ਏਸ਼ੀਆ ਕੱਪ: ਭਾਰਤੀ ਮਹਿਲਾ ਹਾਕੀ ਜੂਨੀਅਰ ਟੀਮ ਸੈਮੀਫਾਈਨਲ ਵਿੱਚ
ਕਾਕਾਮਿਗਾਹਾਰਾ (ਜਪਾਨ), 8 ਜੂਨ
ਭਾਰਤੀ ਮਹਿਲਾ ਹਾਕੀ ਜੂਨੀਅਰ ਟੀਮ ਨੇ ਆਪਣੇ ਆਖਰੀ ਪੂਲ ਮੈਚ ਵਿੱਚ ਚੀਨੀ ਤਾਇਪੇ ਨੂੰ 11-0 ਨਾਲ ਹਰਾ ਕੇ ਏਸ਼ੀਆ ਕੱਪ ਦੇ ਸੈਮੀ-ਫਾਈਨਲ ਵਿੱਚ ਦਾਖਲ ਹੋ ਗਈ ਹੈ। ਇਸ ਜਿੱਤ ਨਾਲ ਪੂਲ ‘ਏ’ ਵਿੱਚ ਭਾਰਤ ਦੀ ਸਿਖਰਲੀ ਥਾਂ ਵੀ ਪੱਕੀ ਹੋ ਗਈ ਹੈ। ਭਾਰਤ ਨੇ ਫਿਲਹਾਲ ਇਸ ਟੂਰਨਾਮੈਂਟ ਵਿੱਚ ਇਕ ਡਰਾਅ ਤੇ ਤਿੰਨ ਜਿੱਤਾਂ ਦਰਜ ਕੀਤੀਆਂ ਹਨ। ਆਖਰੀ ਪੂਲ ਮੈਚ ਵਿੱਚ ਵੈਸ਼ਨਵੀ ਵਿੱਠਲ ਫਾਲਕੇ ਨੇ ਪਹਿਲੇ ਮਿੰਟ ਵਿੱਚ ਗੋਲ ਦਾਗ ਦਿੱਤਾ ਜਦੋਂ ਕਿ ਦੀਪਿਕਾ ਨੇ ਤੀਸਰੇ ਮਿੰਟ ਵਿੱਚ, ਅਨੂ ਨੇ 10ਵੇਂ ਤੇ 52ਵੇਂ ਮਿੰਟ, ਰਤੁਜਾ ਦਾਦੋਸਾ ਪਿਸਲ ਨੇ 12ਵੇਂ ਮਿੰਟ, ਨੀਲਮ ਨੇ 19ਵੇਂ ਮਿੰਟ, ਮੰਜੂ ਚੌਰਸੀਆ ਨੇ 33ਵੇਂ ਮਿੰਟ, ਸੁਨੇਲਿਤਾ ਟੋਪੋ ਨੇ 43ਵੇਂ ਤੇ 57ਵੇਂ ਮਿੰਟ, ਦੀਪਿਕਾ ਸੋਰੇਂਗ ਨੇ 46ਵੇਂ ਮਿੰਟ ਤੇ ਮੁਮਤਾਜ ਖਾਨ ਨੇ 55ਵੇਂ ਮਿੰਟ ‘ਚ ਗੋਲ ਦਾਗੇ। ਵੈਸ਼ਨਵੀ ਨੇ ਪਹਿਲਾ ਫੀਲਡ ਗੋਲ ਕੀਤਾ ਜਿਸ ਤੋਂ ਬਾਅਦ ਦੀਪਿਕਾ ਨੇ ਪੈਨਲਟੀ ਗੋਲ ਕੀਤਾ। ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹੀ ਚਾਰ ਗੋਲਾਂ ਨਾਲ ਚੜ੍ਹਤ ਬਣਾ ਲਈ ਸੀ। ਦੂਜੇ ਕੁਆਰਟਰ ਵਿੱਚ ਨੀਲਮ ਨੇ ਗੋਲ ਕੀਤਾ। ਤੀਜੇ ਕੁਆਰਟਰ ਵਿੱਚ ਮੰਜੂ ਤੇ ਟੋਪੋ ਨੇ ਗੋਲ ਦਾਗੇ ਜਦੋਂ ਕਿ ਆਖਰੀ ਕੁਆਰਟਰ ਵਿੱਚ ਦੀਪਿਕਾ, ਅਨੂ, ਮੁਮਤਾਜ ਤੇ ਟੋਪੋ ਨੇ ਗੋਲ ਕੀਤੇ। -ਪੀਟੀਆਈ