਰ ਨੂੰ ਖੇਡੇ ਜਾਣਗੇ। -ਪੀਟੀਆਈ