ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ: ਲਕਸ਼ਿਤਾ ਸਾਂਡਿਲਾ ਨੇ 1500 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ
ਯੇਚਿਓਨ (ਦੱਖਣੀ ਕੋਰੀਆ), 7 ਜੂਨ
ਭਾਰਤ ਦੀ ਲਕਸ਼ਿਤਾ ਵਿਨੋਦ ਸਾਂਡਿਲਾ ਨੇ ਇੱਥੇ ਏਸ਼ਿਆਈ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 1500 ਮੀਟਰ ਦੌੜ ਵਿੱਚ 4 ਮਿੰਟ 24.23 ਸਕਿੰਟਾਂ ਦੇ ਵਿਅਕਤੀਗਤ ਸਰਵੋਤਮ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ ਹੈ। ਸਾਂਡਿਲਾ ਦਾ ਇਸ ਤੋਂ ਪਹਿਲਾਂ ਵਿਅਕਤੀਗਤ ਸਰਵੋਤਮ ਸਮਾਂ 4 ਮਿੰਟ 26.48 ਸਕਿੰਟ ਸੀ ਜਿਸ ਵਿੱਚ ਉਸ ਨੇ ਦੋ ਸਕਿੰਟਾਂ ਦਾ ਸੁਧਾਰ ਕਰਦਿਆਂ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਪੰਜਵਾਂ ਸੋਨ ਤਗ਼ਮਾ ਦਿਵਾਇਆ। ਇਸ ਦੌਰਾਨ ਮੇਹਦੀ ਹਸਨ ਨੇ ਪੁਰਸ਼ਾਂ ਦੀ 1500 ਮੀਟਰ ਦੌੜ 3 ਮਿੰਟ 56.01 ਸਕਿੰਟਾਂ ਵਿੱਚ ਪੂਰੀ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ ਜਦਕਿ ਸ਼ਿਵਾਜ਼ੀ ਪਰਸ਼ੂ ਮਦੱਪਾਗੌਦਰਾ ਨੇ ਪੁਰਸ਼ਾਂ ਦੀ 5000 ਮੀਟਰ ਦੌੜ 14 ਮਿੰਟ 49.05 ਸਕਿੰਟਾਂ ‘ਚ ਪੂਰੀ ਕਰਦਿਆਂ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਜਿਸ ਨਾਲ ਭਾਰਤ ਦੇ ਤਗ਼ਮਿਆਂ ਦੀ ਗਿਣਤੀ ਵਧ ਕੇ 17 ਹੋ ਗਈ।
ਦੱਸਣਯੋਗ ਹੈ ਕਿ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਐਤਵਾਰ ਨੂੰ ਰੇਜ਼ੋਆਨਾ ਮਲਿਕ ਹੀਨਾ ਔਰਤਾਂ ਦੀ 400 ਮੀਟਰ ਦੌੜ ਅਤੇ ਭਰਤਪ੍ਰੀਤ ਸਿੰਘ ਨੇ ਡਿਸਕਸ ਥ੍ਰੋਅ ਮੁਕਾਬਲੇ ‘ਚ ਸੋਨ ਤਗ਼ਮੇ ਜਿੱਤੇ ਸਨ। ਸ਼ਾਟਪੁੱਟ ਵਿੱਚ ਸਿਧਾਰਥ ਚੌਧਰੀ ਨੇ ਸੋਮਵਾਰ ਨੂੰ ਸੋਨ ਤਗ਼ਮਾ ਜਿੱਤਿਆ ਜਦਕਿ ਸੁਨੀਲ ਕੁਮਾਰ ਨੇ ਮੰਗਲਵਾਰ ਨੂੰ ਡੈਕਾਥਲੌਨ ‘ਚ ਸੋਨ ਤਗ਼ਮਾ ਹਾਸਲ ਕੀਤਾ ਸੀ। -ਪੀਟੀਆਈ